10.2 C
United Kingdom
Thursday, May 9, 2024

More

    ਬੁੱਧ ਚਿੰਤਨ:ਦਿੱਲੀ ਦੀ ਪੰਜਾਬ ‘ਚ ਛਲੇਡਾ ਸਿਆਸਤ!

           ਪੰਜਾਬ ਤੇ ਪੰਜਾਬੀਆਂ ਨੂੰ ਅਜੇ ਤੱਕ ਦਿੱਲੀ ਦੀ ਛਲੇਡਾ ਸਿਆਸਤ ਦੀ ਪਛਾਣ ਨਹੀਂ ਆਈ। ਇਸੇ ਕਰਕੇ ਹਰ ਵਾਰ ਪੰਜਾਬ ਧੋਖਾ ਖਾ ਲੈਂਦਾ ਹੈ। ਆਪਣਾ ਆਪ ਵਢਾ ਲੈਂਦਾ ਹੈ। ਦੇਸ਼ ਦੀ ਸਿਆਸੀ ਵੰਡ ਤੋਂ ਪਹਿਲਾਂ ਤੇ ਅੱਜ ਤੱਕ ਪੰਜਾਬ ਨੂੰ ਦਿੱਲੀ ਵਾਲਿਆਂ ਨੇ ਹਮੇਸ਼ਾ ਹੀ ਵਰਤਿਆ ਹੈ। ਹਰ ਤਰ੍ਹਾਂ ਦਾ ਤਜਰਬਾ ਵੀ ਦਿੱਲੀ ਦੀ ਸਿਆਸਤ ਨੇ ਪੰਜਾਬ ਦੇ ਵਿੱਚ ਕੀਤਾ ਹੈ। ਭਾਵੇਂ ਪੰਜਾਬ ਦੇ ਸਿਆਸੀ, ਧਾਰਮਿਕ ਤੇ ਵਿਦਵਾਨਾਂ ਨੂੰ ਦਿੱਲੀ ਦੇ ਬਹੁਰੰਗੇ ਚਿਹਰੇ ਸਮਝ ਆਉਂਦ ਰਹੇ ਪਰ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਦਾ ਕਦੇ ਦਿਲ ਨਹੀਂ ਦਿਖਾਇਆ ਪਰ ਆਪ ਹਰ ਵੇਲੇ ਉਹ ਮਲਾਈਆਂ ਛਕਦੇ ਰਹੇ ਤੇ ਦਿੱਲੀ ਦੇ ਪੈਰ ਚੱਟਦੇ ਰਹੇ। ਇਹੋ ਹੀ ਪੰਜਾਬ ਦੀ ਹੋਣੀ ਦਾ ਇਹ ਅੰਦਰਲਾ ਸੱਚ ਹੈ ਕਿ ਪੰਜਾਬ ਦੇ ਆਗੂਆਂ ਨੇ ਦਿੱਲੀ ਦੇ ਨਾਲ ਆਪ ਯਰਾਨੇ ਪਾ ਕੇ ਰੱਖੇ ਤੇ ਪੰਜਾਬ ਦਾ ਉਹ ਸਦਾ ਖੁਦ ਮੁੱਲ ਵੱਟਦੇ ਰਹੇ ਤੇ ਵਟ ਰਹੇ ਹਨ। ਸਿਆਸੀ ਆਗੂਆਂ ਨੇ ਕਦੇ ਪੰਜਾਬ ਦੀਆਂ ਸਰਹੱਦਾਂ, ਕਦੇ ਪੰਜਾਬ ਦੇ ਪਾਣੀਆਂ ਨੂੰ ਤੇ ਕਦੇ ਪੰਜਾਬ ਦੀ ਜੁਆਨੀ ਦਾ ਮੁੱਲ ਵੱਟਿਆ ਤੇ ਆਪਣੀ ਸੱਤਾ ਕਾਇਮ ਰੱਖੀ। ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਆਪਣੇ ਸਿਆਸੀ, ਧਾਰਮਿਕ ਤੇ ਵਿਦਵਾਨਾਂ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਦੇ ਵਿੱਚ ਆ ਕੇ, ਉਨ੍ਹਾਂ ਦੇ ਮਗਰ ਲੱਗ ਕੇ ਆਪਣੇ ਹੱਥੀਂ ਪੰਜਾਬ ਨੂੰ ਬਰਬਾਦ ਕਰਦੇ ਰਹੇ। ਜਿਹੜੀ ਪੀੜ੍ਹੀ ਦੇ ਸਿਆਣੇ ਲੋਕਾਂ ਨੂੰ ਇਨ੍ਹਾਂ ਅਖੌਤੀ ਆਗੂਆਂ ਦੀ ਗੱਲ ਸਮਝ ਲੱਗੀ, ਉਹ ਆਪਣੀ ਸੁਰੱਖਿਆ ਦੇ ਲਈ ਵਿਦੇਸ਼ਾਂ ਵੱਲ ਨੂੰ ਇਕ ਇਕ ਕਰਕੇ ਉਡਾਰੀ ਮਾਰਦੇ ਰਹੇ। ਗੱਲ ਪੰਜਾਬੀ ਸੂਬੇ ਦੀ ਹੋਵੇ ਜਾਂ ਗੁਆਂਢੀ ਰਾਜਾਂ ਨੂੰ ਪਾਣੀ ਦੇਣ ਦੀ ਹੋਵੇ। ਹਰ ਵਾਰ ਦਿੱਲੀ ਵਾਲੇ ਹਾਕਮਾਂ ਨੇ ਕਦੇ ਪਿਆਰ ਨਾਲ, ਕਦੇ ਹੰਕਾਰ ਨਾਲ ,ਕਦੇ ਲਾਲਚ ਨਾਲ ਤੇ ਕਦੇ ਬਾਂਹ ਮਰੋੜ ਕੇ ਆਪਣੀ ਗੱਲ ਮਨਾਈ। ਪੰਜਾਬ ਦੇ ਸਿਆਸੀ ਆਗੂਆਂ ਨੇ ਆਪਣੀ ਕੁਰਸੀ ਕਾਇਮ ਰੱਖਣ ਦੇ ਲਈ ਸਭ ਕੁੱਝ ਕੀਤਾ। ਇਹੋ ਹੀ ਕਾਰਨ ਹੈ ਕਿ ਅੱਜ ਪੰਜਾਬ ਹਰ ਖੇਤਰ ਦੇ ਵਿੱਚ ਪਛੜ ਗਿਆ। ਸੱਤਾ ਦੇ ਲਾਲਚ ਲਈ ਸ੍ਰੋਮਣੀ ਅਕਾਲੀ ਦਲ ਨੇ ਪੰਜਾਬੀ ਸੂਬਾ ਮੋਰਚਾ ਲਗਾ ਕੇ ਮਹਾਂ ਪੰਜਾਬ ਨੂੰ ਆਪਣੇ ਹੱਥਾਂ ਨਾਲ ਆਪੇ ਕਟਵਾਇਆ। ਜਿਹੜੀ ਦਿੱਲੀ ਕਦੇ ਮਹਾਂ ਪੰਜਾਬ ਦਾ ਸੂਬਾ ਹੁੰਦੀ ਸੀ ਤੇ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬੀ ਸੂਬਾ ਬਨਣ ਵੇਲੇ ਉਹੀ ਦਿੱਲੀ ਹਾਕਮ ਬਣ ਗਈ। ਪੰਜਾਬ ਦੇ ਸਿਆਸੀ ਆਗੂਆਂ ਨੇ ਪੰਜਾਬ ਦੇ ਹਿੱਤਾਂ ਨਾਲੋਂ ਆਪਣੇ ਹਿੱਤਾਂ ਨੂੰ ਸਦਾ ਪਹਿਲ ਦਿੱਤੀ। ਪੰਜਾਬ ਦੀਆਂ ਸਿਆਸੀ ਪਾਰਟੀਆਂ ਕਾਂਗਰਸ, ਸ੍ਰੋਮਣੀ ਅਕਾਲੀ ਦਲ ਤੇ ਸੀਪੀਆਈ ਨੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ। ਇਹਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਦਿੱਲੀ ਵਾਲਿਆਂ ਨਾਲ ਆਪਣੀ ਗੰਢ ਤੁਪ ਰੱਖੀ ਤੇ ਪੰਜਾਬ ਦੇ ਲੋਕਾਂ ਨੂੰ ਆਪਣੇ ਢੰਗ ਦੇ ਨਾਲ ਵਰਤਿਆ। ਪੰਜਾਬ ਦੇ ਪਾਣੀਆਂ ਨੂੰ ਕਦੇ ਕਾਂਗਰਸੀਆਂ ਨੇ ਤੇ ਕਦੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੇਚਿਆ। ਪੰਜਾਬ ਦੇ ਅੰਦਰ ਹਰੀ, ਚਿੱਟੀ ਤੇ ਨੀਲੀ ਕ੍ਰਾਂਤੀ ਦਾ ਦੁਨੀਆਂ ਦੇ ਵਿੱਚ ਫੇਲ ਹੋਇਆ ਤਜਰਬਾ ਕਰਵਾਇਆ। ਇਸ ਹਰੀ ਕ੍ਰਾਂਤੀ ਦੇ ਅਧੀਨ ਦੁਨੀਆਂ ਦੇ ਵਿੱਚ ਬੰਦ ਕੀਤੀਆਂ ਮਨੁੱਖ ਤੇ ਕੁਦਰਤ ਵਿਰੋਧੀ ਜ਼ਹਿਰੀਲੀਆਂ ਦਵਾਈਆਂ ਨੂੰ ਵਰਤਣ ਦੀ ਖੁਲ੍ਹ ਦਿੱਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਰਾਹੀ ਉਨ੍ਹਾਂ ਦਵਾਈਆਂ ਦੀ ਸਿਫਾਰਸ਼ਾਂ ਕਰਵਾ ਕੇ ਪੰਜਾਬ ਦੀ ਧਰਤੀ ਤੇ ਮਨੁੱਖ ਨੂੰ ਨਸ਼ੇੜੀ ਬਣਾਇਆ। ਪੰਜਾਬ ਦੇ ਵਿੱਚ ਅਨਾਜ ਤਾਂ ਵੱਧਦਾ ਗਿਆ ਤੇ ਦੇਸ਼ ਦੇ ਗੁਦਾਮ ਭਰਦੇ ਰਹੇ।     ਪੰਜਾਬ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਬਿਮਾਰ ਕਰਨ ਲਈ ਹਰ ਤਰ੍ਹਾਂ ਦਾ ਤਜਰਬਾ ਕੀਤਾ ਗਿਆ। ਪੰਜਾਬ ਦੀ ਆਬਾਦੀ ਕੰਟਰੋਲ ਕਰਨ ਲਈ “ਦੋ ਹੀ ਕਾਫੀ ਹੋਰ ਤੋ ਮਾਫੀ” ਦਾ ਨਾਹਰਾ ਲਗਾ ਕੇ ਬੱਚਿਆਂ ਦੀ ਗਿਣਤੀ ਘਟਾਉਣ ਦਾ ਛੜਯੰਤਰ ਰਚਿਆ। ਇਹ ਮੁਹਿੰਮ ਪੰਜਾਬ ਦੇ ਵਿੱਚ ਕਾਮਯਾਬ ਕਰਨ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਤੇ ਅਸੀਂ ਲਾਲਚ ਫਸੇ। ਪੰਜਾਬੀਆਂ ਨੂੰ ਇਹ ਸਮਝ ਹੀ ਨਹੀਂ ਲੱਗੀ ਕਿ ਇਹ ਮੁਹਿੰਮ ਪੰਜਾਬ ਦੇ ਵਿੱਚ ਹੀ ਕਿਉਂ ਚਲਾਈ ਗਈ? ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀਆਂ ਕੀਟ ਤੇ ਨਦੀਨ ਨਾਸਕ ਦਵਾਈਆਂ ਜੋ ਦੁਨੀਆਂ ਦੇ ਵਿੱਚ ਬੰਦ ਸਨ, ਇੱਥੇ ਉਨ੍ਹਾਂ ਦੀ ਅੰਨ੍ਹੇ ਵਾਹ ਵਰਤੋਂ ਨਹੀਂ ਦੁਰਵਰਤੋੰ ਕਰਵਾਈ। ਨਕਲੀ ਦਵਾਈਆਂ ਦੇ ਵਪਾਰੀਆਂ ਨੇ ਆਪਣੇ ਡੀਲਰਾਂ ਦੇ ਰਾਹੀ ਖੂਬ ਹੱਥ ਰੰਗੇ। ਇਹ ਨਕਲੀ ਦਵਾਈਆਂ ਦੀ ਸਿਫਾਰਸ਼ ਖੇਤੀਬਾੜੀ ਵਿਗਿਆਨੀਆਂ ਦੇ ਰਾਹੀ ਕਰਵਾਉਂਦੇ ਰਹੇ ਤੇ ਉਨ੍ਹਾਂ ਵਿਗਿਆਨੀਆਂ ਦੇ ਮੂੰਹ ਨੂੰ ਲਹੂ ਲਾ ਕੇ ਕਾਣੇ ਕਰਦੇ ਰਹੇ।  ਰਾਜ ਕਰਦੀਆਂ ਪਾਰਟੀਆਂ ਦੇ ਆਗੂ ਕਮਿਸ਼ਨ ਛਕਦੇ ਰਹੇ। ਪੰਜਾਬ ਦੇ ਲੋਕ ਖੁਸ਼ਹਾਲੀ ਦੇ ਚੱਕਰ ਦੇ ਵਿੱਚ ਕਦੇ ਬੈਂਕਾਂ ਦੇ ਵਸਾਏ ਜਾਲ ਵਿੱਚ ਫਸ ਕੇ ਉਲਝਣ ਲੱਗੇ। ਜ਼ਮੀਨਾਂ ਦੀਆਂ ਲਿਮਟਾਂ ਨੇ ਪੰਜਾਬ ਦੇ ਕਿਸਾਨਾਂ ਦੇ ਗਲ ਫਾਹੀਆਂ ਪਾ ਲਈਆ ਤੇ ਖੇਤੀਬਾੜੀ ਨਾਲ ਜੁੜੀ ਮਸ਼ੀਨਰੀ ਤੇ ਗੱਡੀਆਂ ਦੀ ਲਾਲਸਾ ਕਿਸਾਨਾਂ ਦੇ ਅੰਦਰ ਪੈਦਾ ਕੀਤੀ ਗਈ ਤੇ ਕਿਸਾਨੀ ਇਸ ਜਾਲ ਵਿੱਚ ਖੁਦ ਫਸਦੀ ਰਹੀ। ਗੱਲ ਖੁਦਕਸ਼ੀਆਂ ਤੱਕ ਪੁਜ ਗਈ। ਇਸੇ ਦੌਰਾਨ ਜੀਵਨ ਦੀ ਸ਼ੈਲੀ ਬਦਲਣ ਦੇ ਲਈ ਪੱਛਮੀ ਸੱਭਿਆਚਾਰ ਦੇ ਗਲੋਬਲੀ ਹਮਲਾ ਹੋਇਆ। ਲੱਚਰ ਗਾਇਕੀ ਤੇ ਪੈਲਸ ਸੱਭਿਆਚਾਰ ਨੇ ਪੰਜਾਬ ਨੂੰ ਸਧਾਰਨ ਤੋਂ ਫੁਕਰਾ ਬਣਾਇਆ। ਪੰਜਾਬ ਦੀਆਂ ਨਬਜ਼ਾਂ ਕਸਣ ਦੇ ਲਈ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸੱਤਾ ਦੇ ਲਾਲਚ ਵਿੱਚ ਪੰਜਾਬ ਨੂੰ ਸਦਾ ਵੇਚਣ ਲਈ ਮੰਡੀ ਵਿੱਚ ਰੱਖਿਆ। ਪੱਛਮੀ ਸੱਭਿਆਚਾਰ ਦੇ ਹਮਲੇ ਨੇ ਪੰਜਾਬ ਦੀ ਜੁਆਨੀ ਦੀ ਹੀ ਨਹੀਂ ਬਲਕਿ ਬੁੱਢਿਆਂ ਦੀ ਵੀ ਮੱਤ ਮਾਰ ਦਿੱਤੀ।      ਇਸ ਤੋਂ ਪਹਿਲਾਂ ਨੌਜਵਾਨਾਂ ਨੂੰ ਨਕਸਲਬਾੜੀ ਤੇ ਅੱਤਵਾਦੀ ਬਣਾ ਕੇ ਪੰਜਾਬ ਦੀ ਜੁਆਨੀ ਦਾ ਪੰਜਾਬੀਆਂ ਰਾਹੀ ਹੀ ਸ਼ਿਕਾਰ ਖੇਡਿਆ। ਪੰਜਾਬ ਆਰਥਿਕ, ਧਾਰਮਿਕ ਸਮਾਜਿਕ ਤੇ ਸਰੀਰਕ ਤੌਰ ‘ਤੇ ਤਬਾਹ ਕਰਨ ਦੇ ਲਈ ਹਰ ਤਰ੍ਹਾਂ ਦਾ ਤਜਰਬਾ ਕੀਤਾ। ਅਸੀਂ ਸਭ ਕੁੱਝ ਖੁਦ ਕਰਦੇ ਰਹੇ। ਪੰਜਾਬੀ ਕਦੇ ਲਾਲਚਵਸ ਕਦੇ ਡਰ ਵਸ ਦਿੱਲੀ ਦੇ ਹਾਕਮਾਂ ਦਾ ਤਸ਼ੱਦਤ ਝੱਲਦੇ ਰਹੇ।    ਪੰਜਾਬ ਦੇ ਸਿੱਖਿਆ ਸ਼ਾਸਤਰੀਆਂ ਤੇ ਬੁੱਧੀਜੀਵੀਆਂ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਦਿੱਲੀ ਦੀਆਂ ਚਾਲਾਂ ਨੂੰ ਸਮਝਦੇ ਹੋਇਆ ਵੀ ਚੁੱਪ ਧਾਰੀ ਰੱਖੀ। ਪੰਜਾਬ ਦੇ ਵਿੱਚ ਰੁਜ਼ਗਾਰ ਦੇ ਸਾਧਨਾਂ ਨੂੰ ਤਬਾਹ ਕਰਕੇ ਤੇ ਪੁਲਿਸ ਦਾ ਡਰ ਪੈਦਾ ਕਰਕੇ ਪੰਜਾਬ ਦੀ ਜੁਆਨੀ ਵਿਦੇਸ਼ਾਂ ਦੇ ਵੱਲ ਭੱਜਣ ਲਈ ਮਜਬੂਰ ਕੀਤਾ। ਪੰਜਾਬ ਦੇ ਅੰਦਰ ਬਾਹਰੀ ਰਾਜਾਂ ਦੇ ਲੋਕਾਂ ਨੂੰ ਵਸਣ ਤੇ ਅਬਾਦ ਹੋਣ ਦੇ ਲਈ ਮੌਕੇ ਪ੍ਰਦਾਨ ਕੀਤੇ। ਕਦੇ ਕਿਸੇ ਸਿਆਸੀ ਆਗੂ ਨੇ ਇਹ ਨਹੀਂ ਸੋਚਿਆ ਕਿ ਪੰਜਾਬੀ ਕਿਧਰੇ ਦੂਜੇ ਸੂਬੇ ਵਿੱਚ ਜ਼ਮੀਨਾਂ ਨਹੀਂ ਖਰੀਦ ਸਕਦਾ ਫੇਰ ਬਾਹਰਲੇ ਰਾਜਾਂ ਦੇ ਲੋਕ ਪੰਜਾਬ ਕਿਵੇਂ ਜ਼ਮੀਨਾਂ ਖਰੀਦ ਰਹੇ ਹਨ। ਦੇਸ਼ ਅੰਦਰ ਦੋ ਤਰ੍ਹਾਂ ਦਾ ਕਾਨੂੰਨ ਸਿਰਫ਼ ਪੰਜਾਬ ਦੇ ਵਿੱਚ ਲਾਗੂ ਹੋਇਆ।ਪੰਜਾਬ ਨੂੰ ਗੁਲਾਮ ਬਣਾ ਕੇ ਰੱਖਣ ਦੇ ਲਈ ਇਥੋਂ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਦਿੱਲੀ ਦੇ ਹਾਕਮਾਂ ਨੇ ਆਪਣੇ ਕਬਜ਼ੇ ਦੇ ਵਿੱਚ ਰੱਖਿਆ।      ਇਸ ਸਮੇਂ ਤੱਕ ਪੰਜਾਬ ਹਰ ਪੱਖ ਤੋਂ ਤਬਾਹ ਹੋ ਗਿਆ ਸੀ ਤੇ ਹੁਣ ਦਿੱਲੀ ਦੇ ਹਾਕਮਾਂ ਨੇ ਬਦਲਾਅ ਦੇ ਨਵੇਂ ਤਜਰਬੇ ਦਾ ਆਗਾਜ਼ ਕੀਤਾ ਹੈ। ਦਲਦਲ ਬਣੇ ਪੰਜਾਬ ਦੇ ਨਾਸੂਰ ਬਣੇ ਸਰੀਰ ਤੇ ਮਰ ਚੁੱਕੀ ਆਤਮਾ ਨੂੰ ਹਲੂਣਾ ਦੇ ਕੇ ਜਗਾਣ ਦਾ ਨਵਾਂ ਤਜਰਬਾ ਸ਼ੁਰੂ ਹੋਇਆ ਹੈ।      ਪੰਜਾਬ ਦੀ ਮਰ ਚੁੱਕੀ ਆਤਮਾ ਨੂੰ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਵਾਲੀ ਚਿੱਟੀ ਸਿਊੰਕ ਰਾਹੀ ਅਰਦਾਸਾਂ ਕਰਵਾਈਆਂ। ਇਸ ਸਮੇਂ ਪੰਜਾਬ ਦੀ ਆਤਮਾ ਮਰ ਚੁੱਕੀ ਹੈ ਜਿਹਨਾਂ ਦੀ ਜਿਉਦੀ ਹੈ ਉਹ ਬਿਨ ਪਾਣੀਆਂ ਦੇ ਮੱਛੀ ਵਾਂਗੂੰ ਤੜਪ ਰਹੇ। ਉਹ ਵੱਖੋ ਵੱਖੋ ਹੋ ਕੇ ਚੀਕ ਰਹੇ ਹਨ। ਅੱਠ ਗਧੇ ਵੀਹ ਦਰੋਗੇ ਵਾਂਗੂੰ ਆਪਸ ਵਿੱਚ ਗਧੇ ਦੀ ਸਵਾਰੀ ਕਰਨ ਲਈ ਆਪਸ ਵਿੱਚ ਲੜ ਰਹੇ ਹਨ।      ਪੰਜਾਬ ਦੇ ਪੈਰਾਂ ਹੇਠਾਂ ਅੱਗ ਬਲਦੀ ਹੈ ਜੋ ਉਸਨੂੰ ਹੀ ਬਚੇ ਖੁਚੇ ਨੂੰ ਸਾੜ ਰਹੀ ਹੈ। ਸੜੀ ਲਾਸ਼ ਵਰਗੀ ਹਾਲਤ ਹੁਣ ਪੰਜਾਬ ਬਦਲਣ ਦੇ ਚੱਕਰ ਵਿੱਚ ਫਿਰ ਫਸਿਆ ਜਾਂ ਫਸਾਇਆ ਹੈ ਤੇ ਅਗਲਾ ਤਜਰਬਾ ਕੀ ਹੋਣਾ ਹੈ? ਇਹ ਛਲੇਡਾ ਸਿਆਸਤ ਵਾਲੇ ਜਾਣਦੇ ਹਨ, ਕੀ ਹੋਣਾ ਤੇ ਕਿਵੇਂ ਪੰਜਾਬ ਤੇ ਬਚੇ ਪੰਜਾਬੀਆਂ ਨੇ ਜਿਉਣਾ ਹੈ? ਇਹ ਤਾਂ ਹੁਣ ਉਹ ਜਾਣਦੇ ਹਨ ਜਿਹੜੇ ਬਦਲਾਅ ਦਾ ਬੁਰਕਾ ਪਾ ਕੇ ਆਏ ਹਨ? ਪੰਜਾਬ ਨੂੰ ਇਸ ਸਿਆਸਤ ਦੀ ਛਲੇਡਾ ਰਾਜਨੀਤੀ ਕੀ ਕੀ ਰੰਗ ਦਿਖਾਏਗੀ ਤੇ ਆਪਣੇ ਰੰਗ ਦੇ ਵਿੱਚ ਰੰਗੇਗੀ?? ਬੁੱਧ ਸਿੰਘ ਨੀਲੋੰ9464370823

    PUNJ DARYA

    Leave a Reply

    Latest Posts

    error: Content is protected !!