
ਹੈਪੀ ਚੌਧਰੀ, ਟੋਰਾਂਟੋ ( ਕਨੇਡਾ )
ਸਮਝਦੈਂ ਖ਼ੁਦ ਨੂੰ ਕਾਤਬ ਤੂੰ ,
ਖੁਦਾ ਨੂੰ ਕੱਢ ਦਿਮਾਗਾਂ ਚੋਂ,
ਨਬੇੜੇ ਹੋਣ ਅਮਲਾਂ ਦੇ,
ਕੀ ਖੱਟਣਾਂ ਦਸ ਹਿਸਾਬਾਂ ਚੋਂ..!
ਕਰੇਂਦਾ ਝੁਕ ਕੇ ਲੱਖ ਸਜਦੇ,
ਨਿਵਣ ਦੀ ਜਾਚ ਵੀ ਸਿੱਖ ਲੈ,
ਹਰਫ ਕੁਝ ਅਦਬ ਦੇ ਸਿੱਖ ਲੈ,
ਜੋ ਮਿਲਦੇ ਨਾ ਕਿਤਾਬਾਂ ਚੋਂ..
ਸਲੀਬਾਂ ਵੇਖਦੈਂ ਜਦ ਵੀ,
ਯਾਦ ਫਿਰ ਰੱਬ ਨੂੰ ਕਰਦਾ ਏਂ,
ਸੜਨ ਦਾ ਡਰ ਐ ਦਿਲ ਦੇ ਵਿਚ,
ਤਾਂ ਸਜਦੇ ਅੱਗ ਨੂੰ ਕਰਦਾ ਏਂ,

ਇਬਾਦਤ ਖ਼ੌਫ਼ ਰੱਖ ਕੀਤੀ,
ਖ਼ੈਰ ਦੀ ਆਸ ਰਖਨਾਂ ਏਂ,
ਜੋ ਤੂੰ ਇਹ ਡਰ ਕੇ ਸਭ ਕਰਦੈਂ,
ਕੀ ਮਿਲਣਾ ਪੁੰਨ ਸਬਾਬਾਂ ਚੋਂ..!
ਸਮਝਦੈਂ ਖ਼ੁਦ ਨੂੰ ਕਾਤਬ ਤੂੰ ,
ਖੁਦਾ ਨੂੰ ਕੱਢ ਦਿਮਾਗਾਂ ਚੋਂ,
ਤੇਰੇ ਆਦਾਬ ਨਕਲੀ ਨੇ,
ਝੁਕੇਂ ਰੱਖ ਗਰਜ ਮਨ ਅੰਦਰ,
ਦਿਲੇ ਨੂੰ ਪਾਕ ਰੱਖ ਕੇ ਚਲ,
ਇਹੀ ਕਾਬਾ,ਇਹੀ ਮੰਦਰ,
ਤੇਰੇ ਇਹ ਤੌਰ ਜੋ “ਹੈਪੀ “,
ਖੁਦਾ ਨੂੰ ਕਰ ਰਿਹੈਂ ਗੁਮਰਾਹ ,
ਕਿ ਹੁਣ ਖ਼ੁਦਗ਼ਰਜ਼ ਬਣ ਬੈਠਾ,
ਕਾਦਰ ਨੂੰ ਕੱਢ ਖੁਆਬਾਂ ਚੋਂ..!
ਨਬੇੜੇ ਹੋਣ ਅਮਲਾਂ ਦੇ,
ਕੀ ਖੱਟਣਾਂ ਦਸ ਹਿਸਾਬਾਂ ਚੋਂ..