ਆਪਣੀ ਮਰਹੂਮ ਮਾਂ ਸ੍ਰੀਮਤੀ ਤੇਜ਼ ਕੌਰ ਨੂੰ ਸਮਰਪਿਤ ਗੀਤ ‘ਘਰ ਦਾ ਨਕਸ਼ਾ’ ਰਾਹੀ ਕਰਮਜੀਤ ਮੀਨੀਆਂ ਨੇ ਉਹਨਾਂ ਵੇਲਿਆਂ ਨੂੰ ਯਾਦ ਕੀਤਾ ਹੈ ਜਦੋਂ ਤਿੱਥ ਤਿਉਹਾਰਾਂ ਦੇ ਦਿਨਾਂ ‘ਚ ਮਾਂ ਸਾਫ਼ ਸਫਾਈ ਰਾਹੀਂ ਘਰ ਦਾ ਨਕਸ਼ਾ ਬਦਲ ਦਿੰਦੀ ਸੀ। ਇਸ ਗੀਤ ਦੀ ਖੂਬਸੂਰਤੀ ਹੀ ਇਹ ਹੈ ਕਿ ਪੁਰਾਣੇ ਵੇਲਿਆਂ ਦੇ ਕੱਚੇ ਘਰਾਂ, ਕੰਧੋਲੀਆਂ ‘ਤੇ ਬਣਾਈਆਂ ਚਿੜੀਆਂ, ਮੋਰਨੀਆਂ ਦਾ ਜ਼ਿਕਰ ਇਸ ਗੀਤ ਨੂੰ ਹੋਰ ਖ਼ੂਬਸੂਰਤ ਬਣਾਉਂਦਾ ਹੈ। ਇਸ ਗੀਤ ਨੂੰ ਕਰਮਜੀਤ ਮੀਨੀਆਂ ਨੇ ਖੁਦ ਹੀ ਲਿਖਿਆ ਹੈ। ਸੰਗੀਤ ਸੋਨੀ ਸੋਹਲ ਨੇ ਅਤੇ ਵੀਡੀਓ ਆਰ ਘਾਲੀ ਤੇ ‘ਪੰਜ ਦਰਿਆ’ ਯੂਕੇ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਦਾ ਸ਼ਾਨਦਾਰ ਪਹਿਲੂ ਇਹ ਵੀ ਹੈ ਕਿ ਸਕਾਟਲੈਂਡ ਦੇ ਕੁਦਰਤੀ ਸੁਹੱਪਣ ਨੇ ਇਸਨੂੰ ਚਾਰ ਚੰਨ ਲਾਏ ਹਨ। ਗੀਤ ਨੂੰ ਲੋਕ ਅਰਪਣ ਕਰਨ ਲਈ ਹੋਏ ਸੰਖੇਪ ਸਮਾਗਮ ਦੌਰਾਨ ਪਹੁੰਚੇ ਮਹਿਮਾਨਾਂ ਵਿੱਚ ਲਾਭ ਗਿੱਲ ਦੋਦਾ, ਨਛੱਤਰ ਜੰਡੂ ਦੋਦਾ, ਬਿੰਦਾ ਗਾਖਲ, ਰਾਣਾ ਦੋਸਾਂਝ, ਹਰਵਿੰਦਰ ਸਿੰਘ ਵਿੱਕੀ, ਸੰੰਜੀਵ ਬਾਵਾ ਨੇ ਇਸ ਪਰਿਵਾਰਕ ਗੀਤ ਦੀ ਆਮਦ ‘ਤੇ ਹਾਰਦਿਕ ਵਧਾਈ ਪੇਸ਼ ਕੀਤੀ। ਸਮਾਗਮ ਦੇ ਅਖੀਰ ਵਿੱਚ ਗਾਇਕ ਕਰਮਜੀਤ ਮੀਨੀਆਂ ਨੇ ਇਸ ਲੋਕ ਅਰਪਣ ਸਮਾਗਮ ਵਿੱਚ ਹਾਜ਼ਰ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।
