ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਸ਼ਹਿਰ ਗਲਾਸਗੋ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ, ਓਟੈਗੋ ਸਟਰੀਟ ਗਲਾਸਗੋ ਵਿਖੇ ਵਿਸ਼ਾਲ ਧਾਰਮਿਕ ਸਮਾਗਮ ਕਰਵਾਏ ਗਏ। ਇਸ ਦੌਰਾਨ ਵੱਖ ਵੱਖ ਕੀਰਤਨੀਏ ਸਿੰਘਾਂ ਵੱਲੋਂ ਕੀਰਤਨ ਗਾਇਨ ਅਤੇ ਗੁਰਬਾਣੀ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕੀਰਤਨ ਰਾਹੀਂ ਭਾਈ ਚਰਨਜੀਤ ਸਿੰਘ ਕਲਸੀ, ਕੁਲਰਾਜ ਸਿੰਘ ਬਰਮੀਂ, ਹਰਦੀਪ ਸਿੰਘ ਸੋਢੀ, ਭਾਈ ਜਸਦੀਪ ਸਿੰਘ ਆਦਿ ਵੱਲੋਂ ਕੀਤੇ ਕੀਰਤਨ ਗਾਇਨ ਦਾ ਵੱਡੀ ਗਿਣਤੀ ਵਿੱਚ ਪਹੁੰਚੀ ਸਿੱਖ ਸੰਗਤ ਨੇ ਆਨੰਦ ਮਾਣਿਆ। ਇਸ ਸਮੇਂ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਫ਼ੋ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰਮੀਂ, ਮੀਤ ਪ੍ਰਧਾਨ ਜਸਵੀਰ ਸਿੰਘ ਬਮਰਾਹ, ਸਰਦਾਰਾ ਸਿੰਘ ਜੰਡੂ, ਸੋਹਣ ਸਿੰਘ ਸੋਂਦ, ਹਰਦੀਪ ਸਿੰਘ ਕੁੰਦੀ ਆਦਿ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

