
ਸਿਕਲੀਗਰ ਵਣਜਾਰੇ ਸਿੱਖਾਂ ਲਈ ਕੀਤੇ ਕਾਰਜਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਿੱਖ ਕੌਂਸਲ ਆਫ ਸਕਾਟਲੈਂਡ ਸੰਸਥਾ ਵੱਲੋਂ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਦੌਰਾਨ ਸੈਂਟਰਲ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਸੁਖਬੀਰ ਸਿੰਘ ਤੇ ਭਾਈ ਭਲਵਿੰਦਰ ਸਿੰਘ, ਐਲਬਰਟ ਡਰਾਈਵ ਗੁਰਦੁਆਰਾ ਸਾਹਿਬ ਦੇ ਕੀਰਤਨੀਏ ਸਿੰਘ, ਭਾਈ ਸੁਰਿੰਦਰ ਸਿੰਘ ਸਮੇਤ ਹੋਰ ਵੀ ਸਥਾਨਕ ਜੱਥਿਆਂ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਿੱਖ ਕੌਂਸਲ ਆਫ ਸਕਾਟਲੈਂਡ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਮੱਧ ਪ੍ਰਦੇਸ਼ ਵਿੱਚ ਵਸਦੇ ਸਿਕਲੀਗਰ ਵਣਜਾਰੇ ਸਿੱਖਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲੱਕ ਬੰਨ੍ਹ ਕੇ ਕੰਮ ਕਰਦੀ ਆ ਰਹੀ ਹੈ। ਇਸ ਸਮਾਗਮ ਦੌਰਾਨ ਸੰਸਥਾ ਵੱਲੋਂ ਆਪਣੇ ਪਹਿਲੇ ਕਦਮ ਤੋਂ ਲੈ ਕੇ ਹੁਣ ਤੱਕ ਬਣੇ ਵੱਡੇ ਕਾਫਲੇ ਨੂੰ ਇੱਕ ਪ੍ਰਦਰਸ਼ਨੀ ਦਾ ਰੂਪ ਦੇ ਕੇ ਸੰਗਤਾਂ ਦੇ ਸਨਮੁੱਖ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਸੰਸਥਾ ਵੱਲੋਂ ਸਿਕਲੀਗਰ ਵਣਜਾਰੇ ਸਿੱਖਾਂ ਦੀਆਂ ਸਮੱਸਿਆਵਾਂ, ਉਹਨਾਂ ਸਮੱਸਿਆਵਾਂ ਦੇ ਹੱਲ ਅਤੇ ਕੀਤੇ ਗਏ ਕਾਰਜਾਂ ਦੀਆਂ ਮੀਡੀਆ ਵਿੱਚ ਪ੍ਰਕਾਸ਼ਿਤ ਹੋਈਆਂ ਖਬਰਾਂ ਦਾ ਮੁਕੰਮਲ ਸੰਗ੍ਰਿਹ ਸ਼ਾਮਿਲ ਸੀ। ਇਸ ਸਮੇਂ ਸੰਸਥਾ ਆਗੂ ਸਾਹਿਬਾਨ ਗੁਰਦੀਪ ਸਿੰਘ ਸਮਰਾ, ਸੁਲੱਖਣ ਸਿੰਘ ਸਮਰਾ, ਵਿਜੈਪਾਲ ਸਿੰਘ ਵਰੀਆ, ਸੈਂਟਰਲ ਗੁਰਦਆਰਾ ਸਿੰਘ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਚੌਧਰੀ, ਗੁਰਨਾਮ ਸਿੰਘ ਧਾਮੀ, ਗੁਰੂ ਤੇਗ ਬਹਾਦਰ ਗੁਰਦੁਆਰਾ ਦੇ ਸੇਵਾਦਾਰ ਜਿੱਤ ਸਿੰਘ ਮਸਤਾਨ, ਜਗਦੀਸ਼ ਸਿੰਘ ਆਦਿ ਵੱਲੋਂ ਆਪਣੇ ਸੰਬੋਧਨ ਦੌਰਾਨ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਕਾਰਜਾਂ ਬਾਰੇ ਚਰਚਾ ਕਰਦਿਆਂ ਮੱਧ ਪ੍ਰਦੇਸ਼ ਵਿੱਚ ਸਿਕਲੀਗਰ ਸਿੱਖਾਂ ਦੇ ਬੱਚਿਆਂ ਲਈ ਬਣਨ ਜਾ ਰਹੇ ਸਕੂਲ ਦੇ ਕਾਰਜ ਲਈ ਅਗਾਊਂ ਵਧਾਈ ਪੇਸ਼ ਕੀਤੀ ਗਈ। ਬੁਲਾਰਿਆਂ ਨੇ ਸੰਗਤਾਂ ਨੂੰ ਇਸ ਮਹਾਨ ਕਾਰਜ ਵਿੱਚ ਤਨ ਮਨ ਧਨ ਨਾਲ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਸੰਗਤਾਂ ਦਾ ਸਹਿਯੋਗ ਵੀ ਬੇਹੱਦ ਉਤਸ਼ਾਹ ਵਧਾਉਣ ਵਾਲਾ ਸੀ ਕਿ ਸਾਰਾ ਦਿਨ ਹੀ ਸੰਗਤਾਂ ਵੱਲੋਂ ਸਕੂਲ ਉਸਾਰੀ ਲਈ ਦਸਵੰਧ ਭੇਂਟ ਕੀਤਾ ਜਾਂਦਾ ਰਿਹਾ।


