ਮਨਜੀਤ ਸਿੰਘ ਸਰਾਂ (ਟੋਰਾਂਟੋ)
ਸਭ ਤੋਂ ਪਹਿਲਾਂ ਸਾਡੀ ਸਾਰੇ ਦੋਸਤਾਂ ਮਿੱਤਰਾਂ ਨੂੰ ਇੱਕ ਅਰਜ਼ ਹੈ ਕਿ ਅਸੀਂ ਕਿਸੇ ਦੀ ਪੱਖਬਾਜ਼ੀ ‘ਚ ਨਹੀਂ ਹਾਂ ਤੇ ਨਾ ਹੀ ਭਗਵੰਤ ਸਿੰਘ ਮਾਨ ਹੋਰਾਂ ਦੀ ਵਿਰੋਧਤਾ ‘ਚ ਹਾਂ। ਹਰ ਕੋਈ ਆਖਦਾ ਹੈ ਕਿ ਪਿਛਲੀਆਂ ਪਾਰਟੀਆਂ 75 ਸਾਲ ਤੋਂ ਰਾਜ਼ ਕਰ ਰਹੀਆਂ ਹਨ ਤੇ ਇਸ ਲਈ ਮਾਨ ਸਰਕਾਰ ਹੋਰਾਂ ਨੂੰ ਸਮਾਂ ਤਾਂ ਮਿਲਣਾ ਚਾਹੀਦਾ ਹੈ। ਮੈਂ ਇਸ ਨਾਲ ਪੂਰੀ ਤਰਾਂ ਸਹਿਮਤ ਹਾਂ ਪਰ ਉਸ ਲਈ ਪਾਰਟੀ ‘ਚ ਇੱਕਜੁੱਟਤਾ ਤੇ ਇੱਕ ਪਲੇਟਫ਼ਾਰਮ ਤਾਂ ਹੋਣਾ ਚਾਹੀਦਾ ਹੈ। ਇਹਦੇ ‘ਚ ਕੋਈ ਸ਼ੱਕ ਨਹੀਂ ਹੈ ਕਿ ਮਾਨ ਸਾਹਿਬ ਪੰਜਾਬ ਲਈ ਬੁਹਤ ਕੁੱਝ ਕਰਨ ਦੇ ਇੱਛੁਕ ਹਨ। ਪਰ ਅੰਦਰ ਖਾਤੇ ਪਾਰਟੀ ਮੁਖੀ ਅਰਵਿੰਦ ਕੇਜ਼ਰੀਵਾਲ ਸਾਹਿਬ ਮਾਨ ਸਾਹਿਬ ਦੇ ਪੈਰਾਂ ਨੂੰ ਐਸਾ ਜੂੜ ਪਾ ਰਹੇ ਹਨ ਕਿ ਉਹ ਬਿਨਾਂ ਸਹਾਰੇ ਇੱਕ ਵੀ ਕਦਮ ਆਪਣੇ ਬਲਬੂਤੇ ਨਾ ਚੱਲ ਸਕਣ। ਉਹਨਾਂ ਦੇ ਅਧਿਕਾਰਾਂ ਨੂੰ ਸੀਮਿਤ ਕੀਤਾ ਜਾ ਰਿਹਾ ਹੈ। ਜੋ ਫੈਸਲਾ ਮੁੱਖ ਮੰਤਰੀ ਮਾਨ ਸਾਹਿਬ ਕਰਦੇ ਹਨ, ਅਗਲੇ ਹੀ ਦਿਨ ਉਸ ਨੂੰ ਉਲੱਦ ਪਲੱਦ ਕਰ ਦਿੱਤਾ ਜਾਂਦਾ ਹੈ। ਮਾਨ ਸਾਹਿਬ ਦੇ ਸਿਰ ‘ਤੇ ਰਾਘਵ ਚੱਡਾ ਨੂੰ ਬਿਠਾਉਣ ਦੀ ਕੋਸ਼ਿਸ਼ ਕਰਨਾ, ਕੇਜਰੀਵਾਲ ਸਾਹਿਬ ਦੀ ਉਸ ਸੋਚ ਨੂੰ ਪੂਰੀ ਤਰ੍ਹਾਂ ਉਜਾਗਰ ਕਰਦੀ ਹੈ ਕਿ ਉਹ ਆਉਣ ਵਾਲੇ ਦਿਨਾਂ ‘ਚ ਜੋ ਵੀ ਪੰਜਾਬ ਹਿੱਤ ਕੰਮ ਹੋਣਗੇ, ਉਸ ਲਈ ਮਾਨ ਸਾਹਿਬ ਦੀ ਕੋਸ਼ਿਸ਼ ਨਹੀਂ ਸਗੋਂ ਅਰਵਿੰਦ ਕੇਜ਼ਰੀਵਾਲ ਦੇ ਦਿਮਾਗ ਦਾ ਕਮਾਲ ਮੰਨਿਆ ਜਾਵੇਗਾ। ਆਉਣ ਵਾਲੇ ਦਿਨਾਂ ‘ਚ ਭਗਵੰਤ ਮਾਨ ਹੋਰਾਂ ਦੁਆਲੇ ਕਈ ਮੱਕੜ ਜਾਲ ਬੁਣੇ ਜਾ ਰਹੇ ਹਨ। ਇੰਝ ਲੱਗਦਾ ਕਿ ਜਿਵੇਂ ਆਪਣੇ ਹੀ ਮਾਨ ਸਾਹਿਬ ਦੇ ਠਿੱਬੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਦੇ ਮੰਤਰੀ ਮੰਡਲ ‘ਚ 15-16 ਮੰਤਰੀਆਂ ਤੋਂ ਇਲਾਵਾ ਬਾਕੀ ਦੇ 76-77 ਐਮ ਐਲ ਏ ਜੋ ਅਜੇ ਚੌਧਰ ਤੋਂ ਵਿਹੂਣੇ ਹਨ। ਉਹ ਆਪਣੀ ਹੀ ਪਾਰਟੀ ਦੇ ਦੂਜੇ ਪਾਲੇ ਅੰਦਰ ਖੇਡਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ ਕਿਉਂਕਿ ਕਿਤੇ ਨਾ ਕਿਤੇ ਰਾਘਵ ਚੱਢਾ ਕੇਜ਼ਰੀਵਾਲ ਨਾਲ ਬੰਦ ਕਮਰਾ ਮੀਟਿੰਗਾਂ ਕਰ ਕੇ ਇਹ ਦੱਸਣ ਦੀ ਕੇਸਿਸ਼ ਕਰ ਰਿਹਾ ਹੈ ਕਿ ਦੇਖੋ ਜਨਾਬ ਮਾਨ ਤੋਂ ਵੱਧ ਐੱਮ ਐਲ ਏ ਮੇਰੇ ਪਾਲੇ ‘ਚ ਖੇਡਣ ਲਈ ਬੇਤਾਬ ਹਨ ਕਿਉਂਕ ਲੋਕ ਸੇਵਾ ਤਾਂ ਲੋਕਾਂ ਨੂੰ ਦਿੱਤਾ ਇੱਕ ਲਾਲੀਪਾਪ ਹੈ ਪਰ ਅੰਦਰ ਤਾਂ ਹਰੇਕ ਦੇ ਲਾਲ ਬੱਤੀਆਂ ਦੇ ਸੁਪਨੇ ਪਲ ਰਹੇ ਹਨ। ਸ਼ਾਇਦ ਇਸੇ ਲਈ ਮਾਨ ਸਾਹਿਬ ਨੇ ਸਲਾਹਕਾਰ ਕਮੇਟੀ ਦੇ ਮੁੱਖੀ ਵਜੋਂ ਅਜੇ ਤੱਕ ਰਾਘਵ ਚੱਢਾ ਦੇ ਨਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਇਸ ਤੋਂ ਕੇਜਰੀਵਾਲ ਕਾਫ਼ੀ ਖ਼ਫਾ ਨਜ਼ਰ ਆ ਰਹੇ ਹਨ ਤੇ ਰਾਘਵ ਚੱਢਾ ਉਦਾਸ। ਇਸ ਕਰਕੇ ਚਾਰ ਚੁਫੇਰਿਆਂ ਮੁੱਖ ਮੰਤਰੀ ‘ਤੇ ਦਬਾਅ ਬਣਾਇਆ ਜਾ ਰਿਹਾ ਹੈ। ਜੋ ਕਦੇ ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀਆਂ ਵੱਲੋਂ ਦਿੱਲੀ ਹਾਈ ਕਮਾਂਡ ਤੱਕ ਪੁਹੰਚ ਕਰਨ ਦਾ ਮਜ਼ਾਕ ਉਡਾਉਂਦੇ ਸਨ। ਅੱਜ ਉਹਨਾਂ ਵੱਲੋਂ ਆਪਣੀ ਹੀ ਪਾਰਟੀ ਦੇ ਉਹ ਹਾਲਾਤ ਆਪਣੇ ਹੱਥੀਂ ਬਣਾਏ ਜਾ ਰਹੇ ਹਨ। ਅੱਜ ਪੰਜਾਬ ਦੇ ਹਰ ਫੈਸਲੇ ‘ਤੇ ਪੰਜਾਬ ਦੀ ਅਫਸਰ ਸ਼ਾਹੀ ਹੀ ਇਸ ਦੋਚਿੱਤੀ ‘ਚ ਹੁੰਦੀ ਹੈ ਕਿ ਇਸ ‘ਤੇ ਦਿੱਲੀ ਤੋਂ ਕੇਜ਼ਰੀਵਾਲ ਸਾਹਿਬ ਦੀ ਮੋਹਰ ਲੱਗੇਗੀ ਜਾਂ ਨਹੀਂ? ਕਈਆਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਸਾਨੂੰ ਅਜੇ ਤੱਕ ਇਹ ਸਮਝ ਨਹੀਂ ਆਈ ਕਿ ਆਖ਼ਰ ਪੰਜਾਬ ਦਾ ਬਿੱਗ ਬੌਸ ਹੈ ਕੌਣ?? ਕੇਜ਼ਰੀਵਾਲ ਸਾਹਿਬ ਜਾਂ ਭਗਵੰਤ ਸਿੰਘ ਮਾਨ? ਆਪਣੇ ਹੱਥੀਂ ਆਪਣੀ ਹੀ ਲਾਈ ਫੁੱਲਵਾੜੀ ਦੀਆਂ ਜੜਾਂ ਕਿਉ ਖੋਖਲੀਆਂ ਕਰ ਰਹੇ ਨੇ ਕੇਜ਼ਰੀਵਾਲ ਸਾਹਿਬ? ਆਖ਼ਰ ਉਹ ਕਿਉ ਨਹੀਂ ਪੰਜਾਬ ਸਰਕਾਰ ਨੂੰ ਖੁੱਲ੍ਹ ਕੇ ਖੇਡਣ ਦੇ ਰਹੇ? ਉਹ ਕਿਉਂ ਮਾਨ ਸਾਹਿਬ ਦੇ ਦੁਆਲੇ ਨਕਾਰਾਤਮਕ ਵਾੜ ਪੈਦਾ ਕਰਨ ਦੀ ਕੋਸਿਸ਼ ਕਰ ਰਹੇ ਹਨ? ਜਿਸ ਦਾ ਇੱਕੋ ਇੱਕ ਮਤਲਬ ਹੈ ਕਿ ਕੇਜਰੀਵਾਲ ਇਹੋ ਸਾਬਿਤ ਕਰਨ ‘ਤੇ ਲੱਗੇ ਹੋਏ ਹਨ ਕਿ ਭਗਵੰਤ ਸਿੰਘ ਮਾਨ ਪੰਜਾਬ ਦੀ ਵਾਗਡੋਰ ਸੰਭਾਲ਼ਣ ਦੇ ਪੂਰੇ ਕਾਬਿਲ ਨਹੀਂ ਹਨ। ਹੋ ਸਕਦਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਮਾਨ ਸਾਹਿਬ ਹੋਰਾਂ ਦਾ ਮੁੱਖ ਮੰਤਰੀ ਵਾਲਾ ਪਦ ਖਤਰੇ ‘ਚ ਆ ਜਾਵੇ। ਪਰ ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਪੰਜਾਬ ਦੇ ਲੋਕਾਂ ਦੀ ਉਮੀਦ ਨੂੰ ਬਚਾਈ ਰੱਖਣਾ ਤੇ ਪੰਜਾਬ ਸਰਕਾਰ ਤੇ ਉਹਨਾਂ ਦੀ ਪਾਰਟੀ ਨੂੰ ਸੁਮੱਤ ਬਖ਼ਸ਼ਣੀ।
