ਜ਼ਿਲ੍ਹੇ ‘ਚ ਕੋਈ ਵੀ ‘ਆਪ’ ਵਿਧਾਇਕ ਨਾ ਹੋਣ ਦੇ ਬਾਵਜੂਦ ਵੀ ਕਪੂਰਥਲਾ ਬਾਰੇ ਸੋਚਿਆ
ਪੰਜਾਬ ਦੇ ਲੋਕ ਆਸਵੰਦ ਰਹਿ ਕੇ ਪਾਰਟੀ ਦਾ ਸਾਥ ਦੇਣ- ਸ਼ਾਲਾਪੁਰੀ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) “ਸਿਆਸਤ ਵਿੱਚ ਆਮ ਆਦਮੀ ਪਾਰਟੀ ਬੇਸ਼ੱਕ ਨਵੀਂ ਹੈ ਪਰ ਪੁਰਾਣੀਆਂ ਮਿੱਥਾਂ ਅਤੇ ਸਿਆਸੀ ਮੁਫਾਦਾਂ ਨੂੰ ਨੇੜੇ ਨਾ ਫਟਕਣ ਦੇਣ ਕਰਕੇ ਹਰ ਕੋਈ ਪੰਜਾਬ ਦੀ ਬਦਲਣ ਜਾ ਰਹੀ ਤਸਵੀਰ ਪ੍ਰਤੀ ਆਸਵੰਦ ਹੈ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਯੂਕੇ ਦੇ ਨੌਜਵਾਨ ਕਾਰੋਬਾਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਮਨਜੀਤ ਸਿੰਘ ਸ਼ਾਲਾਪੁਰੀ ਨੇ ਪੰਜਾਬ ਦੌਰੇ ਤੋਂ ਪਰਤਣ ਉਪਰੰਤ ਪੰਜ ਦਰਿਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਮੈਂ ਕਪੂਰਥਲਾ ਜ਼ਿਲ੍ਹੇ ਨਾਲ ਸੰਬੰਧਤ ਹਾਂ ਤੇ ਇਸ ਗੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਦੂਰਅੰਦੇਸ਼ੀ ਵਾਲਾ ਫੈਸਲਾ ਲੈੰਦਿਆਂ ਕਪੂਰਥਲਾ ਵਿੱਚ ਮੈਡੀਕਲ ਕਾਲਜ ਬਨਾਉਣ ਦਾ ਫੈਸਲਾ ਲਿਆ ਹੈ। ਸ਼ਾਲਾਪੁਰੀ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਹਲਕਿਆਂ ‘ਚ ਬੇਸ਼ੱਕ ਕੋਈ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ ਨਹੀਂ ਹੈ। ਇਸ ਦੇ ਬਾਵਜੂਦ ਵੀ ਲੋਕਮਤ ਦਾ ਸਤਿਕਾਰ ਕਰਦਿਆਂ ਕਪੂਰਥਲਾ ਦੇ ਲੋਕਾਂ ਨੂੰ ਮੈਡੀਕਲ ਕਾਲਜ ਦਾ ਤੋਹਫਾ ਦਿੱਤਾ ਜਾ ਰਿਹਾ ਹੈ। ਇਸ ਨੂੰ ਬਦਲਵੀਂ ਸਿਆਸਤ ਨਾ ਕਿਹਾ ਜਾਵੇ ਤਾਂ ਹੋਰ ਕੀ ਕਹਾਂਗੇ ਕਿ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਲੋਕਾਂ ਨਾਲ ਬਦਲਾਖੋਰੀ ਪੁਗਾਉਣ ਦੀ ਬਜਾਏ ਲੋਕਾਂ ਦੇ ਫੈਸਲੇ ਦਾ ਸਤਿਕਾਰ ਕੀਤਾ ਜਾ ਰਿਹਾ ਹੈ। ਮਨਜੀਤ ਸਿੰਘ ਸ਼ਾਲਾਪੁਰੀ ਨੇ ਕਿਹਾ ਕਿ ਉਹ ਖੁਦ ਅਤੇ ਯੂਕੇ ਵਿੱਚ ਵਸਦੇ ਆਮ ਆਦਮੀ ਪਾਰਟੀ ਸਮਰਥਕਾਂ ਦੀ ਤਰਫ਼ੋਂ ਭਗਵੰਤ ਮਾਨ ਜੀ ਦੀ ਸੋਚ ਨੂੰ ਸਲਾਮ ਕਹਿੰਦੇ ਹੋਏ ਕਰੋਡ਼ ਵਾਰ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਸਾਡੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਆਪਣੇ ਸਤਿਕਾਰ ਵਿੱਚ ਵੀ ਕਰੋੜਾਂ ਗੁਣਾ ਵਾਧਾ ਕੀਤਾ ਹੈ। ਸ਼ਾਲਾਪੁਰੀ ਨੇ ਪੰਜਾਬ ਦੇ ਲੋਕਾਂ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਆਸਵੰਦ ਰਹਿ ਕੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਮੁੜ ਬੁਲੰਦੀਆਂ ‘ਤੇ ਪਹੁੰਚਾਇਆ ਜਾ ਸਕੇ।