10.2 C
United Kingdom
Saturday, April 19, 2025

More

    ਯੂਕੇ: ਹਾਰਲਿੰਗਟਨ ਲਾਇਬ੍ਰੇਰੀ ਹੇਜ਼ ਵੱਲੋਂ ਗੁਰਮੇਲ ਕੌਰ ਸੰਘਾ ਦੀ ਕਵਿਤਾ ਬਾਰੇ ਜਾਨਣ ਲਈ ਸਮਾਗਮ ਦਾ ਆਯੋਜਨ

    ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਮੰਗਲਵਾਰ ਨੂੰ ਯੂ ਕੇ ਦੇ ਹਲਿੰਗਡਨ ਕੌਂਸਲ ਅਧੀਨ ਪੈਂਦੀ ਹਾਰਲਿੰਗਟਨ, ਹੇਜ਼ ਲਾਇਬ੍ਰੇਰੀ  ਵੱਲੋਂ ਗੁਰਮੇਲ ਕੌਰ ਸੰਘਾ ਦੀਆਂ ਕਵਿਤਾਵਾਂ ਤੇ ਉਸ ਦੇ ਕਾਵਿ ਸਫ਼ਰ ਸੰਬੰਧੀ ਜਾਨਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਉਥੋਂ ਦੀ ਲਾਇਬ੍ਰੇਰੀ ਦੀ ਮੈਨੇਜਰ ਮਿਸ ਬਰਨਾਡੇਟ ਮੈਕਏਟੀਅਰ ਦੁਆਰਾ ਕੀਤਾ ਗਿਆ। ਸਮਾਗਮ ਵਿੱਚ ਸਥਾਨਕ ਔਰਤਾਂ ਅਤੇ ਸਕੂਲੀ ਬੱਚਿਆਂ ਨੇ ਭਾਗ ਲਿਆ। ਇਸ ਸਮਾਗਮ ਵਿੱਚ ਈਲਿੰਗ ਕੌਂਸਲ ਦੀ ਮੇਅਰ ਬੀਬੀ ਮਹਿੰਦਰ ਕੌਰ ਮਿੱਢਾ, ਪੰਜਾਬੀ ਸੰਗੀਤ ਦੇ ਅਖ਼ਾੜਿਆਂ ਦੀ ਮਲਿਕਾ ਮਿਸ ਪਰਮਜੀਤ ਪੰਮੀ, ਵੌਇਸ ਆਫ਼ ਵਿਮੈਨ, ਲੰਡਨ ਦੀ ਚੇਅਰ ਪਰਸਨ ਬੀਬੀ ਸੁਰਿੰਦਰ ਕੌਰ ਤੇ ਮੇਲ ਗੇਲ ਮਲਟੀਕਲਚਰਲ ਸੋਸਾਇਟੀ, ਨੌਰਵੁੱਢ ਗਰੀਨ ਦੇ ਪ੍ਰਧਾਨ ਤਲਵਿੰਦਰ ਸਿੰਘ ਢਿੱਲੋਂ, ਰਵੀ ਬੋਲੀਨਾ ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ। ਇਨ੍ਹਾਂ ਤੋਂ ਇਲਾਵਾ ਅਵਤਾਰ ਕੌਰ ਚੰਨਾ, ਸੰਤੋਸ਼ ਸ਼ੂਰ, ਸਤਵਿੰਦਰ ਮਾਨ, ਸੰਤੋਸ਼ ਸਿਨਹਾ, ਸ਼ਿੰਦੀ, ਮਨੀ, ਪ੍ਰਭ, ਜੱਸੀ ਦੇ ਨਾਂ ਜ਼ਿਕਰਯੋਗ ਹਨ। ਸਮਾਗਮ ਦਾ ਆਰੰਭ ਮਿਸ ਬਰਨਾਡੇਟ ਮੈਕਏਟੀਅਰ ਨੇ ਆਏ ਮਹਿਮਾਨਾਂ ਦੇ ਸੁਆਗਤ ਨਾਲ ਕੀਤਾ। ਇਸ ਦੇ ਉਪਰੰਤ ਤਲਵਿੰਦਰ ਢਿੱਲੋਂ ਨੇ ਗੁਰਮੇਲ ਕੌਰ ਸੰਘਾ ਦੁਆਰਾ ਲਿਖੇ ਦੋ ਕਾਵਿ ਸੰਗ੍ਰਹਿ “ਦਰਦ ਅਵੱਲੜੇ”, “ਸੱਚ ਦੇ ਬੋਲ” ਅਤੇ ਹੋਰ ਲੇਖਕਾਂ ਨਾਲ ਸਾਂਝੇ ਕਾਵਿ ਸੰਗਿ੍ਹ ਜਿਵੇਂ “ਸਾਂਝੀਆਂ ਸੁਰਾਂ”, “ਸਿਰਜਣਹਾਰੇ” ਆਦਿ ਅਤੇ ਕਹਾਣੀ ਸੰਗ੍ਰਹਿ “ਫ਼ਲਕ” ਜਿਸ ਵਿੱਚ ਦੋ ਮਿੰਨੀ ਕਹਾਣੀਆਂ ਸ਼ਾਮਿਲ ਹਨ, ਬਾਰੇ  ਚਾਨਣਾ ਪਾਇਆ। ਨਾਲ ਹੀ ਉਨ੍ਹਾਂ ਗੁਰਮੇਲ ਕੌਰ ਸੰਘਾ ਦੁਆਰਾ ਰਿਕਾਰਡ ਕਰਵਾਏ ਚਾਰ ਗੀਤਾਂ ਬਾਰੇ ਦੱਸਿਆ ਅਤੇ ਬਹੁਤ ਛੇਤੀ ਆਉਣ ਵਾਲੇ ਦੋ ਗੀਤਾਂ ਲਈ ਵਧਾਈ ਦਿੱਤੀ। ਫ਼ਿਰ ਦੌਰ ਸ਼ੁਰੂ ਹੋਇਆ ਗੁਰਮੇਲ ਕੌਰ ਸੰਘਾ ਦੀਆਂ ਆਪਣੀਆਂ ਲਿਖੀਆਂ ਕਵਿਤਾਵਾਂ ਤੇ ਗੀਤਾਂ ਦਾ, ਜਿਨ੍ਹਾਂ ਸਦਕਾ ਉਸ ਨੇ ਸਰੋਤਿਆਂ ਦਾ ਮਨ ਮੋਹ ਲਿਆ ਤੇ ਵਕਤ ਦਾ ਪਤਾ ਵੀ ਨਾ ਲੱਗਿਆ। ਇਸ ਤੋਂ ਉਪਰੰਤ ਮੇਅਰ ਮਹਿੰਦਰ ਕੌਰ ਮਿੱਢਾ ਜੀ ਨੇ ਗੁਰਮੇਲ ਕੌਰ ਸੰਘਾ ਦੁਆਰਾ ਜੀਓ ਅਤੇ ਜਿਓਣ ਦਿਓ ਦੀ ਪ੍ਰੇਰਨਾ ਦੇਣ ਵਾਲੀਆਂ ਕਵਿਤਾਵਾਂ ਤੇ ਗੀਤਾਂ ਦੀ ਸਿਫ਼ਤ ਕਰਦਿਆਂ ਉਸ ਦੀ ਰੱਜ ਕੇ ਹੌਂਸਲਾ ਅਫ਼ਜ਼ਾਈ ਵੀ ਕੀਤੀ। ਉਨ੍ਹਾਂ ਨੇ ਹੋਰ ਔਰਤਾਂ ਨੂੰ ਵੀ ਅੱਗੇ ਆ ਕੇ ਕੁਝ ਵਧੀਆ ਲਿਖਣ ਜਾਂ ਕਿਸੇ ਹੋਰ ਖੇਤਰ ਵਿੱਚ ਜੋ ਵੀ ਕਰ ਸਕਣ ਦੇ ਯੋਗ ਹੋਣ ਉਹ ਕਰਕੇ ਦਿਖਾਉਣ ਲਈ ਹੱਲਾਸ਼ੇਰੀ ਦਿੱਤੀ। ਸੁਰਿੰਦਰ ਕੌਰ ਜੀ ਨੇ ਵੀ ਗੁਰਮੇਲ ਕੌਰ ਸੰਘਾ ਨੂੰ ਉਨ੍ਹਾਂ ਦੇ ਕੰਮ ਲਈ ਵਧਾਈ ਦੇ ਨਾਲ ਉਸ ਦੇ ਕੰਮ ਦੀ ਸਰਾਹਨਾ ਕੀਤੀ। ਪੰਜਾਬੀ ਗਾਇਕਾ ਪਰਮਜੀਤ ਪੰਮੀ ਨੇ ਵੀ ਸੰਘਾ ਨੂੰ ਨਿਧੜਕ ਹੋ ਕੇ ਸੰਗੀਤ ਦੇ ਖ਼ੇਤਰ ਵਿੱਚ ਕੰਮ ਕਰਨ ਤੇ ਹੋਰ ਲਿਖਣ ਦੀ ਪ੍ਰੇਰਨਾ ਦਿੱਤੀ।

    ਤਲਵਿੰਦਰ ਢਿੱਲੋਂ ਨੇ ਸਟੇਜ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਇਹ ਨਿਵੇਕਲਾ ਛੋਟਾ ਜਿਹਾ ਸਮਾਗਮ ਇੱਕ ਵੱਡੀ ਛਾਪ ਛੱਡ ਗਿਆ ਜਿਸ ਨਾਲ ਗ਼ੈਰ-ਪੰਜਾਬੀ ਭਾਈਚਾਰਿਆਂ ਵਿਚਕਾਰ ਅੱਗੋਂ ਤੋਂ ਵੀ ਪੰਜਾਬੀ ਮਾਂ ਬੋਲੀ ਦੀ ਬਾਤ ਪਾਉਂਦੇ ਨਵੀਂ ਤਰ੍ਹਾਂ ਦੇ ਟੀਚੇ ਮਿੱਥਣ ਦੀ ਸੰਭਾਵਨਾ ਬੱਝੀ ਹੈ ਜੋ ਸਾਡੀ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਲਾਹੇਵੰਦ ਸਿੱਧ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!