ਯੂਰਪੀ ਪੰਜਾਬੀ ਸੱਥ ਦੇ ਮੁੱਖ ਸੇਵਾਦਾਰ ਮੋਤਾ ਸਿੰਘ ਸਰਾਏ ਦੇ ਮਾਮਾ ਜੀ ਸਨ ਰਲ਼ਾ ਸਿੰਘ

ਜਲੰਧਰ (ਡਾ. ਰਾਮ ਮੂਰਤੀ/ ਪੰਜ ਦਰਿਆ ਬਿਊਰੋ) ਪਿੰਡ ਚੱਕ ਖ਼ੁਰਦ ਜ਼ਿਲ੍ਹਾ ਜਲੰਧਰ ਨਿਵਾਸੀ ਸਵਰਗੀ ਰਲ਼ਾ ਸਿੰਘ ਜੀ ਦੀ ਅੰਤਿਮ ਅਰਦਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਗਈ ਅਤੇ ਸ਼ਰਧਾਂਜਲੀ ਸਮਾਗ਼ਮ ਵੀ ਹੋਇਆ। ਜ਼ਿਕਰਯੋਗ ਹੈ ਕਿ ਸ.ਰਲ਼ਾ ਸਿੰਘ ਪੰਜਾਬੀ ਮਾਂ ਬੋਲੀ ਤੇ ਸੱਭਿਆਚਾਰ ਦੇ ਆਲਮਬਰਦਾਰ ਸ.ਮੋਤਾ ਸਿੰਘ ਸਰਾਏ, ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਕੁਲਵਿੰਦਰ ਸਿੰਘ ਸਰਾਏ ਤੇ ਪਿੰਡ ਬੋਪਾਰਾਏ ਕਲਾਂ ਦੇ ਸਰਪੰਚ ਸ. ਦਵਿੰਦਰ ਸਿੰਘ ਬੋਪਾਰਾਏ ਦੇ ਮਾਮਾ ਜੀ ਸਨ। ਸ਼ਰਧਾਂਜਲੀ ਸਮਾਗ਼ਮ ਸਮੇਂ ਬੋਲਦਿਆਂ ਸ.ਮੋਤਾ ਸਿੰਘ ਸਰਾਏ ਨੇ ਦੱਸਿਆ ਕਿ ਉਹ ਪੰਜਾਬ ਤਾਂ ਇਸ ਲਈ ਆਏ ਸੀ ਕਿ ਉਨ੍ਹਾਂ ਗੁਰੂ ਮਹਾਰਾਜ ਦਾ ਸ਼ੁਕਰਾਨਾਂ ਕਰਨਾਂ ਸੀ ਕਿਉਂਕਿ ਉਨ੍ਹਾਂ ਦੀ ਵੱਡੀ ਬੇਟੀ ਕੁਲਜੀਤ ਕੌਰ ਸਰਾਏ ਉਚੇਰੀ ਪੜ੍ਹਾਈ ਕਰ ਕੇ ਯੂ.ਕੇ. ਦੀ ਵਕੀਲ ਬਣੀ ਹੈ। ਉਸ ਦੀ ਇੱਛਾ ਸੀ ਕਿ ਉਹ ਹਰਿਮੰਦਰ ਸਾਹਿਬ ਜਾ ਕੇ ਵਾਹਿਗੁਰੂ ਦਾ ਸ਼ੁਕਰਾਨਾਂ ਕਰੇ। ਇਸ ਮਕਸਦ ਲਈ ਅਸੀਂ ਹਰਿਮੰਦਰ ਸਾਹਿਬ ਦੀ ਯਾਤਰਾ ਕੀਤੀ ਤੇ ਪਰਿਵਾਰ ਵਿਚ ਖ਼ੁਸ਼ੀਆਂ ਖੇੜਿਆਂ ਦਾ ਆਲਮ ਸੀ ਪਰ ਇਹ ਨਹੀਂ ਸੀ ਸੋਚਿਆ ਕਿ ਇਸ ਦੁੱਖ ਦੀ ਘੜ੍ਹੀ ‘ਚੋਂ ਵੀ ਗੁਜ਼ਰਨਾਂ ਪਵੇਗਾ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸ਼ਖ਼ਸੀਅਤ ਉਪਰ ਉਨ੍ਹਾਂ ਦੇ ਮਾਮਾ ਜੀ ਦਾ ਬੜਾ ਗਹਿਰਾ ਪ੍ਰਭਾਵ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਸੱਚੀ ਸੁਚੀ ਕਿਰਤ ਕਰਨ ਵਾਲੇ ਇਨਸਾਨ ਸਨ। ਜ਼ਮੀਨ ਜਾਇਦਾਦ ਵਿਚ ਬਰਾਬਰ ਦੇ ਹਿੱਸੇਦਾਰ ਉਨ੍ਹਾਂ ਦੇ ਮਾਮਾ ਜੀ ਕੰਮ ਸਾਰੇ ਪਰਿਵਾਰਕ ਮੈਂਬਰਾਂ ਤੋਂ ਕਿਤੇ ਵੱਧ ਕਰਿਆ ਕਰਦੇ ਸਨ। ਉਹ ਸਾਦਗੀ, ਸੰਜਮ ਤੇ ਮਿਹਨਤ ਦੇ ਮੁਜੱਸਮੇਂ ਸਨ। ਇਸ ਮੌਕੇ ਤੇ ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਸ. ਚੇਤਨ ਸਿੰਘ ਨੇ ਵੀ ਉਨ੍ਹਾਂ ਨੂੰ ਸਰਧਾਂਜਲੀ ਦਿੰਦਿਆਂ ਆਖਿਆ ਕਿ ਅਜਿਹੇ ਕਿਰਤੀ ਲੋਕ ਦੁਰਲਭ ਹੁੰਦੇ ਹਨ। ਪ੍ਰਸਿੱਧ ਚਿੰਤਕ ਡਾ.ਆਸਾ ਸਿੰਘ ਘੁੰਮਣ ਨੇ ਸਰਾਏ ਪਰਿਵਾਰ ਤੇ ਸ.ਮੋਤਾ ਸਿੰਘ ਸਰਾਏ ਨੂੰ ਜਜ਼ਬਾਤ ਦੀ ਸਿਖ਼ਰ ਤੱਕ ਰਿਸ਼ਤਿਆਂ ਨੂੰ ਨਿਭਾਉਣ ਵਾਲੇ ਦੱਸਿਆ ਤੇ ਸ.ਰਲ਼ਾ ਸਿੰਘ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਤੇ ਪਰਿਵਾਰ ਨੂੰ ਵਾਹਿਗੁਰੂ ਦਾ ਭਾਣਾ ਮੰਨਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ‘ਤੇ ਸਰਵਸ੍ਰੀ ਕੁਲਵਿੰਦਰ ਸਿੰਘ ਸਰਾਏ , ਪ੍ਰਸਿੱਧ ਪੰਜਾਬੀ ਕਵੀ ਸੁਰਿੰਦਰ ਮਖ਼ਸੂਸਪੁਰੀ, ਡਾ.ਪਰਮਜੀਤ ਸਿੰਘ ਮਾਨਸਾ, ਪੌਲ ਸੰਸਾਰਪੁਰੀ, ਦਵਿੰਦਰ ਸਿੰਘ ਸਰਪੰਚ ਬੋਪਾਰਾਏ ਕਲਾਂ ਤੇ ਪੰਚਾਇਤ ਮੈਂਬਰ, ਪੱਤਰਕਾਰ ਤੀਰਥ ਸਪਰਾ, ਅੰਮ੍ਰਿਤਪਾਲ ਸਿੰਘ ਸਰਾਏ, ਸ਼ੰਗਾਰਾ ਸਿੰਘ ਸਰਾਏ, ਲਾਟ ਭਿੰਡਰ ਕਨੇਡਾ, ਜਰਨੈਲ ਸਿੰਘ ਪ੍ਰਭਾਕਰ (ਹੈੱਡ ਗ੍ਰੰਥੀ ਯੂ.ਕੇ.) ਤਰਲੋਚਨ ਸਿੰਘ ਕਨੇਡਾ, ਕੁਲਦੀਪ ਸਿੰਘ ਸੇਖੋਂ (ਸਾਰੰਗੀ ਮਾਸਟਰ) ਆਦਿ ਵੱਡੀ ਗਿਣਤੀ ਵਿਚ ਪਿੰਡ ਚੱਕ ਖ਼ੁਰਦ ਦੇ ਵਸਨੀਕ, ਪਿੰਡ ਭੰਗਾਲਾ ਦੇ ਮੋਹਤਵਰ ਸੱਜਣ, ਰਿਸ਼ਤੇਦਾਰਾਂ ਵਿਚੋਂ ਜਸਵਿੰਦਰ ਸਿੰਘ ਸੰਧੂ ਪਿੰਡ ਸਰੀਂਹ ਤੋਂ, ਅਵਤਾਰ ਸਿੰਘ ਕਨੇਡਾ ਤੇ ਬੀਬੀਆਂ ਭੈਣਾਂ ਹਾਜ਼ਰ ਸਨ। ਪਰਿਵਾਰ ਵਲੋਂ ਆਈ ਸੰਗਤ ਲਈ ਚਾਹ ਪਾਣੀ ਅਤੇ ਲੰਗਰ ਦੀ ਵਿਵਸਥਾ ਕੀਤੀ ਗਈ ।ਸ਼ਰਧਾਂਜਲੀ ਸਮਾਗ਼ਮ ਦੇ ਮੰਚ ਦਾ ਸੰਚਾਲਨ ਡਾ.ਰਾਮ ਮੂਰਤੀ ਵਲੋਂ ਕੀਤਾ ਗਿਆ।