
-ਯੌਰਪ ਦੌਰੇ ਦਾ ਤਜ਼ਰਬਾ ਸੰਗਤਾਂ ਨਾਲ ਕੀਤਾ ਸਾਂਝਾ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬ ਤੋਂ ਅੱਖਰ ਮੰਚ ਕਪੂਰਥਲਾ ਦੇ ਪ੍ਰਧਾਨ ਸ੍ਰ: ਸਰਵਣ ਸਿੰਘ ਔਜਲਾ (ਨੈਸ਼ਨਲ ਐਵਾਰਡੀ) ਯੌਰਪ ਅਤੇ ਕੈਨੇਡਾ ਦੇ ਦੌਰੇ ਤੋਂ ਬਾਅਦ ਵਾਪਸੀ ਸਮੇਂ ਇੱਕ ਦਿਨ ਲਈ ਇੰਗਲੈਂਡ ਠਹਿਰੇ। ਇਸ ਸਮੇਂ ਦੌਰਾਨ ਪੰਜਾਬ ਪਰਤਣ ਪਹਿਲਾਂ ਇੰਗਲੈਂਡ ਦੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਗੁਰੂ ਘਰ ਆਏ ਜਿੱਥੇ ਉਨ੍ਹਾਂ ਦਾ ਸ੍ਰੀ ਗੁਰੂ ਸਿੰਘ ਸਭਾ ਦੇ ਸੀਨੀਅਰ ਕਮੇਟੀ ਮੈਂਬਰ ਸ੍ਰ: ਸੁਖਦੇਵ ਸਿੰਘ ਔਜਲਾ ਨੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਗੁਜ਼ਾਰਿਸ਼ ਕੀਤੀ ਕਿ ਆਪਣੇ ਇਸ ਯੌਰਪ ਅਤੇ ਕੈਨੇਡਾ ਦੌਰੇ ਬਾਰੇ ਨਿੱਜੀ ਤੁਜਰਬੇ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣ। ਉਨ੍ਹਾਂ ਨੇ ਬੜੇ ਵਿਸਥਾਰ ਨਾਲ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪਹਿਲਾਂ ਸਾਨੂੰ ਚਿੰਤਾ ਹੁੰਦੀ ਸੀ ਕਿ ਸਾਡੀ ਪੀੜ੍ਹੀ ਦਰ ਪੀੜ੍ਹੀ ਵਿਦੇਸ਼ਾਂ ਦੇ ਵਿਚ ਵਹੀਰਾਂ ਘੱਤ ਕੇ ਜਾ ਰਹੀ ਹੈ, ਜਿਸ ਦਾ ਕਿ ਸਾਨੂੰ ਆਪਣੇ ਦੇਸ਼ ਰਹਿ ਰਹੇ ਬੁੱਧੀਜੀਵੀਆਂ ਨੂੰ ਕਾਫੀ ਫਿਕਰ ਸੀ। ਪਰ ਇੱਥੇ ਆ ਕੇ ਪਤਾ ਚੱਲਿਆ ਕਿ ਉਹ ਨੌਜਵਾਨ ਆਪਣੇ ਆਪ ਨੂੰ ਇਨ੍ਹਾਂ ਮੁਲਕਾਂ ਦੀ ਜੀਵਨ-ਸ਼ੈਲੀ ਅਨੁਸਾਰ ਢਾਲ ਰਹੇ ਹਨ। ਧਾਰਮਿਕ ਪੱਖੋਂ ਵੀ ਬਾਹਰਲੇ ਮੁਲਕਾਂ ਦੇ ਵਿਚ ਰਹਿ ਰਹੀ ਨਵੀਂ ਪੀੜ੍ਹੀ ਪ੍ਰਫੁੱਲਤ ਹੁੰਦੀ ਨਜ਼ਰ ਆ ਰਹੀ ਹੈ। ਸ੍ਰ: ਸਰਵਣ ਸਿੰਘ ਔਜਲਾ ਦੇ ਬੋਲਦਿਆਂ, ਉਨ੍ਹਾਂ ਦੇ ਹਟਕੋਰਿਆਂ ਤੋਂ ਇਹ ਮਹਿਸੂਸ ਹੋਇਆ ਕਿ ਇਹ ਪ੍ਰਫੁੱਲਤਾ ਪੰਜਾਬ ਦੇ ਵਿੱਚ ਨਹੀਂ ਹੋ ਰਹੀ। ਗੁਰਬਾਣੀ ਦੀਆਂ ਤੁਕਾਂ ਦੇ ਕੇ ਉਨ੍ਹਾਂ ਦੇ ਆਧਾਰ ‘ਤੇ ਬਹੁਤ ਸਾਰੀਆਂ ਗੱਲਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਸੁਖਦੇਵ ਸਿੰਘ ਔਜਲਾ ਅਤੇ ਗੁਰੂ-ਘਰ ਦੇ ਵਜ਼ੀਰ ਗਿਆਨੀ ਅੰਗਰੇਜ ਸਿੰਘ ਨੇ ਸਿਰੋਪਾਓ ਦੀ ਬਖਸ਼ਿਸ਼ ਕੀਤੀ ਅਤੇ ਮੁੜ ਆਉਣ ਦਾ ਸੱਦਾ ਦਿੱਤਾ।