
ਅਸੀਂ ਸਾਰੇ ਜਹਾਨ ਦੇ ਵਾਸੀ ਲੋਕ ਮੁੱਢ ਕਦੀਮ ਤੋਂ ਤੇ ਅੱਜ-ਕੱਲ੍ਹ ਵੀ ਹਰ ਜ਼ਬਾਨ ਤੋਂ ਆਮ ਜਿਹੀ ਗੱਲ ਸੁਣਦੇ ਹਾਂ “ਬਾਪ ਹੁੰਦੇ ਨੇ ਸਿਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਹੁੰਦੀਆਂ ਨੇ ਠੰਢੀਆਂ ਛਾਵਾਂ।” ਇਹ ਗੱਲ ਤਾਂ ਸੋਲ੍ਹਾਂ ਆਨੇ ਖ਼ਰੀ ਤੇ ਬਿਲਕੁਲ ਸੱਚ ਦਾ ਬਿਰਤਾਂਤ ਕਰਦੀ ਹੈ। ਇਸ ਗੱਲ ਦਾ ਅਹਿਸਾਸ ਉਹਨਾਂ ਵਿਚਾਰਿਆਂ ਨੂੰ ਸਾਰੀ ਉਮਰ ਇੱਕ ਧੂਣੀ ਵਾਂਗੂੰ ਬਲ ਕੇ ਅੰਦਰ ਖੋਹ ਪਾਉਂਦਾ ਰਹਿੰਦਾ ਹੈ, ਜਿਹੜੇ ਮਾਪਿਆਂ ਦੇ ਪਿਆਰ ਦੀ ਨਿੱਘ ਤੋਂ ਵਾਂਝੇ ਹੋ ਜਾਂਦੇ ਨੇ। ਜਿਹੜੇ ਲੋਕਾਂ ਨੂੰ ਮੁੱਢੋਂ ਹੀ ਮਾਂ-ਬਾਪ ਦਾ ਪਿਆਰ ਨਸੀਬ ਨਹੀਂ ਹੁੰਦਾ, ਉਹ ਹਮੇਸ਼ਾ ਵਿਲਕਦਿਆਂ ਹੀ ਇਸ ਚੀਸ ਨੂੰ ਹੰਢਾਉਂਦੇ ਰਹਿੰਦੇ ਨੇ ਤੇ ਉਹ ਆਪਣੇ ਜਨਮ ਲੈਣ ਨੂੰ ਹੀ ਗੁਨਾਹ ਸਮਝਣ ਲੱਗ ਜਾਂਦੇ ਨੇ। ਸਾਡੇ ਵਿੱਚੋਂ ਕਿਸੇ ਵੀ ਇਨਸਾਨ ਲਈ ਇਹ ਰੱਬ ਰੂਪੀ ਤੋਹਫ਼ਾ ਕਿਸੇ ਕਰਾਮਾਤ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਇਹ ਤੋਹਫ਼ਾ ਉਹਨਾਂ ਅਸੀਸਾਂ ਦਾ ਅਥਾਹ ਤੇ ਅਮੁੱਕ ਸੁਮੰਦਰ ਹੁੰਦਾ ਹੈ, ਜਿਸ ਦੀ ਡੂੰਘਾਈ ਨੂੰ ਨਾਪਣਾ ਇੱਕ ਅਸੰਭਵ ਕਾਰਜ ਮੰਨਿਆ ਜਾਂਦਾ ਹੈ। ਇਸ ਤੋਹਫ਼ੇ ਵਿੱਚ ਲੁਕੀਆਂ ਅਦਿੱਖ ਅਸੀਸਾਂ ਮਨੁੱਖ ਨੂੰ ਹਰ ਹਨ੍ਹੇਰ ਭਰੇ ਝੱਖੜਾਂ ਦੀ ਡੂੰਘੀ ਤੇ ਤਿੱਖੀ ਮਾਰ ਵਿੱਚੋਂ ਵੀ ਤਿਣਕਾ ਬਣ ਸਹਾਰਾ ਦੇ ਕੇ ਹਰ ਇਨਸਾਨ ਦਾ ਮੁਸ਼ਕਿਲਾਂ ਭਰਿਆ ਰਾਹ ਸਰ੍ਹੋਂ ਦੀ ਦੇ ਪੀਲੇ ਫੁੱਲਾਂ ਨੂੰ ਰੰਗ -ਬਹੁਰੰਗੀ ਰੰਗਤ ਦੇ ਕੇ ਭਰਦਿਆਂ ਅਥਾਹ ਖੁਸ਼ੀਆਂ ਖੇੜੇ ਬਖ਼ਸ਼ਣ ਵਿੱਚ ਮੁੱਢਲੀ ਭੂਮਿਕਾ ਬੰਨ੍ਹਣ ਦਾ ਯਤਨ ਕਰਦੀਆਂ ਹਨ। ਜਦੋਂ ਮਾਪੇ ਆਪਣੇ ਪੁੱਤਰ ਧੀਆਂ ਨੂੰ ਸਿਰ ਤੇ ਹੱਥ ਧਰ ਇਹ ਕਹਿਣ “ਜਿਉਂਦਾ ਰਹਿ ਪੁੱਤ! ਜਿਉਂਦੀ ਰਹਿ ਧੀਏ!” ਤਾਂ ਇੰਝ ਲੱਗਦਾ ਜਿਵੇਂ ਸਾਰੀ ਕਾਇਨਾਤ ਸਾਨੂੰ ਖ਼ੁਸ਼ੀਆਂ ਦੀਆਂ ਝੋਲੀਆਂ ਭਰ ਕੇ ਤੋਹਫ਼ਾ ਦੇਣਾ ਚਾਹੁੰਦੀ ਹਾਂ ਉਹ ਅਲੌਕਿਕ ਬਿਰਤਾਂਤ ਬਿਆਨ ਕਰਨ ਲਈ ਸ਼ਬਦਾਂ ਦੀ ਗਿਣਤੀ ਖ਼ਤਮ ਹੋ ਜਾਂਦੀ ਹੈ। ਮਾਪਿਆਂ ਦੀਆਂ ਅਸੀਸਾਂ ਤਾਂ ਆਪਣੇ ਬੱਚਿਆਂ ਦੇ ਹਰ ਰਾਹ ਵਿੱਚ ਨਜ਼ਰ ਆਉਂਦੇ ਪੱਥਰਾਂ ਤੇ ਕੰਢਿਆਂ ਨੂੰ ਖ਼ੁਸ਼ੀ- ਖ਼ੁਸ਼ੀ ਹੂੰਝਣ ਵਾਲੀ ਠੰਢੀ ਹਵਾ ਦੇ ਬੁੱਲੇ ਦਾ ਕੰਮ ਕਰਦੀਆਂ ਨੇ। ਭਾਵੇਂ ਇਨਸਾਨ ਜਿੱਡੀ ਮਰਜ਼ੀ ਵੱਡੀ ਉਮਰ ਹੰਢਾ ਰਿਹਾ ਹੋਵੇ ਪਰ ਇਹ ਦੁਆਵਾਂ ਹਮੇਸ਼ਾ ਹੀ ਉਸ ਦੇ ਜੀਵਨ ਦਾ ਅਣਿਖੜਵਾਂ ਹਾਣੀ ਬਣ ਤੇ ਉਸ ਦੇ ਰਾਹ ਦਾ ਰਾਹ ਦਸੇਰਾ ਬਣ ਕੇ ਉਸ ਦੇ ਜੀਵਨ ਦਾ ਬੇੜਾ ਪਾਰ ਲਾਉਣ ਵਿੱਚ ਸਹਾਈ ਹੁੰਦੀਆਂ ਹਨ। ਇਹਨਾਂ ਦੁਆਵਾਂ ਦੀ ਕੂਕਾਂ ਹਰ ਇਨਸਾਨ ਨੂੰ ਜ਼ਿੰਦਗੀ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਹਿੰਮਤ ਤੇ ਹੌਸਲੇ ਨਾਲ਼ ਹੀ ਚੜ੍ਹਦੀ ਕਲਾ ਦਾ ਪਾਠ ਪੜ੍ਹਾ ਕੇ ਪ੍ਰੇਰਨਾ ਸ੍ਰੋਤ ਅਖਵਾਉਂਦੀਆਂ ਹਨ। ਅਸੀਂ ਅੱਜ ਦੀ ਅਜੌਕੀ ਨੌਜਵਾਨ ਪੀੜ੍ਹੀ ਕਈ ਵਾਰ ਆਪਣੇ ਮਾਪਿਆਂ ਦੀਆਂ ਗੁੱਝੀਆਂ ਰਮਜਾਂ ਨੂੰ ਸਮਝਣ ਤੋਂ ਗ਼ੁਰੇਜ਼ ਕਰਦੇ ਹਾਂ ਪਰ ਜਿਵੇਂ ਕਹਿੰਦੇ ਨੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਵਿੱਚ ਹੀ ਪਤਾ ਲੱਗਦਾ ਹੈ, ਉਸੇ ਤਰ੍ਹਾਂ ਦੀ ਹੀ ਸਾਡੀ ਜ਼ਿੰਦਗੀ ਹੈ ਜਿਸ ਨੂੰ ਜ਼ਿੰਦਾਬਾਦ ਤੇ ਆਬਾਦ ਰਹਿਣ ਦੀ ਦੁਆ ਦੇਣ ਲਈ ਸਾਡੇ ਸਤਿਕਾਰਯੋਗ ਮਾਪਿਆਂ ਨੂੰ ਕਿਹੜੇ ਪਾਪੜ ਵੇਲਣੇ ਪੈਂਦੇ ਨੇ, ਇਸ ਬਾਰੇ ਮਾਪਿਆਂ ਤੋਂ ਵੱਧ ਕੇ ਕੋਈ ਨਹੀਂ ਜਾਣਦਾ। ਮਾਪਿਆਂ ਦੇ ਗ਼ੁੱਸੇ ਤੇ ਉਹਨਾਂ ਦੇ ਮੱਥੇ ਤੇ ਪਈਆਂ ਫ਼ਿਕਰਾਂ ਰੂਪੀ ਤਿਊੜੀਆਂ ਵੀ ‘ਘਿਉ ਦੀਆਂ ਵੱਗ਼ਦੀਆਂ ਨਾਲਾਂ’ ਵਾਂਗੂੰ ਹੀ ਹੁੰਦੀਆਂ ਹਨ, ਜਿਹਨਾਂ ਦਾ ਮਕਸਦ ਆਪਣੇ ਪੁੱਤਰਾਂ- ਧੀਆਂ ਨੂੰ ਸਮਾਜ ਦੀਆਂ ਮਾੜੀਆਂ ਨਜ਼ਰਾਂ ਤੋਂ ਉਹਲੇ ਰੱਖਣਾ ਹੁੰਦਾ ਹੈ। ਜੇਕਰ ਆਪਾਂ ਆਪਣੇ ਵੱਡਿਆਂ ਦੇ ਸਮੇਂ ਵੱਲ ਝਾਤੀ ਮਾਰੀਏ ਤਾਂ ਸਾਨੂੰ ਉਸ ਅਹਿਸਾਸ ਦਾ ਪਤਾ ਲੱਗੂਗਾ ਜਿਸ ਨਾਲ ਸਾਡੇ ਵੱਡੇ- ਵਡੇਰਿਆਂ ਦੇ ਕੰਮ ਨੂੰ ਸੁਚੱਜੇ ਰੂਪ ਵਿੱਚ ਨੇਪਰੇ ਚਾੜ੍ਹਨ ਦਾ ਕੰਮ ਪ੍ਰੇਰਨਾ ਦੇ ਕੇ ਕੀਤਾ ਜਾਂਦਾ ਰਿਹਾ। ਜਿੱਥੇ ਮਾਪਿਆਂ ਦੀਆਂ ਅਸੀਸਾਂ ਸਾਡੇ ਹਰ ਦੁੱਖ ਨੂੰ ਪਰਾਂ ਸੁੱਟ ਕੇ ਰੱਖਣ ਦਾ ਦਮ ਰੱਖਦੀਆਂ ਹਨ, ਉੱਥੇ ਉਹ ਸਾਡੇ ਲਈ ਇੱਕ ਮਾਰਗ ਦਰਸ਼ਕ ਦਾ ਕੰਮਕਾਜ ਵੀ ਬਾਖ਼ੂਬੀ ਨਿਭਾਉਂਦੀਆਂ ਹਨ। ਭਾਵੇਂ ਸਾਡੀ ਨੌਜਵਾਨ ਪੀੜ੍ਹੀ ਕਿੰਨੀਆਂ ਵੀ ਸ਼ੋਹਰਤਾਂ ਨੂੰ ਛੂਹ ਕਿਉਂ ਨਾ ਲਵੇ ਪਰ ਇਹ ਨਾ ਭੁੱਲੇ ਕਿ ਮਾਪਿਆਂ ਬਿਨ੍ਹਾਂ ਉਹਨਾਂ ਦੀ ਕੋਈ ਪੁੱਛ ਪੜਤਾਲ ਹੁੰਦੀ ਹੈ। ਉਹਨਾਂ ਦੇ ਦੁਨਿਆਵੀਂ ਰਿਸ਼ਤੇ ਸਿਰਫ਼ ਮਾਪਿਆਂ ਦੀ ਹੋਂਦ ਦੀ ਬਦੌਲਤ ਹੁੰਦੇ ਨੇ। ਮਾਪਿਆਂ ਦੇ ਮਾਰਗ ਦਰਸ਼ਨ ਤੋਂ ਬਿਨ੍ਹਾਂ ਇਹ ਇਨਸਾਨੀ ਜੀਵਨ ਕਿਸੇ ਜਾਨਵਰ ਦੁਆਰਾ ਕਿਸੇ ਰੇਤੀਲੇ ਬੀਆਬਾਨ ਵਿੱਚ ਬੇਲੋੜੀਆਂ ਭਟਕਣਾ ਸਾਮਾਨ ਹੈ।ਇਸ ਲਿਖਤ ਨੂੰ ਲਿਖਣਾ ਮੇਰਾ ਮਕਸਦ ਕਿਸੇ ਨੂੰ ਵੀ ਸਿੱਧੇ ਜਾਂ ਅਸਿੱਧੇ ਤੌਰ ਤੇ ਮਾਨਸਿਕ ਤੌਰ ‘ਤੇ ਠੇਸ ਪਹੁੰਚਾਉਣਾ ਨਹੀਂ ਸਗੋਂ ਇਹੀ ਕਹਿਣਾ ਚਾਹਵਾਂਗਾ ਕਿ ਜੇਕਰ ਅਸੀਂ ਘਰਾਂ ਵਿੱਚ ਇਹ ਖੁਸ਼ੀਆਂ ਬਿਖੇਰਦੀਆਂ ਚਾਨਣ ਰੂਪੀ ਸੇਧਾਂ ਨੂੰ ਹਰ ਵੇਲੇ ਹੀ ਖੁਸ਼ ਵੇਖਣਾ ਚਾਹੁੰਦੇ ਹਾਂ ਤਾਂ ਸਾਡੀ ਅਜੋਕੀਆਂ ਨੌਜਵਾਨ ਪੀੜ੍ਹੀਆਂ ਨੂੰ ਇਨ੍ਹਾਂ ਬੋਹੜਾਂ ਤੇ ਪਿੱਪਲਾਂ ਦੀਆਂ ਛਾਵਾਂ ਨੂੰ ਸੰਭਾਲਣ ਦਾ ਯਤਨ ਕਰਨਾ ਪਵੇਗਾ ਨਹੀਂ ਤਾਂ ਸਾਡੀ ਹਾਲਾਤ ਉਸ ਭੇੜਾਂ ਚਾਰਨ ਵਾਲੇ ਆਜੜੀ ਵਰਗੀ ਹੋ ਜਾਵੇਗੀ ਜਿਸ ਨੂੰ ਨਾ ਪੁੱਛਣ ਵਾਲਾ ਤੇ ਨਾ ਕੋਈ ਉਸ ਦੀ ਆਵਾਜ਼ ਨੂੰ ਸੁਣਨ ਵਾਲਾ ਮਿਲੂੰਗਾ। ਜਿਵੇਂ ਸਾਡੇ ਮਾਪਿਆਂ ਨੇ ਸਾਡੀ ਸੰਭਾਲ ਕਰ ਸਾਨੂੰ ਸ਼ਾਨ ਨਾਲ ਸਮਾਜ ਦਾ ਹਿੱਸਾ ਬਣਾਉਣ ਲਈ ਦਿਨ ਰਾਤ ਇੱਕ ਕਰਕੇ ਕਸਰ ਨਹੀਂ ਛੱਡੀ ਉਸੇ ਤਰ੍ਹਾਂ ਇਸ ਕਸਤੂਰੀ ਵਰਗੀ ਖ਼ੁਸ਼ਬੂ ਦਰਸਾਉਂਦੇ ਮਾਪਿਆਂ ਦੀ ਸੰਭਾਲ ਕਰ ਸਮਾਜ ਦਾ ਹਿੱਸਾ ਬਣਦੇ ਜਾ ਰਹੇ ਬਿਰਧ ਆਸ਼ਰਮ ਦੀ ਹੋਂਦ ਹੀ ਮੁਕਾ ਦਈਏ।
ਸ਼ਮਸ਼ੀਲ ਸਿੰਘ ਸੋਢੀ।