
ਮਿਲਾਨ (ਦਲਜੀਤ ਮੱਕੜ) ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੁੰ ਸਮਰਪਿਤ ਹਰ ਸਾਲ ਦੇਸ਼ਾ ਵਿਦੇਸ਼ਾ ਵਿੱਚ ਸਮਾਗਮ ਕਰਵਾਏ ਜਾਂਦੇ ਹਨ ਅਤੇ ਨਗਰ ਕੀਰਤਨ ਸਜਾਏ ਜਾਂਦੇ ਹਨ। ਇਟਲੀ ਵਿੱਚ ਸਿੱਖਾ ਦੀ ਸੰਘਣੀ ਵੱਸੋਂ ਵਾਲੇ ਜਿਲਾ ਬਰੇਸ਼ੀਆ ਦੇ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਵਿਖੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨਗਰ ਕੀਰਤਨ 19 ਨਵੰਬਰ ਨੂੰ ਸਜਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਗੁਰਦੁਆਰਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੈਂਟਰ ਕਸਤੇਨੇਦਲੋ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੁੰ ਸਮਰਪਿਤ ਸ਼ਨੀਵਾਰ 19 ਨਵੰਬਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵੱਲੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਜੋ ਕਿ ਦੁਪਿਹਰ 1 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਇਸ ਮੌਕੇ ਕਵੀਸ਼ਰੀ ਜਥਾ ਭਾਈ ਗੁਰਮੁੱਖ ਸਿੰਘ ਜੀ ਜੋਹਲ ਦੁਆਰਾ ਕਵੀਸ਼ਰੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਗਤਕਾ ਅਕੈਡਮੀ ਬਾਬਾ ਅਜੀਤ ਸਿੰਘ ਜੀ ਬਾਬਾ ਜੁਯਾਰ ਸਿੰਘ ਜੀ ਦੇ ਸਿੰਘ ਸਿੰਘਣੀਆਂ ਵੱਲੋਂ ਗਤਕਾ ਕਲਾ ਦੇ ਹੈਰਤਅੰਗੇਜ ਜੌਹਰ ਵੀ ਦਿਖਾਏ ਜਾਣਗੇ। ਸੰਗਤਾਂ ਲਈ ਗੁਰੁ ਦੇ ਲੰਗਰ ਅਤੁੱਟ ਵਰਤਾਏ ਜਾਣਗੇ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਸੰਗਤਾਂ ਨੂੰ ਵੱਧ ਚੱੜ ਕੇ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਅਤੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।