ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਬਿਸ਼ਪਬ੍ਰਿਗਸ ਦੀ ਲੋ ਮੌਸ ਜੇਲ੍ਹ ਵਿੱਚ ਇੱਕ ਕੈਦੀ ਵੱਲੋਂ ਕਥਿਤ ਚਾਕੂ ਨਾਲ ਕੀਤੇ ਹਮਲੇ ਵਿੱਚ ਜੇਲ੍ਹ ਦੇ ਦੋ ਗਾਰਡ ਜ਼ਖ਼ਮੀ ਹੋ ਗਏ। ਬਿਸ਼ਪਬ੍ਰਿਗਸ, ਡਨਬਰਟਨਸ਼ਾਇਰ ਨੇੜੇ ਲੋ ਮੌਸ ਜੇਲ੍ਹ ਦੇ ਵਾਰਡਰਾਂ ਨੂੰ ਪਿਛਲੇ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ ਘਟਨਾ ਤੋਂ ਬਾਅਦ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਦੋਵਾਂ ਨੂੰ ਚਾਕੂ ਮਾਰਿਆ ਗਿਆ ਸੀ ਅਤੇ ਇੱਕ ਕਰਮਚਾਰੀ ਨੇ ਉਸ ਉੱਪਰ ਗਰਮ ਪਾਣੀ ਵੀ ਮਾਰਿਆ ਸੀ। ਕਾਨੂੰਨੀ ਕਾਰਨਾਂ ਕਰਕੇ ਦੋਸ਼ੀ ਦਾ ਨਾਮ ਗੁਪਤ ਰੱਖਿਆ ਗਿਆ ਹੈ ਤੇ ਇਸ ਘਟਨਾ ਉਪਰੰਤ ਉਸਨੂੰ ਹੁਣ ਕਿਸੇ ਹੋਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। 57 ਅਤੇ 36 ਸਾਲ ਦੇ ਦੋ ਕਰਮਚਾਰੀਆਂ ਨੂੰ ਗਲਾਸਗੋ ਸਥਿਤ ਰਾਇਲ ਇਨਫਰਮਰੀ ਵਿਖੇ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੀ ਹਾਲਤ ‘ਚ ਸੁਧਾਰ ਦੱਸਿਆ ਜਾ ਰਿਹਾ ਹੈ।

