ਮੰਗਲ ਮੀਤ ਪੱਤੋ

ਕਿਸੇ ਨੂੰ ਫਿਕਰ, ਹਰ ਵੇਲੇ ਟੁੱਕ ਜੀ.
ਦੂਜੇ ਬੰਨੇ ਤਾਕ, ਕਿਵੇਂ ਲਾਵਾਂ ਥੁੱਕ ਜੀ,
ਦਸ ਵਾਲ਼ੀ ਚੀਜ, ਵਿਕਦੀ ਬੀਹ ਬਈ,
ਲੋਟੂਆਂ ਨੇ ਲਈ, ਉਤੋਂ ਅੱਤ ਚੁੱਕ ਜੀ ।
ਮੌਕੇ ਦਾ ਫਾਇਦਾ, ਉਠਾਉਣ ਲੱਗੇ ਆ,
ਘੱਟ ਕਦੋਂ ਕੀਤੀ, ਨਾਲ਼ੇ ਏਨਾ ਅੱਗੇ ਆ,
ਰਲ਼ੀ ਮਿਲ਼ੀ ਸੀਟੀ ਆਖਦੇ ਨੇ ਲੋਕ ਹੈ,
ਵੇਖੂ ਕਿਵੇਂ ਕੋਈ ਵਲ ਅੱਖ ਚੁੱਕ ਜੀ ।
ਕਿਸੇ ਨੂੰ ਫਿਕਰ ਹਰ ਵੇਲ਼ੇ ਟੁੱਕ ਜੀ
ਦੂਜੇ ਬੰਨੇ ਤਾਕ ਕਿਵੇ ਲਾਵਾਂ ਥੁੱਕ ਜੀ ।
ਆ ਗਿਆ ਕਰੋਨਾ, ਇਹਨਾਂ ਨੂੰ ਰਾਸ ਹੈ,
ਉਨ੍ਹਾ ਦੇ ਕਮਾਈ ਵਾਲੇ ਦਿਨ ਖਾਸ ਹੈ,
ਵਗਦੀ ਗੰਗਾ ‘ ਚ ਸਾਰੇ ਹੱਥ ਧੋਂਵਦੇ,
ਦਿੱਲ਼ੋਂ ਬੜੇ ਖੁਸ਼ ,ਬਣੀ ਹੁਣ ਠੁੱਕ ਜੀ,।
ਕਿਸੇ ਨੂੰ ਫਿਕਰ ਹਰ ਵੇਲੇ ਟੁੱਕ ਜੀ,
ਦੂਜੇ ਬੰਨੇ ਤਾਕ ਕਿਵੇ ਲਾਵਾਂ ਥੁੱਕ ਜੀ ।
ਤਕੜੇ ਦਾ ਬੈਲ, ਕੱਨੀ ਉਤੇ ਵਗਦਾ,
ਹਰ ਥਾਂ ਗਰੀਬ ਨੂੰ ਕਸਾਰਾ ਲਗਦਾ,
ਗਿਲੇ ਗੋਹੇ ਵਾਂਗ ਰਹਿੰਦਾ ਏ ਧੁਖਦਾ,
ਕੇਰਦਾ ਏ ‘ਮੀਤ ‘ਹੰਝੂ ਬੁਕ ਬੁਕ ਜੀ ।
ਕਿਸੇ ਨੂੰ ਫਿਕਰ ,ਹਰ ਵੇਲ਼ੇ ਟੁੱਕ ਜੀ,
ਦੂਜੇ ਬੰਨੇ ਤਾਕ ਕਿਵੇ ਲਾਵਾਂ ਥੁੱਕ ਜੀ ।