ਚੁਣੇ ਗਏ 4161 ਅਧਿਆਪਕਾਂ ਨੂੰ ਸਟੇਸ਼ਨ ਅਲਾਟ ਕਰਕੇ ਤੁਰੰਤ ਸਕੂਲਾਂ ‘ਚ ਭੇਜਣ ਦੀ ਮੰਗ
ਦਲਜੀਤ ਕੌਰ

ਸੰਗਰੂਰ, 30 ਮਾਰਚ, 2023: 4161 ਮਾਸਟਰ ਕੇਡਰ ਯੂਨੀਅਨ ਦੀ ਸੂਬਾਈ ਮੀਟਿੰਗ ‘ਚ 2 ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੱਕਾ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਯੂਨੀਅਨ ਆਗੂ ਸੰਦੀਪ ਗਿੱਲ ਅਤੇ ਬਲਬੀਰ ਹੁਸ਼ਿਆਰਪੁਰ ਨੇ ਦੱਸਿਆ ਕਿ 5 ਜਨਵਰੀ ਨੂੰ ਲੁਧਿਆਣਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ, ਪਰ ਅੱਜ ਲਗਭਗ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਹੁਣ ਤੱਕ ਇਹਨਾਂ ਅਧਿਆਪਕਾਂ ਨੂੰ ਸਕੂਲਾਂ ਵਿੱਚ ਨਹੀਂ ਭੇਜਿਆ ਗਿਆ। ਇਹਨਾਂ ਅਧਿਆਪਕਾਂ ਵੱਲੋਂ ਸਕੂਲਾਂ ਵਿੱਚ ਭੇਜਣ ਦੀ ਮੰਗ ਨੂੰ ਲੈ ਕੇ ਸੰਗਰੂਰ ਵਿਖੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ। ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਬਹੁਤ ਸਾਰੇ ਅਧਿਆਪਕਾਂ ਨੇ ਆਪਣੀ ਪ੍ਰਾਈਵੇਟ ਨੌਕਰੀ ਛੱਡ ਦਿੱਤੀ ਸੀ। ਪਰ 3 ਮਹੀਨਿਆਂ ਤੋਂ ਸਕੂਲਾਂ ਵਿੱਚ ਜਾਣ ਤੋਂ ਉਡੀਕਦੇ ਹੋਏ ਇਹਨਾਂ ਅਧਿਆਪਕਾਂ ਦੀ ਆਰਥਿਕ ਹਾਲਤ ਵੀ ਖਰਾਬ ਹੋ ਚੁੱਕੀ ਹੈ। ਜਿਸ ਕਾਰਨ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਦੀ ਲੰਘ ਰਹੇ ਹਨ। ਸਰਕਾਰ ਨਾਲ ਰਾਬਤਾ ਕਰਨ ਤੇ ਇਹੋ ਜਵਾਬ ਮਿਲਦਾ ਹੈ ਕੇ ਜਲਦੀ ਹੀ 4161 ਅਧਿਆਪਕਾਂ ਨੂੰ ਸਕੂਲਾਂ ਵਿਚ ਭੇਜਿਆ ਜਾ ਰਿਹਾ ਹੈ, ਪਰ 3 ਮਹੀਨਿਆਂ ਤੋਂ ਇਹੋ ਭਰੋਸਾ ਸੁਣਦੇ ਸੁਣਦੇ ਅਧਿਆਪਕ ਅੱਕ ਚੁੱਕੇ ਹਨ।ਇਸ ਮੌਕੇ ਤੇ ਰਸ਼ਪਾਲ ਜਲਾਲਾਬਾਦ, ਅਲਕਾ ਫਗਵਾੜਾ, ਗੁਰਮੇਲ ਸਿੰਘ, ਬੀਰਬਲ ਸਿੰਘ, ਜਸਵਿੰਦਰ ਸਿੰਘ, ਇਕਬਾਲ ਮਾਲੇਰਕੋਟਲਾ, ਹਰਦੀਪ ਬਠਿੰਡਾ, ਮਾਲਵਿੰਦਰ ਬਰਨਾਲਾ, ਬਲਕਾਰ ਮਾਨਸਾ ਅਤੇ ਹੋਰ ਵੱਡੀ ਗਿਣਤੀ ਵਿਚ ਅਧਿਆਪਕ ਹਾਜਰ ਸਨ।