ਮੈਨੂੰ ਆਪਣੇ ਪੁਰਖਿਆਂ ਦੀਆਂ ਪ੍ਰੰਪਰਾਵਾਂ ਅਤੇ ਰਹਿਣੀ ਬਹਿਣੀ ਉੱਤੇ ਮਾਣ ਹੈ: ਅਜਾਇਬ ਸਿੰਘ ਚੱਠਾ
ਬਰੈਂਪਟਨ, ਕੈਨੇਡਾ ਵਿਖੇ ਜੂਨ 2023 ‘ਚ ਹੋਏਗੀ ਪੰਦਰਵੀਂ ਵਿਸ਼ਵ ਪੰਜਾਬੀ ਕਾਨਫਰੰਸ
ਮੈਂ ਖੰਡਤ ਨਹੀਂ, ਆਪਣੇ ਸਮਾਜ ਲਈ ਸਾਲਮ-ਸਬੂਤਾ ਮਨੁੱਖ ਹਾਂ: ਅਜਾਇਬ ਸਿੰਘ ਚੱਠਾ
ਮੈਂ ਜਨਮ-ਜਾਤ ਪੰਜਾਬੀ ਹਾਂ ਤੇ ਸੇਵਾ-ਭਾਵਨਾ ਵੀ ਮੇਰੇ ‘ਚ ਕੁੱਟ-ਕੁੱਟ ਕੇ ਭਰੀ ਹੋਈ ਹੈ

ਮੁਲਾਕਾਤੀ: ਹਰਦੇਵ ਚੋਹਾਨ (ਟੋਰਾਂਟੋ, ਕੈਨੇਡਾ)
ਹਰ ਬੰਦੇ ਨੂੰ ਆਪਣੇ ਸਮਾਜ ਤੇ ਲੋੜਵੰਦ ਹਮਸਾਇਆਂ ਲਈ ਸਰਦੀ, ਪੁੱਜਦੀ ਸੇਵਾ ਕਰਦੇ ਰਹਿਣਾ ਚਾਹੀਦਾ। ਕਨੇਡਾ ਹੋਵਾਂ ਤਾਂ ਪੰਜਾਬ ਭੁੱਲਿਆ ਰਹਿੰਦਾ… ਜੇ ਪੰਜਾਬ ਹੋਵਾਂ ਤਾਂ ਕਨੇਡਾ ਵਿਸਰਿਆ ਰਹਿੰਦਾ ਤੇ ਮੈਂ ਪੰਜ ਦਰਿਆਵਾਂ ਦੇ ਵਹਿਣਾਂ ਵਿੱਚ ਵਹਿੰਦਾ ਰਹਿੰਦਾ ਹਾਂ ਮੈਂ ਜਨਮ-ਜਾਤ ਪੰਜਾਬੀ ਹਾਂ ਤੇ ਮਾਨਵਤਾ ਲਈ ਸੇਵਾ-ਭਾਵਨਾ ਵੀ ਮੇਰੇ ‘ਚ ਕੁੱਟ-ਕੁੱਟ ਕੇ ਭਰੀ ਹੋਈ ਹੈ’… ਇਹ ਵਿਚਾਰ ਗਲੋਬ ਪਿੰਡ ਵਿੱਚ ਮਕਬੂਲ ਹੋ ਚੁੱਕੇ ਸਮਾਜ ਸੇਵਕ ਤੇ ਕਾਨੂੰਨਦਾਨ ਸਰਦਾਰ ਅਜੈਬ ਸਿੰਘ ਚੱਠਾ ਦੇ ਹਨ। ਉਨਾਂ ਦੇ ਜੀਵਨ ਦੇ ਹੋਰ ਪਹਿਲੂਆਂ ਉਤੇ ਚਾਨਣਾ ਪਾਉਂਦੀ ਹਰਦੇਵ ਚੌਹਾਨ ਨਾਲ ਹੋਈ ਵਿਸ਼ੇਸ਼ ਗਲਬਾਤ ਦੇ ਕੁਝ ਅੰਸ਼ ਇਥੇ ਪੇਸ਼ ਹਨ :
1. ਫਾਨੀ ਜਹਾਨ ਵਿਚ ਅੱਖਾਂ ਖੋਲ੍ਹਣ ਵਾਲਾ ਸਮਾ-ਸਥਾਨ ਤੇ ਥਿਤ-ਵਾਰ?
ਉ: ਢੰਡੋਵਾਲ, ਜ਼ਿਲ੍ਹਾ ਜਲੰਧਰ ਵਿਖੇ ਮੇਰਾ ਜਨਮ 28 ਨਵੰਬਰ 1957 ਨੂੰ ਹੋਇਆ।
2. ਇਸ ਧਰਤ ‘ਤੇ ਰੱਬ ਤੋਂ ਬਾਅਦ ਮਾਪਿਆਂ ਨੂੰ ਮੰਨਦੇ ਹੋਵੋਗੇ?
ਉ: ਰੱਬ ਤਾਂ ਕਿਸੇ ਨੇ ਵੇਖਿਆ ਨਹੀਂ ਪਰ ਮਾਂ, ਬਾਪ ਹੀ ਸਾਡੀਆਂ ਛਤਰੀਆਂ-ਛਾਵਾਂ ਹੁੰਦੇ।
3. ਬਚਪਨ ਕਿੰਨਾ ਕੁ ਯਾਦ ਏ ?
ਉ: ਚਾਰ ਸਾਲਾਂ ਦੀ ਉਮਰ ਤੋਂ ਬਾਅਦ ਵਾਲਾ ਸਾਰਾ ਬਚਪਨ ਯਾਦ ਹੈ… ਬੜਾ ਅਮੀਰ ਸੀ ਸਾਡਾ ਬਚਪਨ।
4. ਪੜ੍ਹਨ-ਗੁੜਨ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਕੁ ਮੁੱਕਿਆ?
ਉ: ਪਹਿਲੀ ਤੋਂ ਚੌਥੀ ਜਮਾਤ ਸਰਕਾਰੀ ਸਕੂਲ, ਢੰਡੋਵਾਲ, ਜਲੰਧਰ ਤੋਂ ਪਾਸ ਕੀਤੀ। ਅੱਠਵੀਂ ਜਮਾਤ ਪਬਲਿਕ ਸਕੂਲ ਸ਼ਾਹਕੋਟ ਤੋਂ, ਦਸਵੀਂ ਜਮਾਤ ਨੰਗਲ ਅੰਬੀਆਂ ਤੋਂ, ਬੀਏ ਗੁਰੂ ਨਾਨਕ ਨੈਸ਼ਨਲ ਕਾਲਜ ਨਕੋਦਰ ਤੋਂ ਅਤੇ ਐਲ ਐਲ ਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ ਸੀ।
5. ਕੋਈ ਘਟਨਾ/ਦੁਰਘਟਨਾ ਜਿਹੜੀ ਯਾਦ ਆਵੇ ਕਦੀ ਤਾਂ ਝੁਣਝੁਣੀ ਜਿਹੀ ਛੇੜ ਜਾਂਦੀ ਹੋਏ?
ਉ: ਜਿਕਰਯੋਗ ਵਾਕਿਆ ਤਾਂ ਕੋਈ ਨਹੀਂ ਪਰ ਫੇਰ ਵੀ ਜਦੋਂ ਇਨਸਾਨ ਸਰੀਰਕ ਤੌਰ ਤੇ ਬਾਕੀਆਂ ਨਾਲੋਂ ਤਗੜਾ ਹੋਵੇ ਤਾਂ ਕਈ ਤਰ੍ਹਾਂ ਦੀਆਂ ਮੁਸੀਬਤਾਂ ਤੋਂ ਬਚਾਅ ਰਹਿੰਦਾ।
6. ਜ਼ਿੰਦਗੀ ਵਿਚ ਕਿੱਤਾ ਪਰੀਵਰਤਨ ਆਏ ਹੋਣੇ? ਤੁਸੀਂ ਇਨ੍ਹਾਂ ਪਰੀਵਰਤਨਾਂ ਨੂੰ ਕਿਵੇਂ ਲਿਆ?
ਉ: ਮੈਂ ਡੀਪੀ ਐੱਡ ਕਰਕੇ ਮਾਸਟਰ ਬਣਨਾ ਚਾਹੁੰਦਾ ਸੀ ਪਰ ਪਿਤਾ ਸ੍ਰੀ ਦੇ ਕਹਿਣ ਉਤੇ ਕਾਨੂੰਨ ਦੀ ਪੜ੍ਹਾਈ ਪਾਸ ਕੀਤੀ ਤੇ 1981 ਤੋਂ ਬਾਅਦ ਹੁਣ ਤੱਕ ਇਸੇ ਖੇਤਰ ਵਿੱਚ ਨਿਰਵਿਘਨਤਾ ਨਾਲ ਕਾਰਜ ਨਿਭਾ ਰਿਹਾ ਹਾਂ।
7. ਸਫਲ ਪਿਤਾ, ਪਤੀ, ਕਾਨੂੰਨਦਾਨ ਜਾਂ ਇਕ ਪ੍ਰਬੰਧਕ ਹੋਣ ਤੋਂ ਪਹਿਲਾਂ ਤੁਸੀਂ ਨਿਮਰ ਜਿਹੇ ਸ਼ਖ਼ਸ ਵੀ ਵਿਖਾਈ ਦੇਂਦੇ ਹੋ। ਇਸ ਸ਼ਖ਼ਸੀਅਤ ਦਾ ਰਾਜ?
ਉ: ਆਪਣੇ ਕੰਮ ਨਾਲ ਮਤਲਬ ਰੱਖੋ। ਦੂਜਿਆਂ ਦੀ ਜਿੰਦਗੀ ਵਿੱਚ ਦਖਲ ਨਾ ਦਿਉ। ਹਰੇਕ ਇਨਸਾਨ ਖਾਸ ਹੁੰਦਾ। ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ।
8. ਆਮ ਲੋਕਾਂ ਦਾ ਦੁਖ-ਦਰਦ ਦੂਰ ਕਰਨ ਵਾਲੇ ਸਫਰ ਦੀ ਸ਼ੁਰੂਆਤ ਕਦੋਂ ਤੇ ਕਿਉਂ ਹੋਈ?
ਉ: ਕਿਸੇ ਦੇ ਕੰਮ ਆਉਣ ਉੱਤੇ ਮੈਨੂੰ ਬੜੀ ਖੁਸ਼ੀ ਮਿਲਦੀ। ਸ਼ੁਰੂ ਤੋਂ ਹੀ ਕਿਸੇ ਇਨਸਾਨ ਦੇ ਗੁਣ ਵੇਖ ਕੇ ਉਸ ਦੀ ਤਰੀਫ ਕਰਨਾ ਚੰਗਾ ਹੁੰਦਾ। ਦੂਸਰੇ ਦੇ ਚਿਹਰੇ ਤੇ ਮੁਸਕਰਾਹਟ ਲਿਆਉਣਾ ਵੀ ਮੈਨੂੰ ਬਹੁਤ ਚੰਗਾ ਲੱਗਦਾ।
9. ਸਮਾਜ ਸੇਵਾ ਦੀ ਸੂਚੀ ਵਿੱਚ ਕਿਹੜੇ, ਕਿਹੜੇ ਅਹਿਮ ਤੇ ਜਿਕਰਯੋਗ ਕਾਰਜ ਸ਼ਾਮਲ ਨੇ?
ਉ: ਪਿੰਡ ਵਿਚ ਕਬੱਡੀ ਟੂਰਨਾਮੈਂਟ ਸ਼ੁਰੂ ਕਰਵਾਏ। ਪੰਜਾਬੀ ਦੇ ਪਸਾਰ ਲਈ ਕਾਰਜ ਕੀਤੇ। ਪੰਜਾਬੀ ਸਾਹਿਤ ਦੀ ਚੰਗੇਰੀ ਤੇ ਮਿਆਰੀ ਸਿਰਜਣਾ ਵਿਚ ਬਣਦਾ-ਸਰਦਾ ਯੋਗਦਾਨ ਪਾਇਆ ਜਾ ਰਿਹਾ। ਗਲੋਬ ਪਿੰਡ ਵਿਚ ਨਿਮਰ ਤੇ ਅਹਿਮ ਸ਼ਖਸੀਅਤਾਂ ਨੂੰ ਵਡਿਆਉਣਾ ਮੇਰੀ ਕਮਜ਼ੋਰੀ ਰਹੀ ਹੈ।
10. ਸੁਫਨੇ ਸਾਰੇ ਸਾਕਾਰ ਹੋ ਗਏ ਹੋਣੇ ਕਿ ਕੁਝ ਸਾਕਾਰ ਹੋਣੇ ਬਾਕੀ ਨੇ?
ਉ: ਰੱਬ ਜੀ ਨੇ ਮੈਨੂੰ ਮੇਰੀ ਔਕਾਤ ਨਾਲੋਂ ਵੱਧ ਦਿੱਤਾ ਹੈ। ਨਾਮ, ਪਰਿਵਾਰਕ ਸੁੱਖ ਅਤੇ ਸ਼ੋਹਰਤ ਨਾਲ ਮੈਂ ਮਾਲਾਮਾਲ ਹਾਂ। ਜਿੰਨੀ ਹਿੰਮਤ ਬਖਸ਼ੀ ਹੈ, ਸੇਵਾ ਕਾਰਜ ਨਿਭਾਈ ਜਾ ਰਿਹਾਂ। ਮੈਥੋਂ ਚੰਗੇ ਕਾਰਜ ਹੁੰਦੇ ਰਹਿਣ, ਇਹੋ ਇੱਛਾ ਹੈ।
11. ਪੁੰਨ ਕਾਰਜਾਂ ਦੀ ਸ਼ੁਰੂਆਤ ਪਿੱਛੇ ਕਿਸੇ ਸੱਸੀ, ਸੋਹਣੀ ਦਾ ਹੱਥ ਹੋਣਾ?
ਉ: ਕੋਈ ਸੱਸੀ, ਸੋਹਣੀ ਨਹੀਂ, ਜੀਵਨ ਸਾਥੀ ਸ੍ਰੀਮਤੀ ਬਲਵਿੰਦਰ ਕੌਰ ਚੱਠਾ, ਹਮੇਸ਼ਾ ਮੇਰੀ ਪ੍ਰੇਰਨਾ-ਸਰੋਤ ਰਹੀ ਹੈ।
12. ਹੁਣ ਤੁਸੀਂ ਕੈਨੇਡਾ ‘ਚ ਬੈਠੇ ਹੋ। ਜਨਮ ਭੋਂਇ ‘ਪੰਜਾਬ’ ਵੀ ਸੁਫਨਿਆਂ ‘ਚ ਵੱਸਦਾ ਹੋਣਾ? ਬਹੁ ਦਿਸ਼ਾਵਾਂ ਵਲ ਚਲਦੀ ਜੀਵਨ-ਬੇੜੀ ਕੀ ਬੰਨੇ ਲੱਗ ਚੁਕੀ?
ਉ: ਸ਼ਾਇਦ ਮੇਰੇ ‘ਚ ਇਕ ਵੱਡਾ ਨੁਕਸ ਹੈ ਕਿ ਜਿੱਥੇ, ਕਿਤੇ ਹੁੰਦਾ ਹਾਂ, ਹੋਲੀ-ਸੋਲੀ ਉਥੇ ਦਾ ਹੀ ਹੁੰਦਾ ਹਾਂ। ਸੋ ਜੀਵਨ-ਬੇੜੀ ਸੁਹਣੀ ਚਾਲੇ ਚੱਲ ਰਹੀ।
13. ਅਪਣੇ ਵੇਲਿਆਂ ਦੀ ਤੁਹਾਡੀ ਕੋਈ ਕਿਰਤ? ਕੋਈ ਯਾਦਗਾਰੀ ਕਾਰਨਾਮਾ ਜੋ ਅੱਜ ਵੀ ਚੇਤਿਆਂ ‘ਚ ਖੁਣਿਆ ਹੋਏ?
ਉ: ਗਲੋਬ ਪਿੰਡ ਵਿਚ ਵੱਸਦੇ ਪੰਜਾਬੀਆਂ ਲਈ ਚਾਰ ਭਾਸ਼ਾਵਾਂ ਵਿੱਚ ‘ਕਾਇਦਾ ਏ ਨੂਰ’ ਤਿਆਰ ਕਰਨ ਤੇ ਮੈਨੂੰ ਬੜਾ ਫਖਰ ਹੈ।
14. ਸੁਣਿਆ ਹੈ ਕਿ ਕੁਝ ਪ੍ਰਵਾਸੀ ਸਮਾਜ ਸੇਵਕ, ਸਾਹਿਤਕਾਰ ਤੇ ਸਿਆਸਤਦਾਨ ਮਾਇਆ ਦੇ ਜੋਰ ਪੰਜਾਬ ਜਾ ਕੇ ਚਰਚਾ ਕਰਵਾਉਂਦੇ ਤੇ ਫਿਰ ਤਿਕੱੜਮਬਾਜ਼ੀ ਨਾਲ ਇਨਾਮ-ਇਕਰਾਮ ਤੇ ਲੋਈਆਂ, ਦੁਸ਼ਾਲੇ ਵੀ ਹੱਥਿਆਉਂਦੇ। ਕੀ ਇਹ ਰੁਝਾਨ ਸਹੀ ਹੈ?
ਉ: ਕਿਸੇ ਨੇ ਕੋਈ ਚੰਗਾ ਕਾਰਜ ਕੀਤਾ ਹੈ ਤਾਂ ਉਸ ਦੀ ਪ੍ਰਸੰਸਾ ਹੋਣੀ ਚਾਹੀਦੀ ਹੈ। ਇਨਾਮ-ਇਕਰਾਮ ਮਿਲਣੇ ਚਾਹੀਦੇ। ਮੈਂ ਧਿੱਗੋਜੋਰੀ ਪ੍ਰਾਪਤ ਕੀਤੇ ਜਾਣ ਵਾਲੇ ਇਨਾਮਾਂ-ਸਨਮਾਨਾਂ ਦੇ ਹੱਕ ਵਿਚ ਨਹੀਂ।
15. ਆਵਾਸ-ਪਰਵਾਸ ਦੌਰਾਨ ਕੋਈ ਨਿੱਜੀ ਘਟਨਾ ਜਿਹੜੀ ਨਾ ਘਟਦੀ ਤਾਂ ਅਜੋਕਾ ਜੀਵਨ ਬੜਾ ਭਾਰ-ਮੁਕਤ ਹੁੰਦਾ ?
ਉ: ਜ਼ਿੰਦਗੀ ਸਿੱਧੀਆਂ ਰੇਖਾਵਾਂ ‘ਚ ਨਹੀਂ ਚਲਦੀ । ਉਤਰਾਅ, ਚੜਾਅ ਆਉਂਦੇ ਰਹਿੰਦੇ । ਚੰਗੇ, ਮਾੜੇ ਹਾਦਸੇ ਹੁੰਦੇ ਰਹਿੰਦੇ । ਕਿਸੇ ਇਨਸਾਨ ਦਾ ਐਟੀਚਿਊਟ ਹੀ ਸਾਰੇ ਮਸਲੇ ਹੱਲ ਕਰਨ ਵਿਚ ਸਹਾਇਕ ਹੁੰਦਾ ।
16. ਪੰਜਾਬ ਇਨੀਂ ਦਿਨੀਂ ਤੇਜੀ ਨਾਲ ਸੁੰਗੜ ਰਿਹਾ… ਇਸਦੇ ਉਲਟ ਕੈਨੇਡਾ, ਅਮਰੀਕਾ ਵਿਗਸ, ਫੈਲ ਰਹੇ । ਆਵਾਸ-ਪਰਵਾਸ ਦਾ ਇਹ ਮੌਜੂਦਾ ਰੁਝਾਨ ਕੀ ਸਹੀ ਹੈ?
ਉ: ਆਵਾਸ-ਪਰਵਾਸ ਦਾ ਰੁਝਾਨ ਸਦੀਆਂ ਪੁਰਾਣਾ ਹੈ। ਚੰਗੇਰੇ ਭਵਿੱਖ ਲਈ ਪਰਵਾਸ ਸ਼ੁਭ ਸ਼ਗਨ ਵੀ ਹੈ ।
17. ਸੁਨਹਿਰੇ ਭਵਿੱਖ ਦੀ ਆਸ ਵਿਚ ਇਥੇ ਕੈਨੇਡਾ ਆਉਣ ਵਾਲੇ ਪੰਜਾਬੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਯਥਾਯੋਗ ਸਥਾਪਤੀ ਲਈ ਕੋਈ ਮਸ਼ਵਰਾ?
ਉ: ਇੱਥੇ ਆਉਣ ਵਾਲੇ ਸਾਡੇ ਬੱਚੇ ਸਿਆਣੇ ਨੇ । ਕਾਇਦੇ, ਕਨੂੰਨ ਵਿੱਚ ਰਹਿ ਕੇ ਏਥੇ ਪੜ੍ਹਾਈ-ਲਿਖਾਈ ਕਰਨਗੇ ਤਾਂ ਸਫ਼ਲਤਾ ਉਨਾਂ ਦੇ ਪੈਰ ਚੁੰਮੇਗੀ। ਇਥੇ 95 ਫੀ ਸਦੀ ਵਿਦਿਆਰਥੀ ਸਿਆਣੇ ਨੇ । 5 ਫ਼ੀ ਸਦੀ ਵਿਦਿਆਰਥੀ ਇਥੇ ਗੜਬੜ ਕਰਦੇ ਤੇ ਆਪਣੀਆਂ ਗਲਤੀਆਂ ਦਾ ਖਮਿਆਜਾ ਭੁਗਤ ਕੇ ਵਾਪਸ ਚਲੇ ਜਾਂਦੇ ਨੇ ।ਫਿਰਵੀ ਸੁਭਾਅ ਦੇ ਮੁਤਾਬਕ ਇੱਥੇ ਸਾਰਾ ਕੁਝ ਠੀਕ ਚੱਲ ਰਿਹਾ ।
18. ਆਪੋ ਆਪਣੇ ਕਾਰਜ ਖੇਤਰ ਵਿਚ ਹਰ ਕਿਸੇ ਨੇ ਕੋਈ ਨਾ ਕੋਈ ਖਾਹਸ਼ ਪੂਰਤੀ ਕਰਨੀ ਹੁੰਦੀ, ਦਰਜਾ-ਮੁਕਾਮ ਹਾਸਲ ਕਰਨਾ ਹੁੰਦਾ । ਕੀ ਤੁਸੀਂ ਮੁਕੰਮਲ ਹੋ ਚੁਕੇ?
ਉ: ਅੱਜ ਤੀਕ ਕੀਤੇ ਹੋਏ ਕਾਰਜ਼ ਉੱਤੇ ਪੂਰੀ ਤਸੱਲੀ ਹੈ ਤੇ ਨਾਲ ਹੀ ਹੋਰ ਚੰਗੇਰਾ ਕਰਨ ਨੂੰ ਵੀ ਦਿਲ ਕਰਦਾ ਰਹਿੰਦਾ ।
19. ਅੱਜ ਵਾਲੇ ਸਫਲ ਕਾਨੂੰਨਦਾਨ ਤੇ ਖੁਸ਼ਹਾਲ ਕੈਨੇਡੀਅਨ ਸਰਦਾਰ ਅਜਾਇਬ ਸਿੰਘ ਚੱਠਾ ਦੀ ਸਫਲਤਾ ਦਾ ਰਾਜ ?
ਉ: ਸਚੇ ਪਾਤਸ਼ਾਹ ਦਾ ਮਿਹਰ ਭਰਿਆ ਹੱਥ !
20. ਬਰੈਂਪਟਨ, ਕੈਨੇਡਾ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਆਯੋਜਿਤ ਕਰਵਾ ਰਹੇ ਹੋ । ਇਸ ਦੀ ਰੂਪ-ਰੇਖਾ ਅਤੇ ਕਾਰ-ਵਿਹਾਰ ਬਾਰੇ ਚਾਨਣਾ ਪਾਉਣ ਦੀ ਕਿਰਪਾਲਤਾ ਕਰਿਉ ?
ਉ: ਜਗਤ ਪੰਜਾਬੀ ਸਭਾ ਦੁਆਰਾ23, 24 ਅਤੇ 25 ਜੂਨ 2023 ਨੂੰ ਨੌਵੀਂ ਤਿੰਨ ਰੋਜਾ ‘ਵਰਲਡ ਪੰਜਾਬੀ ਕਾਨਫਰੰਸ’ ਕਰਵਾਈ ਜਾ ਰਹੀ ਹੈ ਜਿਸ ਦਾ ਵਿਸ਼ਾ ‘ਪੰਜਾਬੀ ਭਾਸ਼ਾ ਦੀ ਸਿੱਖਿਆ ਦਾਪਸਾਰਾ’ ਹੋਏਗਾ… ਚਾਹਤ ਹੈ ਕਿ ਗਲੋਬਲ ਪਿੰਡ ਵਿੱਚ ਹਰੇਕ ਪੰਜਾਬੀ ਨੂੰ ਗੁਰਮੁਖੀ ਦੀ ‘ਵਰਣਮਾਲਾ’ ਆਉਣੀ ਚਾਹੀਦੀ ਤੇ ਪੰਜਾਬੀ ਸਭਿਆਚਾਰ ਦਾ ਗਿਆਨ ਹੋਣਾ ਚਾਹੀਦਾ। ਇਹ ਕੋਸ਼ਿਸ਼ ਆਖਰੀ ਸੁਆਸਾਂ ਤਕ ਜਾਰੀ ਰਹੇਗੀ।
ਮੋਬਾਈਲ: +91 7009857708



