ਸਿਹਤ ਵਿਭਾਗ ਵੱਲੋਂ 4 ਜੁਲਾਈ ਤੋਂ ਇੰਨਟੈਂਸੀਫਾਇਡ ਡਾਇਰੀਆ ਕੰਟਰੋਲ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 4 ਜੁਲਾਈ, 2022: ਸਿਹਤ ਵਿਭਾਗ ਵੱਲੋਂ 4 ਜੁਲਾਈ ਤੋਂ ਇੰਨਟੈਂਸੀਫਾਇਡ ਡਾਇਰੀਆ ਕੰਟਰੋਲ ਪ੍ਰੋਗਰਾਮ (ਤੀਬਰ ਦਸਤ ਰੋਕੂ ) ਪੰਦਰਵਾੜੇ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਸੰਗਰੂਰ ਡਾ ਪਰਮਿੰਦਰ ਕੌਰ ਭਾਰਤ ਨੇ ਕਿਹਾ ਕਿ ਬੱਚਿਆਂ ਵਿੱਚ ਨਿਮੋਨੀਆ ਤੋਂ ਬਾਅਦ ਦਸਤ ਲੱਗਣਾ ਇਕ ਅਜਿਹੀ ਜਾਨਲੇਵਾ ਬੀਮਾਰੀ ਹੈ ਜਿਸ ਕਾਰਨ ਵਿਸ਼ਵ ਭਰ ਵਿੱਚ ਹਰ ਸਾਲ 1.7 ਬਿਲੀਅਨ ਬੱਚੇ ਪ੍ਰਭਾਵਤ ਹੁੰਦੇ ਹਨ ਅਤੇ 5 ਤੋਂ 5.25 ਲੱਖ ਬੱਚਿਆਂ ਦੀ ਦਸਤਾਂ ਕਾਰਨ ਮੌਤ ਹੋ ਜਾਂਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਸੰਗਰੂਰ ਡਾ ਪਰਮਿੰਦਰ ਕੌਰ ਨੇ ਦਸਤ ਰੋਕੂ ਪੰਦਰਵਾੜੇ ਦਾ ਆਗਾਜ਼ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦੂਸ਼ਿਤ ਪਾਣੀ ਦੂਸ਼ਿਤ ਖਾਣਾ ਅਤੇ ਸਾਫ ਸਫਾਈ ਦੀ ਅਣਹੋਂਦ ਕਾਰਨ ਬੱਚਿਆਂ ਵਿੱਚ ਦਸਤ ਰੋਗ ਦਾ ਫੈਲਣਾ ਆਮ ਹੈ। ਇਸ ਬੀਮਾਰੀ ਨੂੰ ਠੱਲ੍ਹ ਪਾਉਣ ਲਈ ਸਿਹਤ ਵਿਭਾਗ ਵੱਲੋਂ ਹਰ ਸਾਲ ਦਸਤ ਰੋਕੂ ਪੰਦਰਵਾੜਾ ਮਨਾਇਆ ਜਾਂਦਾ ਹੈ। ਬਰਸਾਤਾਂ ਦੇ ਮੌਸਮ ਵਿੱਚ ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਸੋ 4 ਜੁਲਾਈ ਤੋਂ 17 ਜੁਲਾਈ ਤਕ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦੌਰਾਨ ਜ਼ਿਲ੍ਹੇ ਭਰ ਦੀਆਂ ਆਸ਼ਾ ਵਰਕਰ ਅਤੇ ਏ. ਐੱਨ. ਐੱਮ. ਘਰ-ਘਰ ਜਾ ਕੇ ਲੋਕਾਂ ਨੂੰ ਓ ਆਰ ਐਸ ਦੇ ਪੈਕੇਟ ਅਤੇ ਜਿੰਕ ਦੀਆਂ ਗੋਲੀਆਂ ਵੰਡਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਾਰੀਆਂ ਸਿਹਤ ਸੰਸਥਾਵਾਂ ਵਿਚ ਓ. ਆਰ. ਐੱਸ. ਅਤੇ ਜ਼ਿੰਕ ਕਾਰਨਰ ਸਥਾਪਤ ਕੀਤੇ ਗਏ ਹਨ, ਜਿੱਥੇ ਬੱਚਿਆਂ ਨੂੰ ਓ ਆਰ ਐਸ ਦੇ ਪੈਕਟ ਅਤੇ ਜਿੰਕ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਮੌਕੇ ਤੇ ਬੱਚਿਆਂ ਨੂੰ ਓ.ਆਰ.ਐਸ. ਦਾ ਘੋਲ ਪਿਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿਨ ਵਿੱਚ ਤਿੰਨ ਜਾਂ ਤਿੰਨ ਤੋਂ ਵੱਧ ਵਾਰ ਬੱਚੇ ਦਾ ਸਟੂਲ ਪਾਸ ਕਰਨਾ ਦਸਤ ਰੋਗ ਹੁੰਦਾ ਹੈ। ਅਜਿਹਾ ਹੋਣ ਤੇ ਬੱਚੇ ਨੂੰ ਤੁਰੰਤ ਨੇਡ਼ੇ ਦੇ ਸਿਹਤ ਕੇਂਦਰ ਵਿੱਚ ਇਲਾਜ ਲਈ ਲਿਜਾਣਾ ਚਾਹੀਦਾ ਹੈ।
ਡੀ .ਆਈ. ਓ.ਡਾ ਗੁੁਰਦੀਪ ਸਿੰਘ ਬੋਪਾਰਾਏ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੀਣ ਵਾਲਾ ਪਾਣੀ ਕੀਟਾਣੂ ਰਹਿਤ ਹੋਣਾ ਚਾਹੀਦਾ ਹੈ, ਖਾਣਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਿਆ ਜਾਵੇ, ਆਲੇ ਦੁਆਲੇ ਦੀ ਸਾਫ਼ ਸਫ਼ਾਈ ਦਾ ਧਿਆਨ ਰੱਖਿਆ ਜਾਵੇ।
ਇਸ ਮੌਕੇ ਡੀ. ਐੱਮ. ਸੀ. ਡਾ: ਵਿਕਾਸ ਧੀਰ, ਸੀਨੀਅਰ ਮੈਡੀਕਲ ਅਫਸਰ ਡਾ: ਬਲਜੀਤ ਸਿੰਘ ਸਿਵਲ ਹਸਪਤਾਲ ਸੰਗਰੂਰ, ਦਫਤਰ ਸਿਵਲ ਸਰਜਨ ਸੰਗਰੂਰ ਅਤੇ ਮਾਸ ਮੀਡੀਆ ਵਿੰਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
error: Content is protected !!