
ਪਹਿਲੇ ਪੜਾਅ ਤਹਿਤ 15 ਅਗਸਤ ਨੂੰ 4 ਆਮ ਆਦਮੀ ਕਲੀਨਿਕ ਹੋਣਗੇ ਸ਼ੁਰੂ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 13 ਅਗਸਤ, 2022: ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਅੱਜ ਜ਼ਿਲ੍ਹਾ ਲਾਇਬ੍ਰੇਰੀ ਨਜ਼ਦੀਕ ਬਣਾਏ ਜਾ ਰਹੇ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸ਼ਹਿਰੀ ਅਤੇ ਦਿਹਾਤੀ ਪੱਧਰ ਉੱਤੇ ਲੋਕਾਂ ਦੇ ਘਰਾਂ ਨਜ਼ਦੀਕ ਹੋਰ ਵੀ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ ਜਿਸ ਦੇ ਪਹਿਲੇ ਪੜਾਅ ਤਹਿਤ 15 ਅਗਸਤ ਨੂੰ ਜ਼ਿਲ੍ਹਾ ਸੰਗਰੂਰ ਵਿਖੇ 4 ਆਮ ਆਦਮੀ ਕਲੀਨਿਕ ਆਰੰਭ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਉਪਰੰਤ ਛੇਤੀ ਹੀ ਜ਼ਿਲ੍ਹੇ ਵਿੱਚ 7 ਹੋਰ ਆਮ ਆਦਮੀ ਕਲੀਨਿਕ ਆਰੰਭ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿਚ ਮੈਡੀਕਲ ਅਫ਼ਸਰ ਸੇਵਾਵਾਂ ਪ੍ਰਦਾਨ ਕਰਨਗੇ। ਇਸ ਤੋਂ ਇਲਾਵਾ ਓ ਪੀ ਡੀ ਸੇਵਾਵਾਂ, ਟੀਕਾਕਰਨ ਸੇਵਾਵਾਂ, ਜੱਚਾ ਬੱਚਾ ਸੇਵਾਵਾਂ, ਪਰਿਵਾਰ ਨਿਯੋਜਨ ਸੇਵਾਵਾਂ, ਮੁਫ਼ਤ ਲੈਬ ਟੈਸਟ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।
ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਨਮੋਲ ਸਿੰਘ ਧਾਲੀਵਾਲ, ਐਸ ਡੀ ਐਮ ਸ੍ਰੀ ਚਰਨਜੋਤ ਸਿੰਘ ਵਾਲੀਆ, ਸਿਵਲ ਸਰਜਨ ਡਾ ਪਰਮਿੰਦਰ ਕੌਰ ਵੀ ਮੌਜੂਦ ਸਨ।