
ਨਸ਼ਿਆਂ ਦੀ ਤਸਕਰੀ ‘ਚ 3 ਜਣਿਆਂ ਦੀ ਪਛਾਣ
ਟੋਰਾਂਟੋ ( ਮਨਜੀਤ ਸਿੰਘ ਸਰਾਂ ) ਨਸ਼ਿਆਂ ਦੀ ਇੰਨੀ ਵੱਡੀ ਖੇਪ ਫੜ੍ਹਨ ਦਾ ਸਿਹਰਾ ਟਰਾਂਟੋ ਪੁਲਿਸ ਸਿਰ ਬੱਝਦਾ ਹੈ ਜੋ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ। ਟੋਰਾਂਟੋ ਪੁਲਿਸ ਵੱਲੋ 671 ਕਿੱਲੋ ਡਰੱਗ ਫੜ੍ਹਨ ਨੇ ਇੱਕ ਵਾਰ ਕੈਨੇਡਾ ‘ਚ ਤਹਿਲਕਾ ਮਚਾ ਦਿੱਤਾ ਹੈ। ਜਿਸ ਵਿੱਚ 520 ਕਿੱਲੋ ਕ੍ਰਿਸਟਲ ਮੈਥਾਮਫੈਟਾਮਾਈਨ ਤੇ 151 ਕਿੱਲੋ ਕੋਕੀਨ ਫੜ੍ਹੀ ਗਈ ਹੈ। ਪਤਾ ਲੱਗਿਆ ਹੈ ਕਿ ਕਾਫ਼ੀ ਦੇਰ ਤੋਂ ਟਰਾਂਟੋ ਪੁਲਿਸ ਇੰਨਾਂ ਤਸਕਰਾਂ ਦੀ ਨਿਸ਼ਾਨ ਦੇਹੀ ਕਰਨ ‘ਚ ਲੱਗੀ ਹੋਈ ਸੀ ਤੇ ਅਖੀਰ 5 ਨਵੰਬਰ ਨੂੰ ਉਨਾਂ ਨੂੰ ਇਹ ਸਫਲਤਾ ਮਿਲੀ। ਇੱਕ ਮੀਡੀਆ ਮੀਟਿੰਗ ਦੌਰਾਨ ਸਪੈਸ਼ਲਾਈਜ਼ਡ ਅਪ੍ਰੇਸ਼ਨ ਦੇ ਡਿਪਟੀ ਚੀਫ ਪੌਲੀਨ ਗ੍ਰੇਅ ਤੇ ਯੂਨਿਟ ਕਮਾਂਡਰ ਆਫ ਦਾ ਡਰੱਗ ਸਕੁਐਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਨਸਿ਼ਆਂ ਦੀ ਕੀਮਤ 58 ਮਿਲੀਅਨ ਡਾਲਰ ਦੱਸੀ ਗਈ ਹੈ। ਟਰਾਂਟੋ ਪੁਲਿਸ ਵੱਲੋ ਟੋਰਾਂਟੋ ‘ਚ ਅਜਿਹੇ 2 ਘਰਾਂ ਦੀ ਸ਼ਨਾਖ਼ਤ ਕੀਤੀ ਗਈ ਜਿੱਥੇ ਇਹ ਨਸ਼ੇ ਜਮ੍ਹਾ ਕੀਤੇ ਜਾਂਦੇ ਸਨ। ਚਾਰ ਹਫਤਿਆਂ ਦੀ ਜਾਂਚ ਤੋਂ ਬਾਅਦ ਇਨ੍ਹਾਂ ਦੋ ਥਾਂਵਾਂ ਲਈ ਸਰਚ ਵਾਰੰਟ ਜਾਰੀ ਕੀਤੇ ਗਏ ਅਤੇ 5 ਅਕਤੂਬਰ, 2022 ਨੂੰ ਇਨ੍ਹਾਂ ਥਾਂਵਾਂ ਉੱਤੇ ਛਾਪੇ ਮਾਰੇ ਗਏ ਤੇ ਨਸਿ਼ਆਂ ਦੀ ਇਹ ਵੱਡੀ ਖੇਪ ਬਰਾਮਦ ਕੀਤੀ ਗਈ। ਇਨ੍ਹਾਂ ਨਸਿ਼ਆਂ ਦੀ ਤਸਕਰੀ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਇੰਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਨੂੰ ਨਸ਼ੇ ਦੀ ਤਸਕਰੀ ਕਰਨ ਦੇ ਇਰਾਦੇ ਨਾਲ ਕੋਕੀਨ ਤੇ ਕ੍ਰਿਸਟਲ ਮੈਥਾਮਫੈਟਾਮਾਈਨ ਰੱਖਣ ਲਈ ਚਾਰਜ ਕੀਤਾ ਜਾਵੇਗਾ ਅਤੇ ਇਨ੍ਹਾਂ ਤਸਕਰਾਂ ਦੇ ਨਾਂ ਵੀ ਉਦੋਂ ਹੀ ਜਾਰੀ ਕੀਤੇ ਜਾਣਗੇ। ਇਸ ਵੱਡੇ ਸਰਚ ਅਪ੍ਰੇਸ਼ਨ ‘ਚ ਟੋਰਾਂਟੋ ਪੁਲਿਸ ਸਰਵਿਸ ਦੇ ਨਾਲ ਡਰੱਗ ਸਕੁਐਡ ਮੇਜਰ ਪ੍ਰੋਜੈਕਟ ਸੈਕਸ਼ਨ ਤੇ ਏਸ਼ੀਅਨ ਆਰਗੇਨਾਈਜ਼ਡ ਕ੍ਰਾਈਮ ਟਾਸਕ ਫੋਰਸ ਵੱਲੋਂ ਰਲ ਕੇ ਕੰਮ ਕੀਤਾ ਗਿਆ ਸੀ ਤੇ 671 ਕਿੱਲੋ ਦੀ ਵੱਡੀ ਖੇਪ ਫੜੀ ਗਈ। ਇਸ ਨੂੰ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ‘ਚ ਸਪਲਾਈ ਕੀਤਾ ਜਾਣਾ ਸੀ।