14.6 C
United Kingdom
Monday, May 20, 2024

More

    ਜੇ ਪੰਜਾਬ ਦਾ ਵਾਤਾਵਰਨ ਸੰਭਾਲਣਾ ਹੈ ਤਾਂ ਹਰ ਪਿੰਡ ਇੱਕ  ਸੰਤ ਸੀਚੇਵਾਲ ਪੈਦਾ ਕਰੇ

    ਦੁਨੀਆਂ ਦਾ ਇਹ ਧੰਦਾ ਬਣ ਗਿਆ  ਹੈ, ਕਿਵੇਂ ਨਾ ਕਿਵੇਂ ਕਿਸੇ ਦੀ ਆਲੋਚਨਾ ਕਰਨਾ, ਜਾਂ ਫਿਰ ਆਪਣੀ ਤਾਰੀਫ਼ ਦੇ ਪੁਲ ਬੰਨ੍ਹਣੇ ਜਾਂ ਫਿਰ ਆਪਣੀ ਤਾਰੀਫ ਸੁਣਨਾ, ਬਹੁਤਿਆਂ  ਨੇ ਤਾਂ ਆਪਣੀ ਹੀ ਹਉਮੈ ਨੂੰ ਪੱਠੇ ਪਾਉਣਾ ਹੁੰਦਾ ਹੈ । ਜ਼ਿੰਦਗੀ ਜਿਉਣ ਅਤੇ ਅੱਗੇ ਵਧਣ ਦਾ ਮਤਲਬ ਭੁੱਲ ਗਏ ਹਨ ਲੋਕ  ,ਬਹੁਤ ਘੱਟ ਲੋਕ ਹੁੰਦੇ ਹਨ  ਜੋ ਆਲੋਚਨਾ, ਤਰੀਫਾ, ਆਪਣੀ  ਹਉਮੈ ਤੋਂ ਪਰੇ ਹਟ ਕੇ ਸਿਰਫ਼ ਆਪਣੀ ਮੰਜ਼ਿਲ ਵੱਲ ਲੱਗੇ ਹੁੰਦੇ ਹਨ, ਮੰਜ਼ਿਲਾਂ ਸਰ ਕਰਨ ਵਾਲਿਆਂ   ਵਿਚੋਂ ਇਕ ਹਨ,  ਸੰਤ ਬਲਬੀਰ ਸਿੰਘ ਸੀਚੇਵਾਲ  ਜੋ ਵਾਕਿਆ ਹੀ ਵਾਤਾਵਰਨ ਦੀ ਦੁਨੀਆਂ ਦੇ ਇੱਕ ਰਹਿਨੁਮਾ ਅਤੇ  ਅਸਲ ਸੰਤ  ਹਨ।      ਸੰਤ ਬਲਬੀਰ ਸਿੰਘ ਸੀਚੇਵਾਲ ਸਾਹਿਬ  ਨਾਲ  ਮੇਰਾ ਪਿਛਲੇ ਇੱਕ ਦਹਾਕੇ ਤੋਂ ਵਾਹ ਵਾਸਤਾ ਹੈ । ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਵਾਤਾਵਰਨ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ  ਕਈ ਮੌਕਿਆਂ ਤੇ ਲੁਧਿਆਣਾ ਵਿਖੇ ਅਤੇ ਜਰਖੜ ਖੇਡਾਂ ਦੇ ਫਾਈਨਲ ਸਮਾਰੋਹਾਂ  ਤੇ  ਸਨਮਾਨਿਤ ਕਰਨ ਦਾ ਮਾਣ ਖੱਟਿਆ  ਹੈ । ਪਰ  ਦਿਲ ਦੀਆਂ ਗਹਿਰਾਈਆਂ ਚੋਂ ਸਾਂਝ ਡੂੰਘੀ ਉਸ ਵੇਲੇ ਹੋਈ ਜਦੋਂ ਬੀਤੇ ਦਿਨੀਂ ਮੇਰੇ ਪਰਮ ਮਿੱਤਰ ਅਜੈਬ ਸਿੰਘ ਗਰਚਾ  ਇੰਗਲੈਂਡ ਵਾਲੇ , ਪ੍ਰਿੰਸੀਪਲ ਪ੍ਰੇਮ ਕੁਮਾਰ ਫਿਲੌਰ , ਪੱਤਰਕਾਰ ਸਤਿੰਦਰ ਸ਼ਰਮਾ ਫਿਲੌਰ, ਹਰਜੀਤ ਸਿੰਘ ਵਿਰਕ, ਮਨਜਿੰਦਰ ਇਯਾਲੀ ,ਸਾਬੀ ਜਰਖੜ   ਹੋਰਾਂ ਨਾਲ ਸੰਤਾਂ ਨੂੰ ਮਿਲਣ ਦਾ ਸਬੱਬ ਮਿਲਿਆ , ਵੈਸੇ ਅਸੀਂ ਤਾਂ ਉਨ੍ਹਾਂ ਨੂੰ ਰਾਜ ਸਭਾ ਦੇ ਮੈਂਬਰ ਬਣਨ ਤੇ ਵਧਾਈ ਦੇਣ ਗਏ ਸੀ। ਸੰਤ ਬਲਬੀਰ ਸਿੰਘ ਜੀ ਸੀਚੇਵਾਲ ਹੋਰਾਂ ਨਾਲ ਵਾਤਾਵਰਨ ਬਾਰੇ ,ਖੇਡਾਂ ਬਾਰੇ ਸਮਾਜ ਬਾਰੇ , ਅਤੇ ਅਧਿਆਤਮਕਤਾ ਬਾਰੇ  ਪੰਜਾਬ ਦੀ ਤਰੱਕੀ ਬਾਰੇ ਬੜੀਆਂ ਡੂੰਘੀਆਂ ਵਿਚਾਰਾਂ ਹੋਈਆਂ  । ਉਨ੍ਹਾਂ ਨੇ ਸਾਨੂੰ  ਕਿਸ਼ਤੀ ਰਾਹੀਂ ਕਾਲੀ ਵੇਈਂ ਦਾ ਗੇੜਾ ਵੀ ਲਵਾਇਆ ,ਹੋਰ ਹਜ਼ਾਰਾਂ ਦੀ ਤਦਾਦ ਵਿੱਚ ਲਾਏ ਦਰੱਖਤ,  ਬੂਟੇ  ਅਤੇ ਹੋਰ ਹਰਿਆਵਲ ਦੇ ਦਸਤੇ  ਦਿਖਾਏ , ਪਾਣੀ ਦੀ ਸੰਭਾਲ  ,ਇਸ ਤੋਂ ਇਲਾਵਾ  ਬਣਾੲੀਆਂ ਠੰਢਕ ਵਾਲੀਆਂ   ਝੌਂਪਡ਼ੀਆਂ ,  ਪਾਣੀ, ਹਵਾ ,ਧਰਤੀ ਨੂੰ ਬਚਾਉਣ ਦੇ ਤਰੀਕੇ, ਜ਼ਿੰਦਗੀ ਜਿਉਣ ਦੇ ਅਸਲ ਅਰਥ , ਮੰਜ਼ਿਲ ਦੀ ਪ੍ਰਾਪਤੀ ਵਧਦੇ ਕਦਮਾਂ ਦੀ ਪ੍ਰੰਪਰਾ , ਇਨਸਾਨ ਤੇ ਵਾਪਰਦਾ   ਕੁਦਰਤ ਦਾ ਵਰਤਾਰਾ , ਸਾਧਾਰਨ ਜ਼ਿੰਦਗੀ ਜਿਊਣ ਦੀ ਅਹਿਮੀਅਤ ਅਤੇ ਹੋਰ ਬੜਾ ਕੁਝ ਆਪਸੀ ਵਾਰਤਾ ਰਾਹੀਂ   ਸਿੱਖਣ ਦਾ ਮੌਕਾ ਮਿਲਿਆ । ਸੰਤਾਂ ਦਾ ਮੇਰੇ ਮਨ ਤੇ ਇਹ ਪ੍ਰਭਾਵ ਪਿਆ ਕਿ ਬੰਦੇ ਦਾ ਕੰਮ ਬੰਦਗੀ  ਕਰਨਾ ,ਸੇਵਾ ਕਰਨਾ ,ਫਲ ਦੇਣਾ ਹੈ ਪਰਮਾਤਮਾ ਦਾ ਕੰਮ, ਕਿਉਂਕਿ ਕਿਸੇ ਵੀ ਇਨਸਾਨ ਦੇ   ਸਿਰਫ ਕੱਪੜੇ ਹੀ ਨਹੀਂ ,ਸਗੋਂ  ਇਨਸਾਨ ਦੀ ਸੋਚ ਬ੍ਰਾਂਡਿਡ ਹੋਣੀ ਚਾਹੀਦੀ ਹੈ। ਜੇਕਰ ਕਿਸੇ ਨੇ ਕਿਸੇ ਇਨਸਾਨ ਦੇ   ਬਰਾਂਡਡ ਸੋਚ ਦੇਖਣੀ ਹੋਵੇ ਤਾਂ ਕਾਲੀ ਵੇਈਂ ਦਾ ਗੇੜਾ ਜ਼ਰੂਰ ਲੈ ਆਵੇ , ਆਪੇ ਪਤਾ ਲੱਗ ਜਾਵੇਗਾ ਕਿ ਸੰਤ ਦੀ ਉਪਾਧੀ ਇਸ ਦੁਨੀਆਂ ਵਿੱਚ  ਕਿਵੇਂ ਮਿਲਦੀ ਹੈ !      ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੀ ਸੰਗਤ ਨਾਲ ਅਸੀਂ ਆਪਣੇ ਮਾਣ ਸਤਿਕਾਰ ਦੀਆਂ ਤਸਵੀਰਾਂ ਵੀ ਕਰਵਾਈਆਂ। ਵਾਕਿਆ ਹੀ ਮੈਨੂੰ ਤਾਂ  ਇੰਝ ਲੱਗਿਆ ਕਿ ਜਿਸ ਤਰ੍ਹਾਂ ਮੈਂ ਹਾਲੈਂਡ ਮੁਲਕ ਦਾ ਦਬਾਰਾ ਗੇੜਾ ਲਾ ਆਇਆਂ ਹੋਵਾਂ  ਕਿਉਂਕਿ ਹਾਲੈਂਡ ,ਜਰਮਨੀ  ਵਰਗੇ ਮੁਲਕਾਂ ਵਿੱਚ ਨਦੀਆਂ ਅਤੇ ਦਰੱਖਤਾਂ ਦੀ ਬਹੁਤ ਭਰਮਾਰ ਹੈ । ਉੱਥੇ ਜ਼ਿੰਦਗੀ ਜਿਊਂਣ ਦਾ ਸਕੂਨ ਹੀ ਵੱਖਰਾ ਹੈ , ਸੰਤ ਸੀਚੇਵਾਲ ਜੀ ਹੋਰਾਂ ਨੇ ਜਿਊਂਦਾ ਜਾਗਦਾ ਹਾਲੈਂਡ ਸੁਲਤਾਨਪੁਰ ਲੋਧੀ ਵਿਖੇ ਬਣਾਇਆ ਹੋਇਆ ਹੈ  । ਮੈਂ ਉਨ੍ਹਾਂ ਤਸਵੀਰਾਂ  ਨੂੰ ਆ ਕੇ  ਸੋਸ਼ਲ ਮੀਡੀਆ ਉੱਤੇ ਪਾਇਆ, ਬੜੇ ਲੋਕਾਂ ਨੇ ਬੜੇ ਵਧੀਆ ਕੁਮੈਂਟਸ ਵੀ ਭੇਜੇ , ਕੁੱਝ ਕੁ ਨੇ ਮਾੜੇ ਵੀ ਭੇਜੇ ,ਕੁੱਝ ਕੁ ਨੇ ਲਿਖਿਆ ਕਿ ਸੰਤ ਸੀਚੇਵਾਲ ਤਾਂ  ਆਰ ਐਸ ਐਸ ਦੇ ਬੰਦੇ ਹਨ, ਉਹ ਬੀਜੇਪੀ ਦੀ ਕਠਪੁਤਲੀ ਹਨ, ਉਹ ਆਪ ਦੇ ਰਾਜਸੀ ਨੇਤਾ ਬਣ ਗਏ ਹਨ ਉਹ ਸੰਤ ਨਹੀਂ ਹਨ ,ਪਤਾ ਨਹੀਂ ਕੀ ਕੀ  ? ਮੈਂ ਉਨ੍ਹਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ  ਕਿ  ਆਰ ਐੱਸ ਐੱਸ ਦੀ ਗੱਲ   ਤਾਂ ਛੱਡੋ ਉਹ ਚਾਹੇ ਪੰਜਾਬ ਦੇ ਦੁਸ਼ਮਣ  ਵੀ ਬਣ ਗਏ ਹੋਣ ,ਉਨ੍ਹਾਂ ਵਰਗੀ ਤਪੱਸਿਆ ,ਉਨ੍ਹਾਂ ਵਰਗੀ ਘਾਲਣਾ, ਉਨ੍ਹਾਂ ਵਰਗੀ ਜੱਦੋ ਜਹਿਦ  , ਉਨ੍ਹਾਂ ਵਰਗੀ ਵਾਤਾਵਰਨ ਨੂੰ ਵਧੀਆ ਬਣਾਉਣ ਲਈ ਕੀਤੀ ਭਗਤੀ ,ਕੋਈ ਮਾਈ ਦਾ ਲਾਲ ਕਰਕੇ ਤਾਂ ਵਿਖਾਏ ,ਫਿਰ ਪਤਾ ਲੱਗਜੂ ਤੇ ਸੇਵਾ ਕਰਨੀ ਕਿੰਨੀ ਕੁ ਸੌਖੀ ਹੈ । ਬਿਨਾਂ ਮਤਲਬ ਕਿਸੇ ਦੀ ਆਲੋਚਨਾ ਕਰਨੀ , ਐਵੇਂ ਝੂਠੀਆ ਅਫ਼ਵਾਹਾ ਫਲਾਉਣੀਆਂ  ਸੌਖਾ ਕੰਮ ਹੁੰਦਾ  ਹੈ । ਉਹ ਦੁਨੀਆਂ ਦੇ ਲੋਕੋ, ਆਪਣੇ ਕਹੇ ਤੇ  ਤਾਂ  ਪਿੰਡ ਦਾ ਸਰਪੰਚ ਨੀ ਗੱਲ ਮੰਨਦਾ , ਸੰਤਾਂ  ਦੇ ਕੀਤੇ ਵਾਤਾਵਰਨ ਅਤੇ ਸਮਾਜ ਸੁਧਾਰਕ ਕੰਮਾਂ  ਨੂੰ ਮੁਲਕ ਦਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ  ਇੱਕ ਨਹੀਂ 2 ਵਾਰ ਵੇਖਣ  ਆਇਆਂ  ਹੈ । ਸੰਤ ਸੀਚੇਵਾਲ ਜੀ ਦਾ ਨਾਮ ਦੁਨੀਆਂ ਦੇ ਪਹਿਲੇ 30 ਵਾਤਾਵਰਣ ਪ੍ਰੇਮੀਆਂ ਵਿੱਚ ਸ਼ਾਮਲ ਹੈ। ਪੂਰੀ ਦੁਨੀਆਂ ਦੇ ਵਿੱਚ ਓਹ  ਪੰਜਾਬ ਦੀ ਪਹਿਚਾਣ ਨੂੰ ਉੱਚਾ ਕਰ ਰਹੇ ਹਨ । ਮੇਰਾ ਹਮੇਸ਼ਾ ਲਈ ਸਲੂਟ ਹੈ, ਸੰਤ ਬਲਬੀਰ ਸਿੰਘ ਜੀ ਸੀਚੇਵਾਲ  ਹੋਰਾਂ ਨੂੰ, ਜਿਹੜੇ ਸਾਡੇ  ਗੁਰੂਆਂ ,ਪੀਰਾਂ ਇੱਥੇ ਪੁਰਖਿਆਂ ਦੀ ਦਿੱਤੀ ਹੋਈ ਵਿਰਾਸਤ ਨੂੰ ਸੰਭਾਲ ਰਹੇ ਹਨ ਅਤੇ ਪੰਜਾਬੀਆਂ ਨੂੰ ਵਾਤਾਵਰਨ ਸੰਭਾਲਣ ਲਈ ਪ੍ਰੇਰਤ ਕਰ ਰਹੇ ਹਨ । ਆਮ ਆਦਮੀ ਪਾਰਟੀ ਨੇ ਜੋ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਸੰਸਦ ਵਿੱਚ ਭੇਜਿਆ ਹੈ ਉਸ ਬਦਲੇ  ਆਪ ਵਾਲੇ ਵਧਾਈ ਦੇ ਪਾਤਰ ਹਨ ।  ਮੇਰੀ ਤਾਂ ਅੱਗੇ   ਬੇਨਤੀ ਇਹ ਹੈ ਭਾਰਤ ਸਰਕਾਰ ਨੂੰ  ਚਾਹੀਦਾ ਹੈ, ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਹੋਰਾਂ  ਨੂੰ ਮੁਲਕ ਦਾ ਸਭ ਤੋਂ ਵੱਡਾ ਐਵਾਰਡ ” ਭਾਰਤ ਰਤਨ “ਦੇ ਕੇ ਸਨਮਾਨਿਆ ਜਾਵੇ ਅਤੇ ਸੰਤ ਸੀਚੇਵਾਲ ਦੇ ਮਾਡਲ ਨੂੰ ਭਾਰਤ ਦੇ ਹਰ ਪਿੰਡ ਵਿੱਚ ਲਾਗੂ ਕੀਤਾ ਜਾਵੇ ।  ਜੇਕਰ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣਾ ਹੈ ਅਤੇ ਪੰਜਾਬ ਦਾ ਵਾਤਾਵਰਨ ਸੰਭਾਲਣਾ ਹੈ ਤਾਂ ਪੰਜਾਬ ਦੇ ਹਰ ਨਾਗਰਿਕ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲੀ ਭੂਮਿਕਾ ਆਪੋ ਆਪਣੇ ਪਿੰਡ ਦੇ ਵਿੱਚ ਨਿਭਾਉਣੀ ਪਵੇਗੀ। ਫੇਰ ਹੀ ਪੰਜਾਬ ਬਚ ਸਕਦਾ ਹੈ  ਅਤੇ ਲੋਕਾਂ ਦੇ ਰਹਿਣ ਯੋਗ ਪੰਜਾਬ  ਬਣ ਸਕਦਾ ਹੈ । ਮੇਰੇ ਵਤਨ ਪੰਜਾਬ ਦਾ ਰੱਬ ਰਾਖਾ!

     ਜਗਰੂਪ ਸਿੰਘ ਜਰਖੜ

     ਖੇਡ ਲੇਖਕ 

    ਫੋਨ ਨੰਬਰ     

    9814300722

    PUNJ DARYA

    Leave a Reply

    Latest Posts

    error: Content is protected !!