3 ਅਪ੍ਰੈਲ ਨੂੰ ਜ਼ਿਲਾ ਹੈਡ ਕੁਆਰਟਰਾਂ ‘ਤੇ ਧਰਨੇ ਦੇ ਕੇ ਮੰਗ ਪੱਤਰ ਸੌਂਪਣ ਦਾ ਫੈਸਲਾ
ਦਲਜੀਤ ਕੌਰ

ਚੰਡੀਗੜ੍ਹ, 30 ਮਾਰਚ, 2023: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਪੰਜਾਬ ‘ਚ ਇੰਨਟਨੈੱਟ ਸੇਵਾਵਾਂ ਬੰਦ ਕਰਕੇ, ਐਨ.ਆਈ.ਏ ਨੂੰ ਪੰਜਾਬ ਵਿੱਚ ਭੇਜ ਕੇ ਐਨ.ਐਸ.ਏ ਵਰਗੇ ਕਾਨੂੰਨ ਮੜ੍ਹ ਕੇ, ਕੇਂਦਰੀ ਸੁਰੱਖਿਆ ਬਲ ਸੱਦਣ ਤੇ ਉਹਨਾਂ ਦੇ ਫਲੈਗ ਮਾਰਚਾਂ ਰਾਹੀਂ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਇਸ ਦਹਿਸ਼ਤ ਦੇ ਮਾਹੌਲ ਖ਼ਿਲਾਫ਼ 3 ਅਪ੍ਰੈਲ ਨੂੰ ਜ਼ਿਲ੍ਹਾ ਹੈਡ-ਕੁਆਟਰਾਂ ‘ਤੇ ਰੋਸ ਪ੍ਰਦਰਸ਼ਨ ਕਰਨ ਅਤੇ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਹੈ ਜਿਸ ਦੀ ਤਿਆਰੀ ਵਜੋਂ 1 ਅਪ੍ਰੈਲ ਨੂੰ ਜੱਥੇਬੰਦੀ ਦੀ ਸੂਬਾ ਪੱਧਰੀ ਵਧਵੀਂ ਮੀਟਿੰਗ ਬਰਨਾਲਾ ਦੀ ਦਾਣਾ ਮੰਡੀ ਵਿੱਚ ਰੱਖੀ ਗਈ ਹੈ। ਮੀਟਿੰਗ ਵਿੱਚ ਜ਼ਿਲ੍ਹਾ/ਬਲਾਕ/ਪਿੰਡ ਕਮੇਟੀਆਂ ਅਤੇ ਔਰਤ ਆਗੂਆਂ ਸਮੇਤ ਸਰਗਰਮ ਵਰਕਰ ਸ਼ਾਮਲ ਹੋਣਗੇ। ਆਗੂਆਂ ਨੇ ਦੱਸਿਆ ਕਿ ਇਨ੍ਹਾਂ ਧਰਨਿਆਂ ਦੌਰਾਨ ਮੰਗ ਕੀਤੀ ਜਾਵੇਗੀ ਕਿ ਫਿਰਕਾਪ੍ਰਸਤੀ ਨਾਲ ਨਜਿੱਠਣ ਦੇ ਨਾਂ ਹੇਠ ਨੌਜਵਾਨਾਂ ‘ਤੇ ਲਾਇਆ NSA ਵਾਪਸ ਲਓ ਅਤੇ ਉਨ੍ਹਾਂ ਨੂੰ ਰਿਹਾਅ ਕਰੋ। ਪੰਜਾਬ ਵਿੱਚੋਂ ਕੇਂਦਰੀ ਸੁਰੱਖਿਆ ਬਲਾਂ ਨੂੰ ਤੁਰੰਤ ਵਾਪਸ ਬੁਲਾਓ, NIA ਅਤੇ ED ਵਰਗੀਆਂ ਏਜੰਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕਰੋ, ਪੰਜਾਬ ਅੰਦਰ ਖ਼ਾਲਸਤਾਨੀ ਲਹਿਰ ਦੇ ਵੱਡੇ ਉਭਾਰ ਦਾ ਝੂਠਾ ਬਿਰਤਾਂਤ ਸਿਰਜਣ ਵਾਲੀ ਮੁਹਿੰਮ ਤੁਰੰਤ ਬੰਦ ਕਰੋ, ਫਿਰਕੂ ਅਤੇ ਗੈਰਕਾਨੂੰਨੀ ਕਾਰਵਾਈਆਂ ਕਰਨ ਵਾਲੇ ਫਿਰਕੂ ਅਨਸਰਾਂ ਨੂੰ ਨੱਥ ਪਾਓ, ਫਿਰਕੂ ਪ੍ਰਚਾਰ ਰਾਹੀਂ ਭੜਕਾਹਟ ‘ਚ ਆਏ ਨਿਰਦੋਸ਼ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੋ ਅਤੇ ਪੰਜਾਬ ਦੇ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਵਾਲੀਆਂ ਫਿਰਕੂ ਤਾਕਤਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੋ।ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਬਣਾਉਣ ਲਈ ਸੁਝਾਅ ਵੀ ਮੰਗੇ ਗਏ ਸਨ ਤੇ ਜੱਥੇਬੰਦੀ ਦੁਆਰਾ 27 ਫ਼ਰਵਰੀ ਨੂੰ ਖੇਤੀਬਾੜੀ ਮੰਤਰੀ ਨੂੰ ਖੇਤੀ ਨੀਤੀ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਨਵੀਂ ਖੇਤੀ ਨੀਤੀ ਦਾ ਖਰੜਾ 31 ਮਾਰਚ ਨੂੰ ਪੇਸ਼ ਕਰਨਾ ਸੀ ਪਰ ਸਰਕਾਰ ਵੱਲੋਂ ਖਰੜਾ ਪੇਸ਼ ਕਰਨ ਦੀ ਮਿਆਦ 30 ਜੂਨ ਕਰ ਦਿੱਤੀ ਹੈ। ਇਸ ਦੇ ਮੁੱਦੇਨਜ਼ਰ ਜੱਥੇਬੰਦੀ ਵੱਲੋਂ 3 ਤੋਂ 7 ਅਪ੍ਰੈਲ ਤੱਕ ਪੰਜ ਰੋਜ਼ਾ ਦਿਨ ਰਾਤ ਦੇ ਪੱਕੇ ਮੋਰਚਿਆਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।