ਇਟਲੀ (ਸਿੱਕੀ ਝੱਜੀ ਪਿੰਡ ਵਾਲਾ)

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੀਤੀ 7 ਅਗਸਤ ਨੂੰ ਸਭਾ ਵਲੋਂ ਕਰਵਾਏ ਜਾਂਦੇ ਮਹੀਨਾਵਰ ਪ੍ਰੋਗਰਾਮ ਜੋ ਕਿ ਇਸ ਵਾਰ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਯਾਦ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਜੂਮ ਦੇ ਬੋਹੜ ਥੱਲੇ ਆਨਲਾਈਨ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਮੰਚ ਸੰਚਾਲਕ ਦਲਜਿੰਦਰ ਰਹਿਲ ਜੀ ਨੇ ਆਪਣੇ ਮੋਹ ਭਿੱਜੇ ਬੋਲਾਂ ਨਾਲ ਕੀਤੀ ਤੇ ਇਸ ਦੇ ਨਾਲ ਹੀ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੂੰ ਸਰੋਤਿਆਂ ਦੇ ਰੂਬਰੂ ਕੀਤਾ। ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਮੁਲਕ ਦੀ ਅਜਾਦੀ ਲਈ ਸ਼ਹੀਦੀਆਂ ਪਾਉਣ ਵਾਲੇ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਨਾਲ ਹੀ ਕਿਹਾ ਕਿ ਜੇਕਰ ਅਸੀਂ ਲੰਡਨ ਚ ਹਿੱਕ ਤਾਣ ਕੇ ਅੱਜ ਜਿਉਂਦੇ ਹਾਂ ਤਾਂ ਇਹ ਸਭ ਸ਼ਹੀਦ ਊਧਮ ਸਿੰਘ ਦੀ ਦਿੱਤੀ ਕੁਰਬਾਨੀ ਬਦੌਲਤ ਹੈ। ਅਜਾਦੀ ਘੁਲਾਟੀਆਂ ਦੀ ਯਾਦ ਨੂੰ ਸਮਰਪਿਤ ਸਭਾ ਵਲੋਂ ਕਰਵਾਏ ਗਏ ਕਵੀ ਦਰਬਾਰ ਵਿੱਚ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਲਹਿੰਦੇ ਪੰਜਾਬ ਦੀ ਸ਼ਾਇਰਾ ” ਸ਼ਫ਼ੀਆ ਹਯਾਤ ” ਦੀ ਲਿਖੀ ਰਚਨਾ ” ਤੁਸਾਂ ਵੰਡਿਆ ਪੰਜਾਬ ਮੇਰੀ ਮਾਂ ਵੰਡ ਹੋ ਗਈ” ਦੀ ਸਾਂਝ ਪਾਈ ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ। ਇਸ ਕਵੀ ਦਰਬਾਰ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਬਰਤਾਨੀਆ ਵਸਦੇ ਲੇਖਕ ਨਛੱਤਰ ਭੋਗਲ ਨੇ ਆਪਣੀਆਂ 2 ਰਚਨਾਵਾਂ ਦੀ ਸਾਂਝ ਪਾਈ। ਇਸ ਉਪਰੰਤ ਸਭਾ ਦੇ ਮੀਤ ਪ੍ਰਧਾਨ ਗੀਤਕਾਰ ਰਾਣਾ ਅਠੌਲਾ, ਦਲਜਿੰਦਰ ਰਹਿਲ, ਲੇਖਕ ਬਿੰਦਰ ਕੋਲੀਆਂ ਵਾਲ, ਪ੍ਰੇਮ ਪਾਲ ਸਿੰਘ, ਗੁਰਮੀਤ ਸਿੰਘ, ਪ੍ਰੋਫੈਸਰ ਜਸਪਾਲ ਸਿੰਘ ਅਤੇ ਸਿੱਕੀ ਝੱਜੀ ਪਿੰਡ ਵਾਲਾ ਨੇ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਆਪੋ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ।