ਪ੍ਰਸ਼ੋਤਮ ਪੱਤੋ

ਚੰਨਾ ਤੇਰੀ ਚਾਨਣੀ ‘ਨਾ ਸਭ ਨੂੰ ਪਿਆਰ ਵੇ।
ਵੰਡੀ ਚੱਲ ਚਾਨਣੀ ਨਾ ਮੰਨੀ ਕਦੇ ਹਾਰ ਵੇ।
ਹਨੇਰਿਆਂ ਦੀ ਗੱਲ ਜਦੋ ਧਰਤੀ ‘ਤੇ ਚੱਲਦੀ,
ਦਿਲ ਵਿੱਚ ਜੋਤ ਫਿਰ ਲਟ ਲਟ ਬਲਦੀ ।
ਸੱਚੇ ਰਾਹ ‘ਤੇ ਚੱਲਣੇ ਲਈ ਚੁੱਕ ਤਲਵਾਰ ਵੇ।
ਕੰਮੀਆਂ ਦੇ ਘਰੀਂ ਕਦੇ ਆ ਕੇ ਵੰਡ ਹਾਸੇ ਵੇ ,
ਵਿਹਲੜਾਂ ਤੋਂ ਲੈਣੇ ਅਸੀਂ ਝੂਠੇ ਨੀਂ ਦਿਲਾਸੇ ਵੇ।
ਸੂਰਜ ਤੋਂ ਪੁਛ ਤੇਰਾ ਲੱਗਦਾ ਜੋ ਯਾਰ ਵੇ।
ਬਹੁਤ ਔਖਾ ਜਰਨਾ ਇਹ ਦੁੱਖ ਜੋ ਲੁਕਾਈ ਦਾ,
ਮਹਿਕਾਂ ਦੂਰ ਜਾਂਦੀਆਂ ਨੇ ਜਿੰਨਾਂ ਨੇੜੇ ਆਈ ਦਾ।
ਬੱਦਲਾਂ ‘ਚੋਂ ਝਾਤ ਕਦੇ ਧਰਤੀ ‘ਤੇ ਮਾਰ ਵੇ।
ਪੁੰਨਿਆ ਦੀ ਰਾਤ ਵਾਂਗੂ ਚਮਕਾਂ ਰਹਿ ਮਾਰਦਾ,
ਤਪਦੇ ਥਲਾਂ ਨੂੰ ਸਦਾ ਰਹਿ ਪ੍ਸ਼ੋਤਮ ਠਾਰਦਾ।
ਜਾਣ ਨਾ ਗ੍ਰਹਿਣੇ ਕਦੇ ਤੇਰੇ ਇਕਰਾਰ ਵੇ।