ਟਰੱਸਟ ਲੋੜਵੰਦ ਮਰੀਜ਼ਾਂ ਨੂੰ ਵੰਡੇਗਾ ਇੱਕ ਲੱਖ ਮੁਫਤ ਡਾਇਲਾਇਜ਼ਰ ਕਿੱਟਾਂ : ਸਿੱਧੂ, ਹੇਰ

ਅੰਮ੍ਰਿਤਸਰ,(ਰਾਜਿੰਦਰ ਰਿਖੀ)
ਅਾਪਣੇ ਵਿਲੱਖਣ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਇੱਕ ਵੱਖਰੀ ਮਿਸਾਲ ਪੇਸ਼ ਕਰਨ ਵਾਲੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਉਬਰਾਏ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੇ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ 1 ਲੱਖ ਡਾਇਲਾਇਜ਼ਰ ਕਿੱਟਾਂ ਮੁਫ਼ਤ ਵੰਡਣ ਦੇ ਆਰੰਭੇ ਗਏ ਮਿਸ਼ਨ ਤਹਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ (ਅੰਮ੍ਰਿਤਸਰ) ਨੂੰ ਲੋੜਵੰਦ ਮਰੀਜ਼ਾਂ ਲਈ 50 ਡਾਇਲਾਇਜ਼ਰ ਕਿੱਟਾਂ ਦਿੱਤੀਆਂ ਗਈਆਂ।
ਇਸ ਦੌਰਾਨ ਉਚੇਚੇ ਤੌਰ ਤੇ ਮੌਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ, ਹਸਪਤਾਲ ਦੇ ਮੁੱਖ ਪ੍ਰਬੰਧਕ ਡਾ.ਏ. ਪੀ.ਸਿੰਘ ਅਤੇ ਡਾ.ਉੱਪਲ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਜਦ ਹਰ ਕੋਈ ਈਰਖਾ ਤੇ ਨਿੱਜਵਾਦ ਦੇ ਲਾਲਚ ‘ਚ ਗ੍ਰਸਤ ਹੋ ਕੇ ਧਨ ਦੌਲਤ ਇਕੱਠੀ ਕਰਨ ‘ਚ ਰੁੱਝਿਆ ਹੋਇਆ ਹੈ,ਉਸ ਵੇਲੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਸੱਚੇ ਸਿੱਖ ਡਾ.ਓਬਰਾਏ ਵੱਲੋਂ ਲੋੜਵੰਦਾਂ ਦੀ ਮਦਦ ਲਈ ਆਪਣੀ ਕਿਰਤ ਕਮਾਈ ਦਾ ਵੱਡਾ ਹਿੱਸਾ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਬਿਪਤਾ ਭਰੀ ਅੌਖੀ ਘੜੀ ਵੇਲੇ ਵੀ ਡਾ.ਓਬਰਾਏ ਵੱਲੋਂ ਪੰਜਾਬ ਦੇ ਹਰੇਕ ਕੋਨੇ ‘ਚ ਪ੍ਰਸ਼ਾਸ਼ਨ ਤੇ ਲੋੜਵੰਦ ਲੋਕਾਂ ਨੂੰ ਦਿੱਤਾ ਜਾ ਰਿਹਾ ਵੱਡਾ ਸਹਿਯੋਗ ਇੱਕ ਵੱਖਰੀ ਮਿਸਾਲ ਪੇਸ਼ ਕਰਦਾ ਹੈ, ਜੋ ਪੂਰੀ ਦੁਨੀਆਂ ਅੰਦਰ ਵੱਸਦੀ ਸਿੱਖ ਕੌਮ ਦੇ ਨਾਲ-ਨਾਲ ਸਮੁੱਚੀ ਪੰਜਾਬੀਅਤ ਲਈ ਵੀ ਵੱਡੇ ਮਾਣ ਵਾਲੀ ਗੱਲ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਝਾ ਜੋਨ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ,ਮੀਤ ਪ੍ਰਧਾਨ ਸ਼ਿਸ਼ਪਾਲ ਸਿੰਘ ਲਾਡੀ, ਵਿੱਤ ਸਕੱਤਰ ਨਵਜੀਤ ਸਿੰਘ ਘਈ, ਸੀਨੀਅਰ ਮੈਂਬਰ ਜਗਦੇਵ ਸਿੰਘ ਛੀਨਾ,ਗੁਰਪ੍ਰੀਤ ਸਿੰਘ ਸਿੱਧੂ,ਮੰਗਦੇਵ ਸਿੰਘ ਛੀਨਾ ਆਦਿ ਨੇ ਦੱਸਿਆ ਕਿ ਡਾ.ਓਬਰਾਏ ਦੀ ਯੋਗ ਅਗਵਾਈ ਹੇਠ ਅੱਜ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਨੂੰ ਹਸਪਤਾਲ ਦੇ ਪ੍ਰਬੰਧਕਾਂ ਦੀ ਮੰਗ ਤੇ ਲੋੜਵੰਦ ਗੁਰਦਾ ਪੀੜਤ ਮਰੀਜ਼ਾਂ ਲਈ ਅੱਜ 50 ਡਾਇਲਾਇਜ਼ਰ ਕਿੱਟਾਂ ਦਿੱਤੀਆਂ ਗਈਆਂ ਹਨ ਅਤੇ ਲੋੜ ਅਨੁਸਾਰ ਭਵਿੱਖ ‘ਚ ਵੀ ਇਹ ਸੇਵਾ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੇ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ 1 ਲੱਖ ਡਾਇਲਾਇਜ਼ਰ ਕਿੱਟਾਂ ਮੁਫ਼ਤ ਵੰਡਣ ਦੇ ਆਰੰਭੇ ਗਏ ਮਿਸ਼ਨ ਤਹਿਤ ਹੁਣ ਤੱਕ 45 ਹਜ਼ਾਰ ਕਿੱਟਾਂ ਮੁਫ਼ਤ ਵੰਡੀਆਂ ਜਾ ਚੁੱਕੀਆਂ ਹਨ। ਇੱਕ ਡਾਇਲਾਇਜ਼ਰ ਕਿੱਟ ਦੀ ਬਾਜ਼ਾਰੀ ਕੀਮਤ 1200 ਤੋਂ 1500 ਰੁਪਏ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਅਾਂ ਵੀ ਪੰਜਾਬ ਅੰਦਰ ਇਸ ਵੇਲੇ 96 ਡਾਇਲਸਿਸ ਯੂਨਿਟ ਚੱਲ ਰਹੇ ਹਨ,ਜਿਨ੍ਹਾਂ ਅੰਦਰ ਹੁਣ ਦੋ ਦੀ ਥਾਂ ਤਿੰਨ ਸ਼ਿਫਟਾਂ ਚ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਗੁਰਦਾ ਰੋਗ ਤੋਂ ਪੀੜਤ ਮਰੀਜ਼ਾਂ ਨੂੰ ਕਰਫਿਊ ਦੌਰਾਨ ਵੀ ਕੋਈ ਮੁਸ਼ਕਿਲ ਨਾ ਪੇਸ਼ ਅਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਅੰਦਰ ਵੀ ਪਿਛਲੇ ਸਮੇਂ ਤੋੰ ਲਗਾਤਾਰ ਮੁਫ਼ਤ ਡਾਇਲਾਇਜ਼ਰ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਜਦ ਕਿ ਸ਼ਹਿਰ ਦੇ ਪ੍ਰਮੁੱਖ ਈ.ਐੱਮ.ਸੀ. ਹਸਪਤਾਲ ਅੰਦਰ ਵੀ ਮਰੀਜ਼ਾਂ ਦੀ ਸਹੂਲਤ ਲਈ ਟਰੱਸਟ ਵੱਲੋਂ ਤਿੰਨ ਡਾਇਲਸਿਸ ਯੂਨਿਟ ਵੀ ਪਿਛਲੇ ਲੰਮੇ ਸਮੇਂ ਤੋਂ ਚਲਾਏ ਜਾ ਰਹੇ ਹਨ।