ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਰੇਲ ਕਰਮਚਾਰੀਆਂ, ਡਾਕ ਕਰਮਚਾਰੀਆਂ, ਸਫਾਈ ਕਰਮਚਾਰੀਆਂ ਤੋਂ ਬਾਅਦ ਹੁਣ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਸਕੂਲ ਕਰਮਚਾਰੀ ਵੀ ਅਗਲੇ ਮਹੀਨੇ ਹੜਤਾਲ ਕਰਨ ਜਾ ਰਹੇ ਹਨ। ਤਿੰਨ ਦਿਨ ਲਈ ਹੋਣ ਵਾਲੀ ਇਸ ਹੜਤਾਲ ਕਾਰਨ ਗਲਾਸਗੋ ਦੇ 140 ਪ੍ਰਾਇਮਰੀ ਸਕੂਲ, 22 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਅਤੇ 109 ਕੌਂਸਲ ਨਰਸਰੀਆਂ ਬੰਦ ਰਹਿਣਗੀਆਂ। ਇਹਨਾਂ ਅਦਾਰਿਆਂ ਨਾਲ ਸੰਬੰਧਤ ਬੱਚਿਆਂ ਦੇ ਮਾਪਿਆਂ ਨੂੰ ਚਿੱਠੀਆਂ ਭੇਜ ਕੇ ਸੂਚਿਤ ਕੀਤਾ ਜਾ ਚੁੱਕਿਆ ਹੈ। ਜ਼ਿਕਰਯੋਗ ਹੈ ਇਹਨਾਂ ਇਲਾਕਿਆਂ ਅਧੀਨ ਸਾਰੇ ਸੈਕੰਡਰੀ ਸਕੂਲ ਪਹਿਲਾਂ ਵਾਂਗ ਹੀ ਖੁੱਲ੍ਹੇ ਰਹਿਣਗੇ।
