ਇੰਦਰਜੀਤ ਸਿੰਘ ਚੀਮਾ
ਦੋਸਤੋ ਪ੍ਰਦੇਸ਼ ਦੇ ਬਾਰੇ ਹਰ ਇੱਕ ਦਾ ਨਜ਼ਰੀਆ ਵੱਖੋ ਵੱਖਰਾ ਹੈ। ਜੇ ਕੋਈ ਪ੍ਰਦੇਸ਼ ਵਿੱਚ ਬਹੁਤ ਜਿਆਦਾ ਖੁਸ਼ ਹੈ, ਤਾਂ ਉੱਥੇ ਹੀ ਸ਼ਾਇਦ ਕੋਈ ਉਦਾਸ ਆਪਣੇ ਵਤਨ ਨੂੰ ਯਾਦ ਕਰਕੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ।

ਮੇਰਾ ਪ੍ਰਦੇਸ਼ ਬਾਰੇ ਕੀ ਨਜ਼ਰੀਆ ਹੈ ਉਸਦੇ ਬਾਰੇ ਦੱਸਦਾ ਹਾਂ।
ਗੱਲ 2010 ਦੀ ਹੈ ਤੇ ਮੈਂ ਅਮਰੀਕਾ ਦੇ ਵਿੱਚ ਟਰਾਲਾ ਲਈ, ਸੜਕਾਂ ਦੇ ਮੀਲ ਪੱਥਰ ਨਾਪਦਾ ਜਾਂਦਾ ਸੀ। ਸੋਚਿਆ ਕੇ ਅੱਜ ਅਮਰੀਕ ਸਿੰਘ ਤਲਵੰਡੀ (ਲੁਧਿਆਣਾ) ਜੀ ਨਾਲ ਗੱਲਬਾਤ ਕਰਦੇ ਹਾਂ। ਜੋ ਕਿ ਇੱਕ ਅਧਿਆਪਕ ਹੋਣ ਦੇ ਨਾਲ ਨਾਲ ਵਧੀਆ ਗੀਤਕਾਰ ਵੀ ਨੇ, ਤੇ ਕੁਲਦੀਪ ਮਾਣਕ ਨੇ ਵੀ ਇਹਨਾਂ ਦੇ ਲਿਖੇ ਗਾਣੇ ਗਾਏ ਨੇ। ਮੇਰੀ ਇਹਨਾਂ ਨਾਲ ਮੁਲਾਕਾਤ ਸਾਡੇ ਹੀ ਪਿੰਡ ਦੇ ਸਕੂਲ ਵਿੱਚ ਹੋਈ ਸੀ। ਮੈਂ ਫੋਨ ਲਾ ਲਿਆ ਤੇ ਸਤਿ ਸ੍ਰੀ ਅਕਾਲ ਬਲਾਉਣ ਤੋਂ ਬਾਅਦ, ਮੈਂ ਉਹਨਾਂ ਨੂੰ ਆਪਣੇ ਬਾਰੇ ਜਾਣਕਾਰੀ ਦਿੱਤੀ, ਤਾਂ ਪਹਿਚਾਣਨ ਤੋਂ ਬਾਅਦ ਉਹਨਾਂ ਨੇ ਮੇਰਾ ਹਾਲ ਚਾਲ ਪੁੱਛਿਆ। ਫ਼ਿਰ ਸਰਸਰੀ ਪੁੱਛਣ ਲੱਗ ਪਏ ਕਿ ਬੇਟੇ ਤੁਸੀਂ ਕੰਮ ‘ਤੇ ਲੱਗਦੇ ਹੋ। ਮੈਂ ਉਹਨਾਂ ਨੂੰ ਦੱਸਿਆ ਕਿ “ਹਾਂ ਜੀ, ਮੈਂ ਟਰਾਲੇ ‘ਤੇ ਹਾਂ ਤੇ ਇਸ ਵਕਤ ਅਮਰੀਕਾ ਵਿੱਚ ਹਾਂ”। ਕਹਿਣ ਲੱਗੇ ਕਿ “ਬੇਟਾ ਤੁਹਾਡੇ ਨਾਲ ਕੋਈ ਨਾ ਕੋਈ ਤਾਂ ਜਰੂਰ ਹੁੰਦਾ ਹੋਵੇਗਾ।” ਮੈਂ ਕਿਹਾ ਕਿ “ਨਹੀਂ ਜੀ, ਮੈਂ ਇਕੱਲਾ ਹੀ ਹਾਂ।”
ਥੋੜ੍ਹਾ ਰੁਕ ਕੇ ਕਹਿਣ ਲੱਗੇ, “ਬੇਟਾ ਫ਼ਿਰ ਤਾਂ ਤੁਹਾਨੂੰ ਇੰਡੀਆ ਦੀ ਯਾਦ ਤਾਂ ਬਹੁਤ ਆਉਂਦੀ ਹੋਊ…?”
ਮੈਂ ਕਿਹਾ, “ਜੀ ਬਿਲਕੁਲ ਵੀ ਨਹੀਂ, ਮੈਂ ਕਦੇ ਵੀ ਯਾਦ ਨਹੀਂ ਕਰਦਾ।”
ਜਿਵੇਂ ਕੋਈ ਹੈਰਾਨ ਜਿਹਾ ਹੋ ਕਿ ਕਹਿੰਦਾ, “ਬੇਟਾ ਮੈਂ ਬਹੁਤ ਦੇਸ਼ਾਂ ਵਿੱਚ ਘੁੰਮਿਆਂ ਹਾਂ, ਤੇ ਤੂੰ ਪਹਿਲਾ ਬੰਦਾ ਹੈਂ, ਜਿਸਨੇ ਕਿਹਾ ਕਿ ਮੈਂ ਵਤਨ ਨੂੰ ਯਾਦ ਨਹੀਂ ਕਰਦਾ! ਨਹੀਂ ਤਾਂ ਅਕਸਰ ਮੈਂ ਜਿਆਦਾਤਰ ਇਨਸਾਨਾਂ ਨੂੰ ਭਾਵਕੁ ਹੁੰਦਿਆਂ ਤੇ ਵਤਨ ਯਾਦ ਕਰਕੇ ਧਾਂਹੀ ਮਾਰ ਕੇ ਰੋਦਿਆਂ ਦੇਖਿਆ ਹੈ।”
ਮੈਂ ਉਹਨਾਂ ਨੂੰ ਕਿਹਾ, “ਜੀ ਇਹ ਇਨਸਾਨ ਦੀ ਸੋਚ ‘ਤੇ ਨਿਰਭਰ ਕਰਦਾ ਹੈ।”
ਕਹਿੰਦੇ, “ਕਿਵੇਂ ….?”
ਮੈਂ ਕਿਹਾ, “ਜੇ ਆਪਾਂ ਕਿਸੇ ਨੂੰ ਇੱਕ ਸਵਾਲ ਕਰ ਦੇਈਏ, ਕਿ ਸ਼੍ਰੀ ਕ੍ਰਿਸ਼ਨ ਜੀ ਦੀ ਜਨਮਦਾਤੀ ਮਾਤਾ ਕੌਣ ਹੈ ..? ਤਾਂ ਹੋ ਸਕਦਾ ਕੇ 100 ਵਿਚੋਂ 20% ਲੋਕਾਂ ਨੂੰ ਹੀ ਪਤਾ ਹੋਵੇ ਕਿ ਮਾਤਾ (ਦੇਵਕੀ) ਜੀ ਹੈ। ….ਤੇ ਜੇ ਸਵਾਲ ਇਹ ਕਰ ਦੇਈਏ ਕਿ ਉਸਨੂੰ ਪਾਲਣ ਪੋਸ਼ਣ ਵਾਲੀ ਮਾਤਾ ਕੌਣ ਹੈ? ਤਾਂ ਹੋ ਸਕਦਾ ਕਿ 100 ਵਿਚੋਂ 80% ਲੋਕਾਂ ਨੂੰ ਹੀ ਪਤਾ ਹੋਵੇ ਕਿ ਉਹ ਮਾਤਾ (ਯਸ਼ੋਧਾ) ਸੀ।”
“ਮਤਲਬ ਕਿ ਜਨਮ ਦੇਣ ਵਾਲੀ ਨਾਲੋਂ ਪਾਲਣ ਵਾਲੀ ਦੀ ਮਹੱਤਤਾ ਜਿਆਦਾ ਹੈ। ਹਲਾਂਕਿ ਦੋਵੇਂ ਹੀ ਬਹੁਤ ਮਹਾਨ ਹਨ।
ਸੋ ਜੇ ਮੈਂ ਆਪਣੀ ਜਨਮਭੂਮੀ ਧਰਤੀ ਮਾਤਾ ਦੀ ਗੋਦ ਵਿਚੋਂ ਉੱਠ ਕੇ ਕਰਮਭੂਮੀ ਧਰਤੀ ਮਾਤਾ ਦੀ ਗੋਦ ਵਿੱਚ ਬੈਠ ਗਿਆ ਤਾਂ ਮੈਨੂੰ ਕੋਈ ਓਪਰਾਪਨ ਨਹੀਂ ਲੱਗਦਾ। ਕਿਉਂ ਮੈਂ ਆਪਣੀ ਕਰਮਭੂਮੀ ਧਰਤੀ ਮਾਤਾ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਾਂ?
ਸੋ ਮੈਂ ਇਸ ਧਰਤੀ ਮਾਂ ਦੀ ਗੋਦ ਵਿੱਚ ਵੀ ਉਨ੍ਹਾਂ ਹੀ ਖੁਸ਼ ਹਾਂ, ਜਿਨ੍ਹਾਂ ਇੰਡੀਆ ਦੀ ਧਰਤੀ ਮਾਂ ਦੀ ਗੋਦ ਵਿੱਚ ਸੀ। ਮੈਂ ਇਸਨੂੰ ਵੀ ਉਨ੍ਹਾਂ ਹੀ ਪਿਆਰ ਕਰਦਾ ਹਾਂ।”
“ਜਦੋਂ ਮੈਂ ਦੂਸਰਿਆਂ ਦੇਸ਼ਾਂ ਵਿੱਚ ਦੀ ਘੁੰਮਦਾ ਘੁੰਮਾਉਂਦਾ, ਇੱਥੇ ਪਹੁੰਚਿਆ ਤਾਂ ਸੱਚੀ ਮੈਂ ਇਸ ਧਰਤੀ ਮਾਂ ਦੀ ਮਿੱਟੀ ਨੂੰ ਮੈਂ ਆਪਣੇ ਮੱਥੇ ਨਾਲ ਲਾ ਕੇ ਨਮਸਕਾਰ ਕੀਤੀ ਸੀ। ਤੇ ਕਿਹਾ ਸੀ ਕਿ ਹੇ ਮੇਰੀ ਕਰਮ ਭੂਮੀ ਮਾਤਾ! ਮੈਨੂੰ ਆਪਣਾ ਪਿਆਰ ਦੇਈਂ।”
ਤਾਂ ਮੇਰਾ ਉੱਤਰ ਸੁਣ ਕੇ ਉਹ ਬਹੁਤ ਖੁਸ਼ ਹੋਏ ਤੇ ਕਹਿੰਦੇ ਕਿ ਪੁੱਤਰਾ ”ਰੂਹ ਖੁਸ਼ ਕਰ ਦਿੱਤੀ ਮੇਰੀ, ਮੈਂ ਤਾਂ ਤੇਰੇ ਬਾਰੇ ਹੋਰ ਹੀ ਸੋਚੀ ਫਿਰਦਾ ਸੀ ਕਿ ਕਿੰਨਾ ਨਿਰਮੋਹਾ ਹੈ ਇਹ? ਪਰ ਕਹਿੰਦੇ ਤੇਰੇ ਉੱਤਰ ਨੇ ਸਾਰੇ ਭੁਲੇਖੇ ਦੂਰ ਕਰ ਦਿੱਤੇ।
ਤੇ ਹੁਣ ਦੂਸਰਾ ਪੱਖ ਰੱਖਾਂ
ਜਿਵੇਂ ਕਹਿੰਦੇ ਨੇ ਕਿ ਗੁੜ ਗੁੜ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋ ਜਾਂਦਾ। ਉਵੇਂ ਹੀ ਇਕੱਲੇ ਪਿਆਰ ਤੇ ਯਾਦਾਂ ਨਾਲ ਪੇਟ ਨਹੀਂ ਭਰਦਾ ਜਾਂ ਜਰੂਰਤਾਂ ਨਹੀਂ ਪੂਰੀਆਂ ਹੁੰਦੀਆਂ। ਇੱਕ ਮਾਪਿਆਂ ਤੋਂ ਵਧ ਕੇ ਕਿਹਡ਼ਾ ਕੋਈ ਹੋਰ ਆਪਣੀ ਉਲਾਦ ਨੂੰ ਪਿਆਰ ਕਰ ਸਕਦਾ? ਪਰ ਜਦੋਂ ਬਹੁਤ ਪੜ੍ਹ ਲਿਖ ਕੇ ਵੀ ਕੋਈ ਨੌਕਰੀ ਨਹੀਂ ਮਿਲਦੀ ਤਾਂ ਬੇਰੁਜ਼ਗਾਰ ਜਵਾਨ ਪੁੱਤ ਨੂੰ ਅੱਖਾਂ ਸਾਹਮਣੇ ਵਿਹਲਾ ਘੁੰਮਦਾ ਦੇਖਦੇ ਨੇ ਤਾਂ ਇੱਕ ਘੜੀ ਖਿਝ ਕੇ ਉਹ ਵੀ ਕਹਿ ਦਿੰਦੇ ਨੇ ਕਿ “ਮਰ ਪਰ੍ਹੇ, ਕੀ ਗੱਡਾ ਖੜ੍ਹਾ ਹੈ ਤੇਰੇ ਵੱਲੋਂ?” (ਉਹ ਚਾਹੇ ਦਿਲੋਂ ਨਹੀਂ ਕਹਿੰਦੇ)। ਪਰ ਭੁੱਖ, ਗਰੀਬੀ ਤੇ ਮਜ਼ਬੂਰੀ, ਸ਼ਾਇਦ ਉਹਨਾਂ ਨੂੰ ਅਜਿਹਾ ਕਹਿਣ ਤੇ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੋਵੇ।
ਪ੍ਰਦੇਸ਼ ਆ ਕੇ ਜਿਆਦਾਤਰ ਪਿੱਛੇ ਦੀ ਤਾਂਘ ਉਹੀ ਇਨਸਾਨ ਰੱਖਦੇ ਨੇ ਜਿਨ੍ਹਾਂ ਨੂੰ ਪਿੱਛੇ ਧਨ ਦੌਲਤ , ਜ਼ਮੀਨ ਜਾਇਦਾਦ, ਦਿੱਸਦੀ ਹੋਵੇ (ਇਹ ਗੱਲ ਸਾਰਿਆਂ ‘ਤੇ ਲਾਗੂ ਨਹੀਂ ਹੁੰਦੀ) ਵਾਪਸ ਮੁੜਨ ਦੇ ਹੋਰ ਵੀ ਕਾਰਨ ਹੋ ਸਕਦੇ ਹਨ।
ਪਰ ਜਿਸ ਕੋਲ ਹੈ ਹੀ ਕੁੱਝ ਨਹੀਂ ਉਹ ਚਾਹ ਕੇ ਪਿੱਛੇ ਨਹੀਂ ਮੁਡ਼ ਸਕਦਾ, ਜਾਂ ਜਰੂਰਤਾਂ ਉਸਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ। ਮੈਂ ਅਜਿਹੇ ਮਜ਼ਬੂਰ ਇਨਸਾਨਾਂ ਨੂੰ ਵੀ ਜਾਣਦਾ ਹਾਂ, ਜਿਨ੍ਹਾਂ ਦੇ ਮਗਰੋਂ ਮਾਂ ਜਾਂ ਬਾਪ ਦੁਨੀਆਂ ਤੋਂ ਰੁਖਸਤ ਹੋ ਗਏ, ਪਰ ਦੂਸਰੇ ਭੈਣ ਭਰਾਵਾ ਦੀਆਂ ਜੁੰਮੇਵਾਰੀਆਂ ਉਹਨਾਂ ਨੂੰ ਰੁਕਣ ਲਈ ਮਜ਼ਬੂਰ ਕਰ ਦਿੰਦੀਆਂ ਨੇ ਤੇ ਉਹ ਆਪਣੇ ਮਾਪਿਆਂ ਦੇ ਸੰਸਕਾਰ ‘ਤੇ ਵੀ ਨਹੀਂ ਪਹੁੰਚ ਸਕਦੇ। ਕਿਉਂਕਿ ਉਹ ਹਾਲੇ ਕੱਚੇ ਨੇ ,ਉਹਨਾਂ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ! ਜੋ ਮਜ਼ਬੂਰੀਆਂ ਦੇ ਜਕੜੇ ਹੋਏ ਨੇ! ਸ਼ਾਇਦ ਜੋ ਏਜੰਟਾਂ ਦੇ ਹੱਥੋਂ ਲੁੱਟ ਲੁਟਾ ਕੇ ਤੇ ਧੱਕੇ ਧੌਲੇ ਖਾ ਕੇ ਪ੍ਰਦੇਸ਼ ਪਹੁੰਚੇ ਹਨ। ਉਹਨਾਂ ਨੂੰ ਦੂਸਰੇ ਪ੍ਰਦੇਸੀਆ ਨਾਲੋਂ ਪ੍ਰਦੇਸ ਦੀ ਅਹਿਮੀਅਤ ਦਾ ਜਿਆਦਾ ਪਤਾ ਹੈ।
ਜੋ ਵੀ, ਜਿੱਥੇ ਵੀ, ਜਿਵੇਂ ਵੀ ਹੈ ਖੁਸ਼ ਰਿਹਾ ਕਰੋ ਦੋਸਤੋ। ਦੁਨੀਆਂ ਪਰ੍ਹੇ ਤੋਂ ਪਰ੍ਹੇ ਮਜ਼ਬੂਰ ਪਈ ਹੈ। ਇੱਕ ਦੂਸਰੇ ਨੂੰ ਦੇਖ ਕੇ ਹੀ ਵਕਤ ਲੰਘਦਾ ਹੈ। ਵੈਸੇ ਵੀ ਇਨਸਾਨ ਦਾ ਸੁਭਾਅ ਹੈ ਕਿ ਉਹ ਜਾਂ ਤਾਂ ਬੀਤੇ ਹੋਏ ਸਮੇਂ ਨੂੰ ਯਾਦ ਕਰਕੇ ਝੋਰਾ ਕਰਦਾ ਰਹਿੰਦਾ, ਤੇ ਜਾਂ ਆਉਣ ਵਾਲੇ ਭਵਿੱਖ ਨੂੰ ਲੈ ਕੇ ਚਿੰਤਤ ਰਹਿੰਦਾ। ਜੋ ਸਮਾਂ ਚੱਲ ਰਿਹਾ ਹੁੰਦਾ, ਉਸ ਵਿੱਚ ਜਿਆਦਾਤਰ ਉਹ ਜਿਉਂਦਾ ਹੀ ਨਹੀਂ।
ਮੈਂ ਕੋਈ ਫਿਲਾਸਫ਼ਰ ਨਹੀਂ ਹਾਂ ਤੇ ਨਾ ਹੀ ਮੈਨੂੰ ਲਿਖਣਾ ਆਉਂਦਾ ਹੈ। ਬਸ ਦਿਲ ਦੇ ਖਿਆਲਾਂ ਨੂੰ ਸ਼ਬਦਾਂ ਦਾ ਰੂਪ ਦੇ ਦਿੱਤਾ।