ਤਿੰਨ ਪੰਜਾਬੀ ਸ਼ੇਰਾਂ ਦੀ ਨੀਵੀਂ-ਪਵਾਊ ਕਰਤੂਤ
ਮਹਿਕਦੀਪ ਸਿੰਘ ਥਿੰਦ, ਅਮਨਦੀਪ ਸਿੰਘ ਸੋਖਲ ਅਤੇ ਕੁਲਵਿੰਦਰ ਸਿੰਘ ਫੋਨ ਕਾਲਾਂ ਰਾਹੀਂ ਕਰਦੇ ਸਨ ਫਰਾਡ

ਗਲਾਸਗੋ/ ਨਿਊਕੈਸਲ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਪੰਜਾਬੀਆਂ ਨੂੰ ਮਿਹਨਤਕਸ਼ ਭਾਈਚਾਰੇ ਵਜੋਂ ਸਤਿਕਾਰ ਮਿਲਦਾ ਆ ਰਿਹਾ ਹੈ। ਜਿਸ ਖਬਰ ਦਾ ਜਿਕਰ ਕਰਨ ਜਾ ਰਹੇ ਹਾਂ, ਉਹ ਸਿਰਫ ਨੀਵੀਂ ਪਵਾਉਣ ਲਈ ਹੀ ਕਾਫੀ ਨਹੀਂ ਸਗੋਂ ਪੰਜਾਬੀ ਭਾਈਚਾਰੇ ਅਤੇ ਦਸਤਾਰ ਦੇ ਕਿਰਦਾਰ ਨੂੰ ਵੀ ਢਾਅ ਲਾਉਣ ਵਾਲੀ ਹੈ। ਪੰਜਾਬ ਦੇ ਜੰਮੇ ਜਾਏ ਤਿੰਨ ਸ਼ੇਰ ਯੋਧਿਆਂ ਨੇ ਆਪਣੀ ਬਹਾਦਰੀ ਇਹ ਦਿਖਾਈ ਕਿ ਬਜ਼ੁਰਗਾਂ, ਤੁਰਨ ਫਿਰਨ ਤੋਂ ਅਸਮਰੱਥ ਲੋਕਾਂ ਜਾਂ ਮਾੜੀ ਮਾਨਸਿਕ ਸਿਹਤ ਵਾਲੇ ਲੋਕਾਂ ਨੂੰ ਫੋਨ ਕਾਲਾਂ ਰਾਹੀਂ ਗੁੰਮਰਾਹ ਕਰ ਕੇ £120,000 ਤੋਂ ਵਧੇਰੇ ਦੀ ਰਾਸ਼ੀ ਠੱਗਣ ‘ਚ ਕਾਮਯਾਬੀ ਹਾਸਲ ਕੀਤੀ ਸੀ। ਪਰ ਹਰਾਮ ਦੀ ਕਮਾਈ ਦਾ ਧੰਦਾ ਜਿਆਦਾ ਦੇਰ ਨਾ ਚੱਲਿਆ ਅਤੇ ਜਾਸੂਸਾਂ ਨੇ ਮਹਿਕਦੀਪ ਸਿੰਘ ਥਿੰਦ, ਅਮਨਦੀਪ ਸਿੰਘ ਸੋਖਲ ਅਤੇ ਕੁਲਵਿੰਦਰ ਸਿੰਘ ਦੀ ਪੈੜ ਨੱਪਣੀ ਸ਼ੁਰੂ ਕਰ ਲਈ। ਜਾਸੂਸਾਂ ਨੇ ਸਤੰਬਰ 2020 ਵਿੱਚ ਖੋਜ ਕੀਤੀ, ਕਿ ਪੂਰੇ ਉੱਤਰ ਪੂਰਬ ਅਤੇ ਪੱਛਮੀ ਯੌਰਕਸ਼ਾਇਰ ਵਿੱਚ ਬਜ਼ੁਰਗ ਅਤੇ ਕਮਜ਼ੋਰ ਪੀੜਤਾਂ ਨੂੰ ਇਹਨਾਂ ਪੰਜਾਬੀ ਸ਼ੇਰਾਂ (ਅਪਰਾਧੀਆਂ) ਦੁਆਰਾ ਨਿਸ਼ਾਨਾ ਬਣਾਇਆ ਗਿਆ ਸੀ ਜੋ ਕੋਰੀਅਰ ਧੋਖਾਧੜੀ ਨੂੰ ਅੰਜਾਮ ਦੇ ਰਹੇ ਸਨ।
ਇਸ ਘੁਟਾਲੇ ਵਿੱਚ ਉਕਤ ਦੋਸ਼ੀ ਆਪਣੇ ਆਪ ਨੂੰ ਪੁਲਿਸ ਅਫਸਰਾਂ, ਬੈਂਕ ਸਟਾਫ਼ ਅਤੇ ਅਥਾਰਟੀ ਦੇ ਹੋਰ ਮੁਲਾਜ਼ਮਾਂ ਵਜੋਂ ਪੇਸ਼ ਕਰਦੇ ਸਨ। ਉਹ ਪੀੜਤਾਂ ਨੂੰ ਟੈਲੀਫੋਨ ਕਾਲ ਕਰਦੇ ਸਨ ਅਤੇ ਉਨ੍ਹਾਂ ਨੂੰ ਯਕੀਨ ਦਿਵਾਉਂਦੇ ਸਨ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਘਪਲਾ ਹੋਇਆ ਹੈ। ਫਿਰ ਅਪਰਾਧੀ ਉਨ੍ਹਾਂ ਨੂੰ ਨਕਦੀ, ਕੀਮਤੀ ਵਸਤਾਂ ਅਤੇ ਬੈਂਕ ਵੇਰਵਿਆਂ ਦੇ ਰੂਪ ਵਿੱਚ “ਮਹੱਤਵਪੂਰਨ ਸਬੂਤ” ਦੇ ਕੇ ਜਾਂਚ ਵਿੱਚ ਮਦਦ ਕਰਨ ਲਈ ਕਹਿੰਦੇ ਸਨ। ਉਕਤ ਦੋਸ਼ੀ ਉਸ ਜਾਣਕਾਰੀ ਦੀ ਵਰਤੋਂ ਪੀੜਤਾਂ ਤੋਂ ਵੱਡੀ ਰਕਮ ਚੋਰੀ ਕਰਨ ਲਈ ਕਰਦੇ ਸਨ, ਜਿਸ ਵਿੱਚ ਉਹਨਾਂ ਨੂੰ ਡਾਕ ਰਾਹੀਂ ਕੀਮਤੀ ਸਮਾਨ ਅਤੇ ਨਕਦੀ ਭੇਜਣ ਲਈ ਕਹਿਣਾ ਵੀ ਸ਼ਾਮਲ ਹੈ। ਨੌਰਥ ਈਸਟ ਰੀਜਨਲ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੇ ਮਾਹਰ ਧੋਖਾਧੜੀ ਅਫਸਰਾਂ ਨੇ ਜਦੋਂ ਇਸ ਘੁਟਾਲੇ ਬਾਰੇ ਪਤਾ ਲੱਗਾ ਤਾਂ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੀ ਪੁੱਛ-ਪੜਤਾਲ ਨੇ ਉਨ੍ਹਾਂ ਨੂੰ ਮਹਿਕਦੀਪ ਥਿੰਦ (33), ਅਮਨਦੀਪ ਸੋਖਲ (36) ਅਤੇ ਕੁਲਵਿੰਦਰ ਸਿੰਘ (25) ਤੱਕ ਪਹੁੰਚਾਇਆ।
ਮਹਿਕਦੀਪ ਸਿੰਘ ਥਿੰਦ ਨੇ ਆਪਣੇ ਆਪ ਨੂੰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਮੰਨਿਆ ਹੈ। ਅਮਨਦੀਪ ਸਿੰਘ ਸੋਖਲ ਅਤੇ ਕੁਲਵਿੰਦਰ ਸਿੰਘ ਨੇ ਆਪਣੇ ਸਾਹਮਣੇ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਨਿਊਕੈਸਲ ਕਰਾਊਨ ਕੋਰਟ ਵਿੱਚ ਪੰਜ ਹਫ਼ਤਿਆਂ ਦੀ ਸੁਣਵਾਈ ਉਪਰੰਤ ਸੋਖਲ ਨੂੰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਕੁਲਵਿੰਦਰ ਸਿੰਘ ਨੂੰ ਪਿਛਲੇ ਸਾਲ ਦਸੰਬਰ ਵਿਚ ਮਨੀ ਲਾਂਡਰਿੰਗ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸ਼ੁੱਕਰਵਾਰ (3 ਮਾਰਚ) ਨੂੰ ਨਿਊਕੈਸਲ ਦੀ ਅਦਾਲਤ ਵਿੱਚ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ। ਮਹਿਕਦੀਪ ਸਿੰਘ ਥਿੰਦ ਦਾ ਲੰਡਨ ਵਿੱਚ ਕੋਈ ਨਿਸ਼ਚਿਤ ਟਿਕਾਣਾ ਨਹੀਂ ਹੈ, ਉਸਨੂੰ ਧੋਖਾਧੜੀ, ਮਨੀ ਲਾਂਡਰਿੰਗ ਅਤੇ ਝੂਠੀ ਆਈਡੀ ਰੱਖਣ ਲਈ ਸਾਜ਼ਿਸ਼ ਰਚਣ ਲਈ ਪੰਜ ਸਾਲ ਅਤੇ ਸੱਤ ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਐਲਨਬੀ ਰੋਡ, ਸਾਊਥਾਲ, ਲੰਡਨ ਦੇ ਅਮਨਦੀਪ ਸਿੰਘ ਸੋਖਲ ਨੂੰ ਧੋਖਾਧੜੀ, ਮਨੀ ਲਾਂਡਰਿੰਗ ਅਤੇ ਝੂਠੀ ਆਈਡੀ ਰੱਖਣ ਦੀ ਸਾਜ਼ਿਸ਼ ਲਈ ਚਾਰ ਸਾਲ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਓਲਡ ਕੋਟ ਡਰਾਈਵ, ਹੰਸਲੋ ਦੇ ਕੁਲਵਿੰਦਰ ਸਿੰਘ ਨੂੰ ਮਨੀ ਲਾਂਡਰਿੰਗ ਅਤੇ 240 ਘੰਟੇ ਕਮਿਊਨਿਟੀ ਸੇਵਾ ਦੇ ਨਾਲ ਲਟਕਵੀਂ ਸਜ਼ਾ ਸੁਣਾਈ ਗਈ ਸੀ।
ਨੇਰੋਕੂ ਡਿਟੈਕਟਿਵ ਕਾਂਸਟੇਬਲ ਐਂਡੀ ਸਮਿਥ ਵੱਲੋਂ ਅਪੀਲ
“ਇਹ ਇੱਕ ਘਿਨਾਉਣਾ ਅਪਰਾਧ ਹੈ ਜਿਸ ਵਿੱਚ ਬੇਰਹਿਮ ਅਪਰਾਧੀ ਸਾਡੇ ਭਾਈਚਾਰਿਆਂ ਦੇ ਸਭ ਤੋਂ ਕਮਜ਼ੋਰ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਮੈਂ ਪੀੜਤਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਸ ਕੇਸ ਦਾ ਸਮਰਥਨ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਨਿਆਂ ਦੀ ਜਿੱਤ ਹੋਈ।” ਹਮੇਸ਼ਾ ਦੀ ਤਰ੍ਹਾਂ ਅਸੀਂ ਕਿਸੇ ਵੀ ਵਿਅਕਤੀ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸੇ ਵੀ ਵਿਅਕਤੀ ਨਾਲ ਸੰਪਰਕ ਕਰਨ ਲਈ ਚਿੰਤਤ ਹੈ ਕਿ ਉਹ ਅਪਰਾਧ ਦਾ ਸ਼ਿਕਾਰ ਹੋਇਆ ਹੈ ਅਤੇ ਕਿਸੇ ਨੂੰ ਪੈਸੇ ਜਾਂ ਤੁਹਾਡੀ ਨਿੱਜੀ ਜਾਣਕਾਰੀ ਦੇਣ ਤੋਂ ਪਹਿਲਾਂ ਹਮੇਸ਼ਾ ਉਸ ਵਿਅਕਤੀ ਨਾਲ ਗੱਲ ਕਰੋ ਜਿਸ ‘ਤੇ ਤੁਸੀਂ ਭਰੋਸਾ ਕਰਦੇ ਹੋ।” ਪੁਲਿਸ ਅਧਿਕਾਰੀ ਜਾਂ ਤੁਹਾਡਾ ਬੈਂਕ ਤੁਹਾਨੂੰ ਪੈਸੇ ਸੌਂਪਣ, ਫੰਡ ਟ੍ਰਾਂਸਫਰ ਕਰਨ, ਜਾਂ ਡਾਕ ਰਾਹੀਂ ਨਕਦ ਅਤੇ ਕੀਮਤੀ ਚੀਜ਼ਾਂ ਭੇਜਣ ਲਈ ਕਦੇ ਨਹੀਂ ਪੁੱਛੇਗਾ। ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਕਾਲ ਮਿਲਦੀ ਹੈ, ਤਾਂ ਗੱਲਬਾਤ ਨਾ ਕਰੋ, ਕਾਲ ਕੱਟ ਕੇ ਤੁਰੰਤ ਇਸਦੀ ਰਿਪੋਰਟ ਕਰੋ।”