ਫਗਵਾੜਾ 3 ਅਪ੍ਰੈਲ (ਸ਼ਿਵ ਕੋੜਾ) ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫਤਰ ਵਿਖੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀ ਗਡਕਰੀ ਨੂੰ ਗੁਲਦਸਤਾ ਭੇਂਟ ਕੀਤਾ ਅਤੇ ਦੇਸ਼ ਭਰ ‘ਚ ਬਣਾਏ ਜਾ ਰਹੇ ਉੱਚ ਕਵਾਲਿਟੀ ਦੇ ਰਾਜਮਾਰਗਾਂ ਦੀ ਸ਼ਲਾਘਾ ਕਰਦਿਆਂ ਲੋਈ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਅਰੁਣ ਖੋਸਲਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਬਦੌਲਤ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਉਨ੍ਹਾਂ ਦੀ ਦੂਰਅੰਦੇਸ਼ੀ ਦਾ ਹੀ ਨਤੀਜਾ ਹੈ ਕਿ ਯੂਰਪ ਅਤੇ ਅਮਰੀਕਾ ਦੀ ਤਰਜ਼ ’ਤੇ ਭਾਰਤ ਵਿਚ ਉੱਚ ਪੱਧਰੀ ਸੜਕਾਂ ਤੇ ਪੁਲ ਬਣਾਏ ਜਾ ਰਹੇ ਹਨ, ਨਾਲ ਹੀ ਲੋਕਾਂ ਨੂੰ ਟੋਲ ਪਲਾਜ਼ਿਆਂ ’ਤੇ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਾਉਣ ਲਈ ਫਾਸਟੈਗ ਤਕਨੀਕ ਨੂੰ ਵਰਤੋਂ ਵਿਚ ਲਿਆਂਦਾ ਗਿਆ ਹੈ। ਖੋਸਲਾ ਨੇ ਦੱਸਿਆ ਕਿ ਫਗਵਾੜਾ ਦੇ ਹਾਈਵੇਅ ਨਾਲ ਸਬੰਧਤ ਕੁਝ ਸਮੱਸਿਆਵਾਂ ਉਹਨਾਂ ਵਲੋਂ ਸ੍ਰੀ ਗਡਕਰੀ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਹਾਈਵੇਅ ਅਥਾਰਟੀ ਦੇ ਸਹਿਯੋਗ ਨਾਲ ਜਲਦੀ ਹਲ ਕਰਵਾਉਣ ਦਾ ਭਰੋਸਾ ਕੇਂਦਰੀ ਮੰਤਰੀ ਵਲੋਂ ਦਿੱਤਾ ਗਿਆ ਹੈ।
