ਅੱਜ ਹਰ ਪਾਸੇ ਕੋਰੋਨਾ ਕਰਕੇ ਅਜਿਹੀ ਦਹਿਸ਼ਤ ਬਣ ਗਈ ਹੈ ਜਿਸ ਨੇ ਸਾਰੀ ਦੁਨੀਆਂ ਵਿੱਚ ਤਹਿਲਕਾ ਮਚਾਇਆ ਪਿਆ ਹੈ। ਲੋਕਾਂ ਦੇ ਜਿਊਣ ਦੇ ਢੰਗ ਤਰੀਕੇ ਹੀ ਨਹੀਂ ਸਗੋਂ ਜ਼ਿੰਦਗੀ ਦੇ ਵੀ ਅਰਥ ਬਦਲ ਗਏ ਹਨ। ਜੋ ਲੋਕ ਕਦੇ ਟਿਕ ਕੇ ਬਹਿ ਨਹੀਂ ਸਕਦੇ ਸਨ। ਅੱਜ ਕੋਰੋਨਾ ਦੇ ਡਰੋਂ ਘਰੋਂ ਨਿਕਲਣ ਤੋਂ ਵੀ ਡਰਦੇ ਹਨ ਜਾਂ ਸਰਕਾਰਾਂ ਨੇ ਮਜਬੂਰ ਕਰ ਦਿੱਤੇ ਹਨ। ਮਾਹਿਰਾਂ ਅਨੁਸਾਰ ਘਰ ਰਹਿ ਕੇ ਬਹੁਤ ਹੱਦ ਤੱਕ ਕੋਰੋਨਾ ਤੋਂ ਬਚਣ ਦਾ ਇੱਕੋ ਇੱਕ ਸਹੀ ਤੇ ਸੌਖਾ ਤਰੀਕਾ ਹੈ। ਜਿਸ ਨਾਲ ਤੁਸੀਂ ਕੋਰੋਨਾ ਨੂੰ ਸਹੀ ਢੰਗ ਨਾਲ ਹਰਾ ਸਕਦੇ ਹੋ। ਕਿਉਂਕਿ ਇਹ ਵਾਇਰਸ ਇੱਕ ਮਨੁੱਖ ਤੋਂ ਦੂਸਰੇ ਦੇ ਸੰਪਰਕ ਵਿੱਚ ਆਉਣ ਨਾਲ ਹੀ ਫੈਲਦਾ ਹੈ। ਇਸੇ ਕਰਕੇ ਸਭ ਨੇ ਹੋਰ ਲੋਕਾਂ ਨੂੰ ਮਿਲਣ ਤੋਂ ਗੁਰੇਜ਼ ਕਰਨਾ ਸ਼ੁਰੂ ਕਰ ਦਿੱਤਾ। ਲੋਕ ਆਪਣੇ ਘਰਾਂ ਵਿੱਚ ਬੰਦ ਹੋਣ ਕਾਰਨ ਇਕੱਲੇ ਰਹਿ ਗਏ ਹਨ। ਪਰ ਟੈਕਨੋਲੋਜੀ ਦੇ ਜ਼ਰੀਏ ਲੋਕ ਫਿਰ ਵੀ ਜੁੜ ਰਹੇ ਹਨ।
ਜੇਕਰ ਅਸੀਂ ਦੁਨੀਆਂ ਭਰ ਦੇ ਬਹੁਤੇ ਘਰਾਂ ਦੇ ਬਾਹਰਲੇ ਦਰਵਾਜਿਆਂ ਵੱਲ ਦੇਖਦੇ ਹਾਂ ਤਾਂ ਉਹਨਾਂ ‘ਤੇ ਆਮ ਹੀ ਇੱਕ ਸ਼ਬਦ ਲਿਖਿਆ ਹੁੰਦਾ ਹੈ “ਜੀ ਆਇਆਂ ਨੂੰ”। ਪਰ ਹੁਣ ਲੋਕ ਕਿਸੇ ਨੂੰ ਮਿਲਣ ਤੋਂ ਨਾ ਸਿਰਫ਼ ਕੰਨੀ ਕਤਰਾਉਂਦੇ ਹਨ, ਸਗੋਂ ਕਈਆਂ ਨੇ ਆਪਣੇ ਘਰਾਂ ਦੇ ਦਰਵਾਜਿਆਂ ਤੇ “ਘਰ ਆਉਣਾ ਮਨ੍ਹਾ ਹੈ” ਤੱਕ ਲਿਖ ਕੇ ਟੰਗ ਦਿੱਤਾ ਹੈ। ਚਾਹੇ ਉਹ ਆਰਜ਼ੀ ਹੀ ਹੋਵੇ ਪਰ ਇੱਕ ਵਾਰ ਤਾਂ ਲੋਕਾਂ ਨੇ ਆਉਣਾ ਜਾਣਾ ਬੰਦ ਕਰ ਦਿੱਤਾ ਹੈ। ਜੋ ਇਹ ਸਿੱਧ ਕਰਦਾ ਹੈ ਕਿ ਲੋਕ ਇੱਕ ਦੂਸਰੇ ਤੋਂ ਦੂਰੀ ਬਣਾ ਕੇ ਰੱਖਣ ਵਿੱਚ ਭਲਾਈ ਸਮਝ ਰਹੇ ਹਨ। ਪਰ ਇਸੇ ਦੂਰੀ ਕਾਰਨ ਲੋਕਾਂ ਵਿੱਚ ਬੇਸ਼ੱਕ ਆਪਣਾ ਮਿਲਣ ਮਿਲਾਪ ਪੂਰੀ ਤਰ੍ਹਾਂ ਨਾਲ ਬੰਦ ਹੀ ਹੋ ਗਿਆ ਹੈ।
ਪਰ ਇੱਕ ਹੋਰ ਪੱਖ ਤੋਂ ਲੋਕ ਇੱਕ ਦੂਸਰੇ ਦੇ ਨੇੜੇ ਵੀ ਆਏ ਹਨ। ਜੋ ਭਾਵੁਕਤਾ ਦੇ ਨਾਲ ਨਾਲ ਆਪਸੀ ਸਾਂਝ ਨੂੰ ਵੀ ਵਧਾ ਰਿਹਾ ਹੈ ਅਤੇ ਦੂਰ ਦੂਰ ਬੈਠਿਆਂ ਨੂੰ ਇੱਕ ਦੂਸਰੇ ਦੇ ਨੇੜੇ ਲਿਆ ਰਿਹਾ ਹੈ। ਸੋ ਆਉ ਕਰਦੇ ਹਾਂ ਉਸ ਪੱਖ ‘ਤੇ ਥੋੜੀ ਜਿਹੀ ਵਿਚਾਰ ਅਤੇ ਦੇਖਦੇ ਹਾਂ ਕਿ ਲੋਕਾਂ ਨੂੰ ਬੇਸ਼ੱਕ ਆਰਥਿਕ ਘਾਟੇ ਦੀ ਪਰਪਾਈ ਨਾ ਹੋਵੇ। ਪਰ ਜੋ ਕੁਝ ਲੋਕਾਂ ਨੇ ਆਪਣੇ ਰਿਸ਼ਤਿਆਂ ਦੀ ਮਹਿਕ ਵਿੱਚੋਂ ਖੱਟ ਕਮਾ ਲੈਣਾ ਉਸਦੀ ਕੋਈ ਵੀ ਕੀਮਤ ਨਹੀਂ ਲਾਈ ਜਾ ਸਕਦੀ।
ਕੋਰੋਨਾ ਕਾਰਨ ਕੀਤੀ ਗਈ “ਤਾਲਾਬੰਦੀ” ਕਾਰਨ ਲੋਕ ਘਰਾਂ ਵਿੱਚ ਬੰਦ ਹੋਣ ਕਾਰਨ ਕਰਕੇ ਆਪਣੇ ਬੱਚਿਆਂ, ਮਾਤਾ ਪਿਤਾ, ਭੈਣ ਭਰਾਵਾਂ, ਦੋਸਤਾਂ ਮਿੱਤਰਾਂ ਤੇ ਹੋਰ ਬਹੁਤ ਸਾਰੀਆਂ ਗੱਲਾਂ ਨੂੰ ਬੜੀ ਸੰਜੀਦਗੀ ਨਾਲ ਸਮਝਣ ਵੱਲ ਰੁਚਿਤ ਹੋਏ ਹਨ। ਬਹੁਤ ਸਾਰੇ ਲੋਕਾਂ ਦਾ ਰੁਝਾਨ ਸਾਹਿਤ ਵੱਲ, ਚੰਗੀਆਂ ਫਿਲਮਾਂ ਦੇਖਣ ਹੋਇਆ ਹੈ। ਇਸ ਦੌਰ ਵਿੱਚ ਇੰਟਰਨੈੱਟ ਭਾਵ ਵੀਡੀਉ ਕਾਲਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਹੁਣ ਜਦੋਂ ਵੀ ਕੋਈ ਕਾਲ ਆਉਂਦੀ ਹੈ ਤਾਂ ਜਿਆਦਾਤਰ ਉਹ ਵੀਡੀਉ ਕਾਲ ਹੀ ਹੁੰਦੀ ਹੈ। ਕੋਈ ਇੰਗਲੈਂਡ ਬੈਠਾ ਹੋਵੇ ਭਾਂਵੇ ਅਮਰੀਕਾ ਕੈਨੇਡਾ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਪਰ ਉਹ ਵੀਡੀਉ ਕਾਲ ਰਾਹੀਂ ਬਹੁਤ ਨਜ਼ਦੀਕ ਆ ਗਿਆ ਮਹਿਸੂਸ ਹੁੰਦਾ ਹੈ। ਬਹੁਤੇ ਲੋਕਾਂ ਨੇ ਸਮਾਰਟ ਫੋਨ ਦਾ ਸਹੀ ਫਾਇਦਾ ਇਸ ਕੋਰੋਨਾ ਕਾਰਨ ਹੀ ਲਿਆ ਹੈ ਜਾਂ ਇੰਝ ਕਹਿ ਲਉ ਕਿ ਬਹੁਤਿਆਂ ਨੇ ਮਹਿੰਗੇ ਮੋਬਾਇਲ ਫੋਨਾਂ ਲਾਏ ਆਪਣੇ ਪੈਸੇ ਹੁਣ ਪੂਰੇ ਕੀਤੇ ਹਨ।
ਲੋਕ ਘਰਾਂ ਵਿੱਚ ਵਿਹਲੇ ਹੋਣ ਕਾਰਨ ਗੱਲਾਂ ਬਾਤਾਂ ਵੀ ਖੁੱਲ ਕੇ ਕਰਦੇ ਹਨ। ਜਿਸ ਨਾਲ ਬਹੁਤ ਸਾਰੇ ਗੁੱਸੇ ਗਿਲ੍ਹੇ ਵੀ ਮਿਟ ਜਾਣੇ ਸੁਭਾਵਿਕ ਹੈ। ਕਈ ਤਰ੍ਹਾਂ ਦੀਆਂ ਭੁੱਲ ਚੁੱਕੀਆਂ ਗੱਲਾਂ ਬਾਤਾਂ, ਪੁਰਾਣੀਆਂ ਯਾਦਾਂ ਤਾਜ਼ੀਆਂ ਹੋਣ ਨਾਲ ਰਿਸ਼ਤਿਆਂ ਦੀਆਂ ਗੰਢਾਂ ਹੋਰ ਵੀ ਪੀਡੀਆਂ ਹੋ ਰਹੀਆਂ ਹਨ। ਦਰਾਣੀਆਂ ਜਠਾਣੀਆਂ, ਨਣਦਾਂ ਭਰਜਾਈਆਂ ਬਹੁਤ ਸਾਰੀਆਂ ਗੱਲਾਂ ਦੂਰ ਬੈਠਿਆਂ ਵੀ ਇੰਝ ਕਰ ਰਹੀਆਂ ਹਨ ਜਿਵੇਂ ਉਹਨਾਂ ਦਾ ਗੁੱਭ ਗੁਭਾਟ ਹੀ ਹੁਣ ਨਿਕਲਿਆ ਹੋਵੇ। ਬਹੁਤ ਸਾਰੀਆਂ ਬੀਬੀਆਂ ਭੈਣਾਂ ਨੂੰ ਸਮਾਂ ਹੀ ਹੁਣ ਮਿਲਿਆ ਹੈ ਕਿ ਆਪਣਾ ਪਰਿਵਾਰ, ਬੱਚੇ, ਰੋਟੀ ਟੁੱਕ ਤੇ ਫਿਰ ਕੰਮਾਂ ਕਾਰਾਂ ਤੋਂ ਇਲਾਵਾ ਵੀ ਕੁਝ ਹੈ। ਉਹ ਵਿਚਾਰੀਆਂ ਇੰਨੀਆਂ ਉਲਝੀਆਂ ਰਹੀਆਂ ਹਨ ਕਿ ਹੁਣ ਕਹਿ ਰਹੀਆਂ ਹਨ ਕਿ ਸਾਨੂੰ ਵੀ ਕੁਝ ਦਿਨ ਫੁਰਸਤ ਤਾਂ ਮਿਲੀ। ਉਹ ਵੀ ਪਰਿਵਾਰ ਨਾਲ ਬੈਠ ਕੇ ਕੋਈ ਫਿਲਮ ਜਾਂ ਸੀਰੀਅਲ ਦੇਖ ਸਕੀਆਂ ਹਨ, ਨਹੀਂ ਤਾਂ ਕਿਚਨ ਵਿੱਚੋਂ ਕੁਝ ਪਲ ਕੱਢ ਕੇ ਟੁੱਟਵਾ ਜਿਹਾ ਸਮਾਂ ਹੀ ਟੀ ਵੀ ਨੂੰ ਦੇ ਸਕਦੀਆਂ ਸਨ।
ਬੱਚੇ ਵੀ ਆਪਣੇ ਦਾਦਾ ਦਾਦੀ, ਨਾਨਾ ਨਾਨੀ, ਤਾਏ ਚਾਚੇ, ਮਾਮੇ ਮਾਮੀਆਂ, ਭੂਆ ਫੁੱਫੜਾਂ ਤੇ ਮਾਸੀ ਮਾਸੜ ਨੂੰ ਜਾਣ ਸਕਣ ਵਿੱਚ ਕਾਫੀ ਹੱਦ ਤੱਕ ਅੱਗੇ ਵਧੇ ਹਨ। ਬੱਚਿਆਂ ਨੇ ਵੀ ਵੀਡੀਉ ਤੇ ਮੋਬਾਇਲ ਗੇਮਾਂ ਤੋਂ ਇਲਾਵਾ ਬਹੁਤ ਸਾਰੇ ਰਿਸ਼ਤਿਆਂ ਦੀ ਮਹਿਕ ਮਹਿਸੂਸ ਕੀਤੀ ਹੈ। ਬੱਚੇ ਵੀਡੀਉ ਗੇਮਾਂ ਤੋਂ ਇਲਾਵਾ ਹੋਰ ਕਈ ਖੇਡਾਂ ਆਪਸ ਵਿੱਚ ਮਿਲ ਕੇ ਖੇਡਣ ਲੱਗੇ ਹਨ। ਉਹ ਵੀ ਕਈ ਵਾਰ ਟੀਵੀ, ਵੀਡੀਉ ਗੇਮਸ, ਕੰਪਿਊਟਰ ਜਾਂ ਆਈ ਪੇਡਸ, ਟੇਬਲੈਟਸ ਵਗੈਰਾ ਤੋਂ ਅੱਕ ਜਾਂਦੇ ਹਨ ਅਤੇ ਚਾਹੁੰਦੇ ਹਨ ਕਿ ਕੁਝ ਅਜਿਹਾ ਹੋਵੇ ਜਿਸ ਨਾਲ ਕੁਝ ਨਵਾਂ ਹੋਵੇ। ਜੇਕਰ ਦੇਖਿਆ ਜਾਵੇ ਤਾਂ ਇਲਕਟਰੋਨਿਕ ਉਪਕਰਨਾਂ ਨਾਲ ਖੇਡਣ ਵਾਲੇ ਬੱਚਿਆਂ ਨੂੰ ਇਹਨਾਂ ਤੋਂ ਇਲਾਵਾ ਕੁਝ ਹੋਰ ਖੇਡਣ ਨੂੰ ਮਿਲੇ ਤਾਂ ਉਹਨਾਂ ਲਈ ਇਹ ਚੀਜਾਂ ਨਵੀਆਂ ਹੀ ਹੋਣਗੀਆਂ। ਇਸਦੇ ਨਾਲ ਬੱਚੇ ਤਾਸ਼, ਬਾਰਾਂ ਡੀਟੀ (ਬਾਰਾਂ ਟੈਣੀ), ਮੋਨੋਪਲੀ, ਜਾਂ ਘਰਾਂ ਦੇ ਗਾਰਡਨ ਵਿੱਚ ਚਿੜੀ ਛਿੱਕਾ ਤੇ ਹੋਰ ਕਈ ਪ੍ਰਕਾਰ ਦੀਆਂ ਖੇਡਾਂ ਪ੍ਰਤੀ ਬੱਚਿਆਂ ਦਾ ਰੁਝਾਨ ਬਣ ਰਿਹਾ ਹੈ।
ਮਾਂ ਪਿਉ ਵੀ ਪਹਿਲਾਂ ਕੰਮ ਕਾਰ ਵਿੱਚ ਰੁੱਝੇ ਹੋਣ ਕਾਰਨ ਆਪਣਾ ਸਹੀ ਸਮਾਂ ਬੱਚਿਆਂ ਨੂੰ ਦੇਣ ਵਿੱਚ ਅਸਮੱਰਥ ਰਹਿੰਦੇ ਸਨ। ਉਹਨਾਂ ਕੋਲ ਕੰਮ ਦਾ ਬਹਾਨਾ ਕਹਿ ਲਵੋ ਜਾਂ ਸੱਚ ਹੀ ਰੁਝੇਵਿਆਂ ਕਾਰਨ ਸਮੇਂ ਦੀ ਅਣਹੋਂਦ ਸੀ। ਪਰ ਹੁਣ ਅਜਿਹਾ ਕੋਈ ਬਹਾਨਾ ਨਹੀਂ ਹੈ। ਮਾਂ ਪਿਉ ਬੱਚਿਆਂ ਨਾਲ ਸਮਾਂ ਬਤੀਤ ਕਰਕੇ ਆਪਣੇ ਆਪ ਨੂੰ ਜਿੱਥੇ ਹਲਕਾ ਹਲਕਾ ਮਹਿਸੂਸ ਕਰਦੇ ਹਨ। ਉੱਥੇ ਉਹਨਾਂ ਨੂੰ ਸ਼ਾਇਦ ਇਹ ਅਹਿਸਾਸ ਵੀ ਹੁੰਦਾ ਹੋਵੇਗਾ ਕਿ ਆਪਣੇ ਬੱਚਿਆਂ ਨਾਲ ਸਮਾਂ ਬਿਤਾ ਕੇ ਅਸੀਂ ਬੱਚਿਆਂ ਨੂੰ ਬਹੁਤ ਕੁਝ ਦੱਸਦੇ ਹਾਂ, ਸਮਝਾਉਂਦੇ ਹਾਂ ਅਤੇ ਬੱਚਿਆਂ ਕੋਲੋਂ ਬਹੁਤ ਕੁਝ ਸਿੱਖਦੇ ਵੀ ਹਾਂ। ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਬੱਚੇ ਸਾਨੂੰ ਅਜਿਹਾ ਕੁਝ ਸਮਝਾ ਦਿੰਦੇ ਹਨ ਕਿ ਅਸੀਂ ਉਸ ਬਾਰੇ ਸੋਚ ਵੀ ਨਹੀਂ ਸਕਦੇ। ਬੱਚਿਆਂ ਦੇ ਮਾਸੂਮ ਮੁੱਖ ਚੋਂ ਕੀਤੇ ਹੋਏ ਛੋਟੇ ਛੋਟੇ ਸਵਾਲ ਹੱਲ ਕਰਨ ਲੱਗਿਆਂ ਸੋਚਦੇ ਹਾਂ ਕਿ ਇੰਝ ਵੀ ਹੁੰਦਾ ਹੋਵੇਗਾ। ਅਸੀਂ ਨਕਲੀ ਦੁਨੀਆ ਚੋਂ ਵਾਪਸ ਪਰਤ ਕੇ ਆਪਣੀ ਅਸਲੀ ਦੁਨੀਆ ਦਾ ਜਦੋਂ ਆਨੰਦ ਮਾਣਦੇ ਹਾਂ ਤਾਂ ਕਿਸੇ ਅਨੂਠੀ ਖੁਸ਼ੀ ਵਿੱਚ ਗੜੁੱਚ ਜਿਹੇ ਹੋ ਜਾਂਦੇ ਹਾਂ।
ਹਰ ਰੋਜ ਦੋ ਤਿੰਨ ਟਾਈਮ ਆਪਣੇ ਬੱਚਿਆਂ ਨਾਲ ਬਹਿ ਕੇ ਰੋਟੀ ਖਾਣ ਦਾ ਸੁਭਾਗ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ। ਜਿਆਦਾਤਰ ਲੋਕ ਤਾਂ ਆਪਣੇ ਕੰਮਾਂ ਦੀਆਂ ਸ਼ਿਫਟਾਂ ਕਾਰਨ ਖੁਦ ਵੀ ਟਾਈਮੋ ਬੇ ਟਾਈਮ ਖਾਣ ਖਾਂਦੇ ਹਨ ਤਾਂ ਉਹ ਪਰਿਵਾਰ ਵਿੱਚ ਕਿਵੇਂ ਬਹਿ ਸਕਦੇ ਹਨ। ਪਰ ਇਸ ਕੋਰੋਨਾ ਨਾਲ ਰੁਕੀ ਦੁਨੀਆ ਵਿੱਚ ਬਹੁਤ ਸਾਰੇ ਦਿਲ ਦੁਬਾਰਾ ਧੜਕਣ ਲੱਗੇ ਹਨ। ਬਹੁਤ ਸਾਰੇ ਅਹਿਸਾਸ, ਭਾਵਨਾਵਾਂ ਨੇ ਇੱਕ ਵਾਰ ਫਿਰ ਪੈਦਾ ਹੋਣਾ ਸਿੱਖ ਲਿਆ ਹੈ। ਲੋਕ ਬਾਹਰ ਜਾ ਕੇ ਖਾਣ ਦੇ ਬਹਾਨੇ ਹੀ ਇਕੱਠੇ ਹੁੰਦੇ ਸਨ। ਘਰ ਵਿੱਚ ਹਰ ਕੋਈ ਘੜੀ ਦੀ ਸੂਈ ਨਾਲ ਹੀ ਚੱਲਦਾ ਸੀ। ਜਿਵੇਂ ਸੌਣਾ ਉੱਠਣਾ, ਕੰਮ ਤੇ ਜਾਣਾ, ਬੱਚੇ ਸਕੂਲ ਛੱਡਣੇ ਜਾਂ ਕਈ ਕੁਝ ਹੋਰ, ਪਰ ਹੁਣ ਤਾਂ ਬਹੁਤੇ ਲੋਕ ਹਫ਼ਤੇ ਦਿਨ ਵੀ ਭੁੱਲੀ ਬੈਠੇ ਹਨ। ਉਹ ਖਾਂਦੇ ਪੀਂਦੇ ਇਕੱਠੇ ਹਨ, ਬਹਿ ਕੇ ਪਰਿਵਾਰਕ ਗੱਲਾਂ ਕਰਦੇ ਹਨ। ਦੁਨੀਆ ਭਰ ਦੇ ਹੋਰ ਬਹੁਤ ਸਾਰੇ ਝੰਜਟਾਂ ਤੋਂ ਨਿਜਾਤ ਮਹਿਸੂਸ ਕਰਦੇ ਹਨ। ਕਈ ਵਾਰ ਬਹੁਤੇ ਲੋਕ ਫੋਨ ਤੇ ਗੱਲ ਕਰਦਿਆਂ ਆਖਦੇ ਹਨ ਕਿ ‘ਕਦੇ ਕਲਪਨਾ ਵੀ ਨਹੀਂ ਕੀਤੀ ਸੀ, ਕਿ ਜ਼ਿੰਦਗੀ ਇਸ ਤਰ੍ਹਾਂ ਵੀ ਜੀਅ ਸਕਦੇ ਹਾਂ’।
ਅੰਤ ਵਿੱਚ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਕੋਰੋਨਾ ਨੇ ਦੁਨੀਆ ਭਰ ਵਿੱਚ ਦਹਿਸ਼ਤ ਫੈਲਾਈ ਪਈ ਹੈ। ਹਜਾਰਾਂ ਲੋਕ ਹਰ ਰੋਜ਼ ਮਰ ਰਹੇ ਹਨ, ਅਰਬਾਂ ਖਰਬਾਂ ਦਾ ਨੁਕਸਾਨ ਹੋ ਰਿਹਾ ਹੈ। ਵੱਡੀਆਂ ਵੱਡੀਆਂ ਕੰਪਨੀਆਂ, ਵਪਾਰਕ ਘਰਾਣੇ ਤੇ ਸਰਕਾਰਾਂ ਦਾ ਸਭ ਕੁਝ ਦਾਅ ਤੇ ਲੱਗ ਚੁੱਕਾ ਹੈ। ਪਰ ਇਸਦੇ ਨਾਲ ਨਾਲ ਰਿਸ਼ਤਿਆਂ ਦੀ ਮਹਿਕ ਨੇ ਲੋਕਾਂ ਨੂੰ ਅਜਿਹੀਆਂ ਕਈ ਗੱਲਾਂ ਨੂੰ ਭੁਲਾ ਵੀ ਦਿੱਤਾ ਹੈ। ਜੋ ਇਹ ਸਿੱਧ ਕਰਦਾ ਹੈ ਕਿ ਜੇ ਕਿਸੇ ਗੱਲ ਦਾ ਕੋਈ ਨੁਕਸਾਨ ਹੈ ਤਾਂ ਉਸਦਾ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਹੋਰ ਪੱਖ ਤੋਂ ਫਾਇਦਾ ਵੀ ਹੋ ਸਕਦਾ ਹੈ। ਬਾਕੀ ਸੋਚਣ ਦਾ ਸਭ ਦਾ ਆਪੋ ਆਪਣਾ ਢੰਗ ਹੈ।
ਬਲਵਿੰਦਰ ਸਿੰਘ ਚਾਹਲ ਯੂ ਕੇ
Email :- bindachahal@gmail.com