
ਮਾਮਲਾ ਜਥੇਬੰਦੀ ਦੀਆਂ ਮੰਗਾਂ ਨਾ ਪੂਰੀਆਂ ਕਰਨ ਦਾ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 13 ਅਗਸਤ, 2022: ਆਦਰਸ਼ ਸਕੂਲ ਅਧਿਆਪਕ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਵੱਲੋਂ 13 ਤੋਂ 15 ਅਗਸਤ ਤੱਕ ਆਪੋ ਆਪਣੇ ਘਰਾਂ ਦੀਆਂ ਛੱਤਾਂ ਤੇ ਕਾਲੇ ਝੰਡੇ ਲਾ ਕੇ ਰੋਸ ਪ੍ਰਗਟਾਵਾ ਕਰਨ ਦੇ ਦਿੱਤੇ ਸੱਦੇ ਤਹਿਤ ਅੱਜ ਕਾਲੇ ਝੰਡੇ ਲਾ ਕੇ ਰੋਸ ਪ੍ਰਗਟਾਵਾ ਕੀਤਾ ਗਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਵੀਰ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਜਾਣ ਬੁੱਝ ਕੇ ਅੱਖੋਂ ਓਹਲੇ ਕਰਕੇ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ, ਜਦ ਕਿ ਮੰਗਾਂ ਤੁਰੰਤ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਇਸੇ ਕਰਕੇ ਅੱਜ ਉਹ ਕਾਲੇ ਝੰਡੇ ਲਾ ਕੇ ਰੋਸ ਪ੍ਰਗਟ ਕਰਨ ਲਈ ਮਜਬੂਰ ਹੋਏ ਹਨ।
ਦਰਜ਼ਾ ਚਾਰ ਮੁਲਾਜ਼ਮ ਆਗੂ ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਗਰੇਡ ਪੇਅ ਮੁਤਾਬਕ ਸਿੱਧੀਆਂ ਖਜ਼ਾਨੇ ਵਿੱਚੋਂ ਜਾਰੀ ਕਰੇ ਅਤੇ ਬਾਰਾਂ ਬਾਰਾਂ ਸਾਲਾਂ ਤੋਂ ਕੱਚੀਆਂ ਨੌਕਰੀਆਂ ਕਰ ਰਹੇ ਮੁਲਾਜ਼ਮਾਂ ਦੀਆਂ ਨੌਕਰੀਆਂ ਤੁਰੰਤ ਪੱਕੀਆਂ ਕੀਤੀਆਂ ਜਾਣ।
ਜਥੇਬੰਦੀ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਕੁਲਵੀਰ ਸਿੰਘ ਜਖੇਪਲ ਨੇ ਕਿਹਾ ਹੈ ਕਿ ਮੌਜੂਦਾ ਹਕੂਮਤ ਪੰਜਾਬ ਦੇ ਆਦਰਸ਼ ਸਕੂਲਾਂ ਵਿਚ ਪੜ੍ਹਾਉਣ ਦੇ ਤਜ਼ਰਬੇ ਨੂੰ ਮਾਨਤਾ ਦੇ ਕੇ 2019 ਵਿੱਚ ਹੋਈ ਹੈਡ ਟੀਚਰ ਤੇ ਸੈਂਟਰ ਹੈਡ ਟੀਚਰ ਦੀ ਸਿੱਧੀ ਭਰਤੀ ਦੀ ਮੈਰਿਟ ਲਿਸਟ ਵਿਚ ਆਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰੇ। ਆਗੂਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਆਦਰਸ਼ ਸਕੂਲਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਾਲ ਚਲਾਏ ਜਦ ਕਿ ਅੱਜ ਇਹ ਸੰਸਥਾਵਾਂ ਆਪਣੀ ਹੋਣੀ ਤੇ ਅੱਥਰੂ ਵਹਾ ਰਹੀਆਂ ਹਨ।
ਇਸ ਮੌਕੇ ਆਗੂਆਂ ਸਲੀਮ ਖ਼ਾਨ, ਅਮਰਪਾਲ ਜੋਸ਼ੀ, ਮੈਡਮ ਪਰਵਿੰਦਰ ਕੌਰ ਮਾਨਸਾ, ਹਰਦੀਪ ਸ਼ਰਮਾ, ਸੁਖਦੀਪ ਕੌਰ ਸਰਾਂ, ਰਛਪਾਲ ਸਿੰਘ, ਸਤਨਾਮ ਸਿੰਘ ਤੁੰਗਾਂ, ਅਮਨਦੀਪ ਸ਼ਾਸਤਰੀ, ਜਗਤਾਰ ਸਿੰਘ ਗੰਢੂਆਂ, ਵਰਿੰਦਰ ਸਿੰਘ, ਸੰਜੀਵ ਕੁਮਾਰ, ਮੈਡਮ ਵੰਦਨਾ, ਅਮਿਤ ਮਹਿਤਾ ਅਤੇ ਦੀਪਕ ਸਿੰਗਲਾ ਆਦਿ ਆਗੂਆਂ ਨੇ ਆਪੋ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਤੁਰੰਤ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਹੈ।