8.9 C
United Kingdom
Saturday, April 19, 2025

More

    ਵਲੈਤ ਦਾ ਨਾਮਵਰ ਪੰਜਾਬੀ ਨਾਵਲਕਾਰ “ਸ਼ਿਵਚਰਨ ਜੱਗੀ ਕੁੱਸਾ”

    ਹਰਮੀਤ ਸਿੰਘ ਅਟਵਾਲ

    ਆਪਣੀ ਪੁਸਤਕ ‘ਚਾਰ ਵਰ੍ਹੇ’ ਦੇ ਪੰਨਾ ਨੰ: 59 ਉੱਪਰ ਉੱਘੇ ਸਾਹਿਤਕਾਰ ਸੰਤੋਖ ਸਿੰਘ ਧੀਰ ਨੇ ਲਿਖਿਆ ਹੈ ਕਿ ਲੇਖਕ ਹੋਣ ਦੀ ਪਹਿਲੀ ਸ਼ਰਤ ਪ੍ਰਤਿਭਾਸ਼ਾਲੀ ਹੋਣਾ ਹੈ, ਦੂਜੀ ਕਰੜੀ ਸਾਧਨਾ। ਲਿਖਣਾ ਸ਼ੁਗਲ ਮੇਲਾ ਨਹੀਂ, ਖਾਲਾ ਜੀ ਦਾ ਵਾੜਾ ਨਹੀਂ, ਤਪੱਸਿਆ ਹੈ, ਭਗਤੀ ਹੈ, ਜੀਵਨ ਦਾ ਸਮਰਪਣ ਹੈ। ਇਸ ਲਈ ਬੜੇ ਠਰੰਮੇ ਦੀ ਤੇ ਬੜੀ ਧੀਰਜ ਦੀ ਲੋੜ ਹੈ ਤੇ ਇਕ ਅਥਾਹ ਲਗਨ ਦੀ ਵੀ। ਧੀਰ ਸਾਹਿਬ ਵੱਲੋਂ ਚੰਗੇ ਲੇਖਕ ਹੋਣ ਦੇ ਦੱਸੇ ਇਹ ਲਗਭਗ ਸਾਰੇ ਗੁਣ ਸਾਡੇ ਵਲੈਤ ‘ਚ ਵੱਸਦੇ ਨਾਮਵਰ ਪੰਜਾਬੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਵਿਚ ਹਨ, ਜਿਨ੍ਹਾਂ ਦੀ ਪੁਸ਼ਟੀ ਉਸ ਦੇ ਨਾਵਲਾਂ ਦਾ ਇਕਾਗਰਚਿਤ ਅਧਿਐਨ ਕਰਨ ਉਪਰੰਤ ਸਹਿਜੇ ਹੀ ਹੋ ਜਾਂਦੀ ਹੈ।
    ਸ਼ਿਵਚਰਨ ਜੱਗੀ ਕੁੱਸਾ ਦਾ ਜਨਮ 1 ਅਕਤੂਬਰ 1965 ਈਸਵੀ ਨੂੰ ਪਿਤਾ ਪੰਡਿਤ ਬਰਮਾਨੰਦ ਜੀ ਤੇ ਮਾਤਾ ਸ੍ਰੀਮਤੀ ਗੁਰਨਾਮ ਕੌਰ ਜੀ ਦੇ ਘਰ ਪਿੰਡ ਕੁੱਸਾ ਜ਼ਿਲ੍ਹਾ ਮੋਗਾ ਵਿਖੇ ਹੋਇਆ। ਜੱਗੀ ਦੀ ਵਿਦਿਅਕ ਯੋਗਤਾ ਮੈਟ੍ਰਿਕ (ਪੰਜਾਬ) ਤੇ ਚਾਰ ਸਾਲ ਆਈ. ਐਫ. ਕੇ. ਯੂਨੀਵਰਸਿਟੀ ਆਸਟਰੀਆ (ਯੂਰਪ) ਦੀ ਹੈ। ਵਰ੍ਹਿਆਂ ਤੋਂ ਵਿਦੇਸ਼ਾਂ ‘ਚ ਵਿਚਰ ਰਿਹਾ ਸਾਡਾ ਇਹ ਨਾਵਲਕਾਰ ਬੜੇ ਅਮੀਰ ਅਨੁਭਵ ਨਾਲ ਲੈਸ ਹੈ। ਅੱਜਕਲ੍ਹ ਉਸ ਦਾ ਵਾਸਾ ਲੰਦਨ ਵਿਚ ਹੈ।
    ਜੱਗੀ ਨੇ ਆਪਣੇ ਲਿਖਣ ਦੀ ਸ਼ੁਰੂਆਤ ਹੀ ਨਾਵਲ ਤੋਂ ਕੀਤੀ ਹੈ, ਜਿਸ ਦਾ ਨਾਂਅ ਹੈ ‘ਜੱਟ ਵੱਢਿਆ ਬੋਹੜ ਦੀ ਛਾਵੇਂ’। ਅੱਗੋਂ ‘ਕੋਈ ਲੱਭੋ ਸੰਤ ਸਿਪਾਹੀ ਨੂੰ’, ‘ਲੱਗੀ ਵਾਲੇ ਕਦੇ ਨਹੀਂ ਸੌਂਦੇ’, ‘ਬਾਝ ਭਰਾਵੋਂ ਮਾਰਿਆ’, ‘ਏਤੀ ਮਾਰ ਪਈ ਕੁਰਲਾਣੇ’, ‘ਪੁਰਜ਼ਾ ਪੁਰਜ਼ਾ ਕਟਿ ਮਰੈ’, ‘ਤਵੀ ਤੋਂ ਤਲਵਾਰ ਤੱਕ’, ‘ਉਜੜ ਗਏ ਗਰਾਂ’, ‘ਬਾਰ੍ਹੀਂ ਕੋਹੀਂ ਬਲਦਾ ਦੀਵਾ’, ‘ਤਰਕਸ਼ ਟੰਗਿਆ ਜੰਡ’, ‘ਗੋਰਖ ਦਾ ਟਿੱਲਾ’, ‘ਹਾਜੀ ਲੋਕ ਮੱਕੇ ਵੱਲ ਜਾਂਦੇ’, ‘ਸੱਜਰੀ ਪੈੜ ਦਾ ਰੇਤਾ’, ‘ਰੂਹ ਲੈ ਗਿਆ ਦਿਲਾਂ ਦਾ ਜਾਨੀ’, ‘ਡਾਚੀ ਵਾਲਿਆ ਮੋੜ ਮੁਹਾਰ ਵੇ’ ਤੇ ‘ਜੋਗੀ ਉੱਤਰ ਪਹਾੜੋਂ ਆਏ’ ਕੁੱਲ 16 ਨਾਵਲ ਜੱਗੀ ਦੇ ਪਾਠਕਾਂ ਕੋਲ ਪੁੱਜ ਚੁੱਕੇ ਹਨ। ਨਵਾਂ ਨਾਵਲ ‘ਅੱਖੀਆਂ ‘ਚ ਤੂੰ ਵੱਸਦਾ’ ਆਉਂਦੇ ਅਕਤੂਬਰ ‘ਚ ਆ ਰਿਹਾ ਹੈ। ‘ਬੋਦੀ ਵਾਲਾ ਤਾਰਾ ਚੜ੍ਹਿਆ’ ਨਾਂਅ ਦਾ ਇਕ ਹੋਰ ਨਾਵਲ ਉਹ ਅੱਜਕਲ੍ਹ ਲਿਖ ਰਿਹਾ ਹੈ। ਜੱਗੀ ਦੇ ਨਾਵਲਾਂ ਦੇ ਨਾਂਅ ਹੀ ਉਸ ਦੇ ਰਚਨਾ ਸੰਸਾਰ ਦੇ ਲੋਕਰੰਗ ਵਿਚ ਰੰਗੇ ਹੋਣ ਦਾ ਸੰਕੇਤ ਦਿੰਦੇ ਹਨ। ਉਸ ਦੇ ਨਾਵਲਾਂ ਵਿਚ ਵਰਤੀਆਂ ਗਈਆਂ ਵੰਨ-ਸੁਵੰਨੀਆਂ ਵਿਸ਼ੇਗਤ ਪ੍ਰਵਿਰਤੀਆਂ, ਠੁੱਕਦਾਰ ਤੇ ਠੇਠ ਪੰਜਾਬੀ, ਵਿਲੱਖਣ ਤੇ ਵਜ਼ਨਦਾਰ ਬਿਰਤਾਂਤਕ ਜੁਗਤਾਂ ਉਸ ਦੇ ਨਾਵਲਾਂ ਦੀ ਗਤੀਸ਼ੀਲਤਾ ਤੇ ਲੰਮੇਰੀ ਉਮਰ ਦਾ ਪ੍ਰਮਾਣ ਹੋ ਨਿਬੜੀਆਂ ਹਨ। ਉਸ ਦੇ ਪਾਠਕਾਂ ਦਾ ਘੇਰਾ ਬੜਾ ਵਸੀਹ ਹੈ। ਜਿਥੇ ਜਿਥੇ ਦੁਨੀਆ ਵਿਚ ਪੰਜਾਬੀ ਵਸਦੇ ਹਨ ਉਥੇ-ਉਥੇ ਜੱਗੀ ਦਾ ਨਾਵਲੀ ਜ਼ੋਰ ਚਲਦਾ ਹੈ। ਇਥੇ ਥਾਂ ਦੇ ਸੰਜਮ ਸਨਮੁੱਖ ਜੇ ਉਸ ਦੇ ਇਕ ਨਾਵਲ ‘ਸੱਜਰੀ ਪੈੜ ਦਾ ਰੇਤਾ’ ਦੀ ਹੀ ਗੱਲ ਕਰ ਲਈਏ ਤਾਂ ਇਸ ਦਾ ਅਧਿਐਨ ਦੱਸਦਾ ਹੈ ਕਿ ਇਸ ਅੰਦਰਲੀ ਕਹਾਣੀ ਦੀ ਨਜ਼ਾਕਤ, ਲਤਾਫ਼ਤ, ਮੌਲਿਕਤਾ, ਵਿਅਕਤਿਕਤਾ ਤੇ ਵਸ਼ਿਸ਼ਟਤਾ ਬੇਮਿਸਾਲ ਹੈ। ਵਲੈਤ ਵੱਸਦੀਆਂ ਕੁਝ ਪੰਜਾਬੀ ਮੁਟਿਆਰਾਂ ਨੂੰ ਉਥੋਂ ਦੇ ਅੱਯਾਸ਼ ਮੁੰਡੇ ਆਪਣੇ ਪਿਆਰ ਜਾਲ਼ ‘ਚ ਫਸਾ ਕੇ ਆਪਣੇ ਦੇਸ਼ ਲਿਜਾ ਕੇ ਉਨ੍ਹਾਂ ਦਾ ਉਥੇ ਸ਼ਰੀਰਕ ਤੇ ਮਾਨਸਿਕ ਪੱਖੋਂ ਕੀ ਹਸ਼ਰ ਕਰਦੇ-ਕਰਵਾਉਂਦੇ ਹਨ-ਇਸ ਦੀ ਹਿਰਦੇਵੇਧਕ ਹੋਈ ਸਿਰਜਣਾ ਇਸ ਨਾਵਲ ‘ਚੋਂ ਪੜ੍ਹੀ ਜਾ ਸਕਦੀ ਹੈ। ਇਹ ਗੱਲ ਪੂਰੇ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਜਿਸ ਨੇ ਵੀ ਜੱਗੀ ਦਾ ਇਹ ਨਾਵਲ ਇਕ ਵਾਰ ਪੜ੍ਹ ਲਿਆ, ਉਹ ਜੱਗੀ ਦੀਆਂ ਰਚਨਾਵਾਂ ਦਾ ਪੱਕਾ ਪਾਠਕ ਬਣ ਜਾਵੇਗਾ। ਇਸ ਨਾਵਲ ਵਿਚੋਂ ਕੁਝ ਅਟੱਲ ਸਚਾਈਆਂ ਵਰਗੇ ਫ਼ਿਕਰੇ ਵੀ ਇਥੇ ਲਿਖੇ ਜਾਂਦੇ ਹਨ:
    0 ਸੱਪ ਜਦੋਂ ਖੁੱਡ ‘ਚ ਵੜਦੈ ਤਾਂ ਸਾਰੇ ਵਲ਼ ਕੱਢ ਲੈਂਦੈ।
    0 ਬਹੁਤੇ ਲੋਕੀਂ ਤਾਂ ਅਗਲੇ ਦੇ ਦੁਸ਼ਮਣ ਦੀ ਪੂਛ ਨੂੰ ਵੱਟ ਹੀ ਚਾੜ੍ਹਦੇ ਨੇ।
    0 ਬਿੱਲੀ ਫਸੀ-ਫਸਾਈ ਹੀ ਦਰਖਤ ‘ਤੇ ਚੜ੍ਹਦੀ ਹੈ।
    0 ਬੇਈਮਾਨ ਬੰਦਾ ਛੇਤੀ ਕੀਤੇ ਆਪਣੇ ਦਿਲ ਦਾ ਭੇਤ ਨਹੀਂ ਦਿੰਦਾ।
    0 ਜੇ ਕੱਲਰ ਜ਼ਮੀਨ ‘ਤੇ ਪਹਿਲਾਂ ਬੁਲਡੋਜ਼ਰ ਫੇਰ ਦਿੱਤਾ ਜਾਵੇ ਤਾਂ ਬਾਅਦ ਵਿਚ ਜ਼ਮੀਨ ਨੂੰ ਸੁਹਾਗਿਆਂ ਦੀ ਬਹੁਤੀ ਚਿੰਤਾ ਨਹੀਂ ਰਹਿੰਦੀ।
    ਜੱਗੀ ਦੀ ਦਿਲਚਸਪ ਵਿਅੰਗਾਤਮਿਕ ਤੇ ਭਾਵਪੂਰਤ ਲਿਖਣ ਸ਼ੈਲੀ ਦਾ ਕਮਾਲ ਉਸ ਦੀਆਂ ਕਹਾਣੀਆਂ, ਕਵਿਤਾਵਾਂ, ਲੇਖਾਂ ਤੇ ਵਿਅੰਗ ਲੇਖਾਂ ਵਿਚ ਵੀ ਵੇਖਿਆ ਜਾ ਸਕਦਾ ਹੈ। ਨਾਵਲਾਂ ਤੋਂ ਇਲਾਵਾ ਜੱਗੀ ਦੀਆਂ ‘ਤੂੰ ਸੁੱਤਾ ਰੱਬ ਜਾਗਦਾ’, ‘ਊਠਾਂ ਵਾਲੇ ਬਲੋਚ’, ‘ਰਾਜੇ ਸ਼ੀਂਹ ਮੁਕੱਦਮ ਕੁੱਤੇ’, ‘ਬੁੱਢੇ ਦਰਿਆ ਦੀ ਜੂਹ’ (ਚਾਰੇ ਕਹਾਣੀ ਸੰਗ੍ਰਹਿ), ‘ਤੇਰੇ ਤੋਂ ਤੇਰੇ ਤੱਕ’ (ਕਾਵਿ-ਸੰਗ੍ਰਹਿ), ‘ਚਾਰੇ ਕੂਟਾਂ ਸੁੰਨੀਆਂ’ (ਹੱਡੀਂ ਹੰਢਾਏ ਦਰਦ), ‘ਬੋਦੇ ਵਾਲਾ ਭਲਵਾਨ’, ‘ਕੁੱਲੀ ਨੀ ਫਕੀਰ ਦੀ ਵਿਚੋਂ’ (ਵਿਅੰਗ ਸੰਗ੍ਰਹਿ) ਤੇ ‘ਸੱਚ ਆਖਾਂ ਤਾਂ ਭਾਂਬੜ ਮਚਦੈ’ (ਲੇਖ ਸੰਗ੍ਰਹਿ) ਪੁਸਤਕਾਂ ਵੀ ਪਾਠਕਾਂ ਕੋਲ ਪੁੱਜ ਚੁੱਕੀਆਂ ਹਨ। ਦੇਸ਼ਾਂ-ਵਿਦੇਸ਼ਾਂ ਦੇ ਕਈ ਮੈਗਜ਼ੀਨਾਂ ਤੇ ਅਖ਼ਬਾਰਾਂ ‘ਚ ਉਸ ਦੇ ਨਾਵਲ ਤੇ ਹੋਰ ਆਰਟੀਕਲ ਅਕਸਰ ਛਪਦੇ ਰਹਿੰਦੇ ਹਨ।
    ਸੁੰਦਰ, ਸਿਹਤਮੰਦ ਤੇ ਸਾਤਵਿਕ ਸੋਚ ਵਾਲੇ ਇਸ ਨਾਵਲਕਾਰ ਨਾਲ ਹੁੰਦੀ ਰਹਿੰਦੀ ਗੱਲਬਾਤ ‘ਚੋਂ ਪਤਾ ਲੱਗਿਆ ਹੈ ਕਿ ਉਸ ਨੇ ਸਕੂਲ ਟਾਈਮ ਵੇਲੇ ਹੀ ਬੂਟਾ ਸਿੰਘ ਸ਼ਾਦ ਦਾ ਨਾਵਲ ‘ਕੁੱਤਿਆਂ ਵਾਲੇ ਸਰਦਾਰ’ ਪੜ੍ਹਿਆ ਸੀ। ਉਸ ਤੋਂ ਬਾਅਦ ਉਸ ਨੂੰ ਪੜ੍ਹਨ ਦੀ ਐਹੋ ਜਿਹੀ ਚੇਟਕ ਲੱਗੀ ਕਿ ਉਸ ਨੇ ਪੰਜਾਬੀ ਦਾ ਕੋਈ ਵੀ ਲੇਖਕ ਪੜ੍ਹਨੋ ਨਹੀਂ ਛੱਡਿਆ। ਆਪਣੇ ਨਾਵਲਾਂ ਅੰਦਰਲੇ ਵਿਸ਼ਿਆਂ ਬਾਰੇ ਜੱਗੀ ਦਾ ਆਖਣਾ ਹੈ ਕਿ ‘ਵੈਸੇ ਤਾਂ ਕਿਸੇ ਨਾਲ ਵੀ ਹੁੰਦਾ ਧੱਕਾ ਮੈਨੂੰ ਪ੍ਰੇਸ਼ਾਨ ਕਰਦਾ ਹੈ ਪਰ ਸਭ ਤੋਂ ਜ਼ਿਆਦਾ ਮੈਨੂੰ ਦੁੱਖ ਉਦੋਂ ਹੁੰਦਾ ਹੈ ਜਦੋਂ ਕਿਸੇ ਵੀ ਧਰਮ ਦੇ ਪ੍ਰਚਾਰਕ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਉਂਝ ਮੈਂ ਤਕਰੀਬਨ ਹਰ ਵਿਸ਼ੇ ‘ਤੇ ਲਿਖਿਆ ਹੈ। ਮਨੁੱਖੀ ਰਿਸ਼ਤਿਆਂ ਬਾਰੇ ਗੱਲ ਕਰਨੀ ਮੈਨੂੰ ਚੰਗੀ ਲਗਦੀ ਹੈ।
    ਸਾਡੇ ਲੋਕਾਂ ਵਿਚ ਵਿਦੇਸ਼ ਜਾਣ ਦੀ ਲਾਲਸਾ ਦੇ ਕਾਰਨ ਦੱਸਦਿਆਂ ਜੱਗੀ ਦਾ ਆਖਣਾ ਹੈ ਕਿ ਸਭ ਤੋਂ ਪਹਿਲਾ ਕਾਰਨ/ਦੁਖਾਂਤ ਤਾਂ ਬੇਰੁਜ਼ਗਾਰੀ ਹੈ। ਜਦ ਕਿਸੇ ਨੂੰ ਕੋਈ ਚੀਜ਼ ਘਰੇ ਨਹੀਂ ਮਿਲਦੀ ਤਾਂ ਉਹ ਬਾਹਰ ਝਾਕਦਾ ਹੈ। (ਜੱਗੀ ਦਾ ਨਾਵਲ ‘ਤਰਕਸ਼ ਟੰਗਿਆ ਜੰਡ’ ਇਸੇ ਮਸਲੇ ਬਾਰੇ ਹੈ) ਦੂਜਾ ਕਾਰਨ ਵਿਦੇਸ਼ਾਂ ਦੀ ਤੜਕ-ਭੜਕ ਅਤੇ ਚਮਕੀਲੀ ਜ਼ਿੰਦਗੀ ਹੈ, ਜਿਸ ਨੂੰ ‘ਫੇਸਬੁੱਕ’ ਵਰਗੇ ਸੋਮਿਆਂ ਨੇ ਹੋਰ ਵੀ ‘ਨੇੜੇ’ ਅਤੇ ਅੱਖਾਂ ਚੁੰਧਿਆਊ ਕਰ ਦਿੱਤਾ ਹੈ। ਬਾਕੀ, ਖਰਬੂਜ਼ੇ ਨੂੰ ਦੇਖ ਕੇ ਹੀ ਖਰਬੂਜ਼ਾ ਰੰਗ ਫੜਦਾ ਹੈ। ਅੱਜਕਲ੍ਹ ਦੀ ਪੀੜ੍ਹੀ ਦੀਆਂ ਲੋੜਾਂ ਵੀ ਵਧੀਆ ਹੋਈਆਂ ਹਨ।’ ਨਿਰਸੰਦੇਹ ਵਲੈਤ ਵਸਦੇ ਇਸ ਨਾਮਵਰ ਨਾਵਲਕਾਰ ਦੀ ਹਰ ਗੱਲ ਆਪਣਾ ਅਰਥ ਰੱਖਦੀ ਹੈ।
    ਜਿਵੇਂ ਸੋਹਣੀ ਸ਼ਖ਼ਸੀਅਤ ਦੀ ਆਪਣੀ ਮੰਦ-ਮੰਦ ਖੁਸ਼ਬੂ ਹੁੰਦੀ ਹੈ, ਉਵੇਂ ਯਥਾਰਥ ਤੇ ਸੌਂਦਰਯ-ਯੁਕਤ ਲਿਖਤ ਵੀ ਆਪਣੀ ਛਾਪ ਛੱਡਦੀ ਰਹਿੰਦੀ ਹੈ। ਸ਼ਿਵਚਰਨ ਜੱਗੀ ਕੁੱਸਾ ਇਸ ਪੱਖੋਂ ਸੁਭਾਗਾ ਹੈ ਕਿ ਰਚਨਾਤਮਕ ਜਗਤ ਅੰਦਰ ਉਸ ਦੀ ਘਾਲਣਾ ਥਾਏਂ ਪਈ ਹੈ। ਉਸਦੀ ਨਾਵਲੀ ਨਿੱਗਰਤਾ ਸਦਕਾ ਉਸ ਨੂੰ ਦੁਨੀਆ ਭਰ ਦੇ ਦੇਸ਼ਾਂ ‘ਚੋਂ 7 ਗੋਲਡ ਮੈਡਲਾਂ ਸਣੇ 17 ਵੱਖ-ਵੱਖ ਸੰਸਥਾਵਾਂ ਵੱਲੋਂ ਅਚੀਵਮੈਂਟ ਐਵਾਰਡ ਤੇ ਹੋਰ ਕਈ ਐਵਾਰਡ ਮਿਲ ਚੁੱਕੇ ਹਨ। ਦੋ ਖੋਜੀ ਉਸ ਦੇ ਨਾਵਲਾਂ ‘ਤੇ ਪੀ. ਐਚ. ਡੀ. ਵੀ ਕਰ ਚੁੱਕੇ ਹਨ। ਬਿਨਾਂ ਸ਼ੱਕ ਸ਼ਿਵਚਰਨ ਜੱਗੀ ਕੁੱਸਾ ਪੰਜਾਬੀ ਨਾਵਲ ਜਗਤ ਦੀ ਅਮੀਰੀ ਵਿਚ ਨਿਰੰਤਰ ਤੇ ਨਰੋਆ ਵਾਧਾ ਕਰ ਰਿਹਾ ਪੰਜਾਬੀ ਦਾ ਮਾਣਯੋਗ ਤੇ ਮਿਲਣਸਾਰ ਨਾਵਲਕਾਰ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!