ਸਾਊਥਾਲ (ਪੰਜ ਦਰਿਆ ਬਿਊਰੋ) ਯੂਕੇ ਵਿੱਚ ਪੰਜਾਬੀ ਸੰਗੀਤ ਨੂੰ ਨਵੇਂ ਸਿਖਰਾਂ ’ਤੇ ਪਹੁੰਚਾਉਣ ਵਾਲੇ ‘ਹੀਰਾ ਗਰੁੱਪ’ ਦੇ ਪ੍ਰਸਿੱਧ ਗਾਇਕ ਹੀਰਾ ਪਲਵਿੰਦਰ ਧਾਮੀ ਕਰੋਨਾ ਦੇ ਲੰਬੇ ਵਕਫ਼ੇ ਬਾਅਦ ਆਪਣੀ ਨਵੀਂ ਫ਼ਿਲਮ ‘ਹਵੇਲੀ ਇਨ ਟਰਬਲ’ ਰਾਹੀਂ ਧਮਾਕੇਦਾਰ ਵਾਪਸੀ ਕਰ ਰਹੇ ਹਨ ਜੋ ਜਨਵਰੀ 2023 ਦੇ ਪਹਿਲੇ ਹਫ਼ਤੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਯੈਸਮੈਨ ਫ਼ਿਲਮਜ਼ ਅਤੇ ਐਫ਼.ਐਨ. ਸਟੂਡੀਓ ਅਸਟਰੇਲੀਆ ਪ੍ਰੋਡਕਸ਼ਨਜ਼ ਦੀ ਫ਼ਿਲਮ ‘ਹਵੇਲੀ ਇਨ ਟਰਬਲ’ ਦੀ ਕਹਾਣੀ ਪ੍ਰਵਾਸੀਆਂ ਦੇ ਅਧਾਰਿਤ ਹੈ ਜੋ ਆਪਣੇ ਪਰਖਿਆਂ ਦੀਆਂ ਹਵੇਲੀਆਂ ਅਤੇ ਵੱਡੇ ਵੱਡੇ ਘਰ ਛੱਡ ਕੇ ਵਿਦੇਸ਼ਾਂ ਵਿੱਚ ਬੈਠੇ ਹਨ ਜਿਨ੍ਹਾਂ ਦੀਆਂ ਜਾਇਦਾਦਾਂ ਹੱੜਪਣ ਲਈ ਪਿੱਛੇ ਬੈਠੇ ਲੋਕ ਕਿਵੇਂ ਪ੍ਰੇਸ਼ਾਨ ਕਰਦੇ ਹਨ। ਇਹ ਫ਼ਿਲਮ ਪ੍ਰਦੇਸੀ ਪੰਜਾਬੀਆਂ ਦੇ ਅਹਿਮ ਮੁੱਦਿਆਂ ਨੂੰ ਗੰਭੀਰਤਾ ਨਾਲ ਦਿਖਾਉਣ ਦੇ ਨਾਲ ਨਾਲ ਮਨੋਰੰਜਨ ਵੀ ਪੇਸ਼ ਕਰੇਗੀ ਜਿਸ ਵਿੱਚ ਅਦਾਕਾਰ ਲਖਵਿੰਦਰ ਸਿੰਘ, ਹੀਰਾ ਪਲਵਿੰਦਰ ਧਾਮੀ (ਯੂ.ਕੇ), ਹਰਜੀਤ ਵਾਲੀਆ, ਪਰੈਡ ਵਾਟਸ, ਸੁਮਿਤ ਮਾਣਕ, ਸੁਸ਼ਮਾ ਪ੍ਰਸ਼ਾਤ, ਗੁਰਪ੍ਰੀਤ ਕੌਰ ਭੰਗੂ, ਸਤਵੰਤ ਕੌਰ, ਰਾਜੇਸ਼ ਭਾਟੀ, ਅਰਵਿੰਦਰ ਭੱਟੀ ਅਤੇ ਸਮਰਾਟ ਕਪੂਰ ਨੇ ਅਹਿਮ ਰੋਲ ਨਿਭਾਏ ਹਨ। ਉੱਘੇ ਨਿਰਦੇਸ਼ਕ ਦੇਵੀ ਸ਼ਰਮਾ ਅਤੇ ਕਹਾਣੀਕਾਰ ਖੁਸ਼ਬੂ ਸ਼ਰਮਾ ਦੀ ਅਗਵਾਈ ਵਿੱਚ ਬਣੀ ਇਸ ਫ਼ਿਲਮ ਦੇ ਜਨਮਦਾਤਾ (ਪ੍ਰਡਿੳੂਸਰ) ਸੁਮਿਤ ਮਾਣਕ ਹਨ। ਗੀਤ ਦਲਜੀਤ ਅਰੋੜਾ, ਡੀ.ਜੇ ਨਰਿੰਦਰ ਤੇ ਸੁਨੀਲ ਸ਼ਰਮਾ ਨੇ ਲਿਖੇ ਹਨ ਜਿਨ੍ਹਾਂ ਨੂੰ ਸੁਰੀਲੀਆਂ ਅਵਾਜ਼ਾਂ ਰਾਣਾ ਰਣਵੀਰ, ਸੁਨੀਲ ਸ਼ਰਮਾ ਤੇ ਡਿੱਕਾ ਸਿੰਘ ਨੇ ਦਿੱਤੀਆਂ ਹਨ। ਉਮੀਦ ਹੈ ਕਿ ਇਹ ਫ਼ਿਲਮ ਹਰ ਵਰਗ ਦੇ ਲੋਕਾਂ ਦੀ ਪਹਿਲੀ ਪਸੰਦ ਬਣੇਗੀ ਕਿਉਕਿ ਫ਼ਿਲਮ ਨੂੰ ਕਾਮੇਡੀ ਦਾ ਬਾਖੂਬ ਤੜਕਾ ਲਗਾਇਆ ਗਿਆ ਹੈ।