ਗੁਰਮੇਲ ਕੌਰ ਸੰਘਾ, ਲੰਡਨ

ਲਗਾਂ ਮਾਤਰਾਂ ਸ਼ਿੰਗਾਰੇ ਅੱਖਰ।
ਲਿੱਪੀ ਗੁਰਮੁਖ਼ੀ ਕਹਿੰਦੇ ਇਸਨੂੰ,
ਗੁਰੂਆਂ ਮੁੱਖੋਂ ਉਚਾਰੇ ਅੱਖਰ।
ਗੁਰਬਾਣੀ ਸਾਨੂੰ ਦਿੱਤਾ ਖ਼ਜ਼ਾਨਾ,
ਰਾਗਾਂ ਨਾਲ ਸ਼ਿੰਗਾਰੇ ਅੱਖਰ।
ਭਾਂਤ ਭਾਂਤ ਦੀ ਵੰਨਗੀ ਸਾਹਿਤ,
ਸ਼ਬਦਾਂ ਵਿੱਚ ਵਿਚਾਰੇ ਅੱਖਰ।
ਪੰਜ ਦਰਿਆਵਾਂ ਦੇ ਪਾਣੀ ਸੰਗ,
ਲਹਿਰੀਂ ਲੈਣ ਹੁਲਾਰੇ ਅੱਖਰ।
ਲੋਰੀ ਮਾਂ ਦੀ ਬਚਪਨ ਦੇ ਵਿੱਚ,
ਖੇਡੇ ਅੰਗ-ਸੰਗ ਸਾਰੇ ਅੱਖਰ।
ਜਾ ਸਕੂਲ ਮੁਹਾਰਤ ਸਿੱਖੀ,
ਹੋ ਗਏ ਅੱਜ ਬੁਲਾਰੇ ਅੱਖਰ।
ਵਿੱਚ ਸਕੂਲਾਂ ਸਿੱਖਿਆ ਲੈ ਕੇ,
ਜ਼ਿੰਦਗੀ ਖ਼ੂਬ ਸੰਵਾਰੇ ਅੱਖਰ।
ਝੂਮੇ ਬਨਸਪਤੀ ਖ਼ੇਤਾਂ ਬੰਨੇਂ,
ਵਿੱਚ ਫ਼ਸਲਾਂ ਲੈਣ ਹੁਲਾਰੇ ਅੱਖਰ।
ਝਰਨੇ, ਬਰਫ਼ਾਂ ਲੱਦੇ ਪਰਬਤ,
ਕੁਦਰਤ ਵਾਰੇ ਨਿਆਰੇ ਅੱਖਰ।
ਟੱਪੇ,ਘੋੜੀਆਂ,ਸੁਹਾਗ,ਸਿੱਠਣੀਆਂ,
ਵਾਰਾਂ, ਮਾਹੀਏ ਉਚਾਰੇ ਅੱਖਰ।
ਤੱਕ ਬੱਦਲ਼ੀ ਨੂੰ ਨੱਚੇ ਮੋਰ,
ਵਿੱਚ ਮਹਿਕਾਂ ਪੌਣ ਖ਼ਿਲਾਰੇ ਅੱਖਰ।
ਜਦ ਮੇਰੀ ਕਵਿਤਾ ਬਣ ਜਾਂਦੇ,
ਲੱਗਦੇ ਬੜੇ ਪਿਆਰੇ ਅੱਖਰ।
’ਸੰਘਾ’ ਜਦ ਮਨ ਭਰ ਭਰ ਉੱਛਲੇ,
ਬਣਦੇ ਮੇਰੇ ਸਹਾਰੇ ਅੱਖਰ।