95,228 ਅਰਜ਼ੀਆਂ ਪਹੁੰਚੀਆਂ ਤੇ 44,167 ਲੋਕਾਂ ਨੂੰ ਮਿਲ ਚੁੱਕੀ ਹੈ 1 ਮਈ ਤੱਕ ਰੈਜ਼ੀਡੈਂਸੀ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਇਮੀਗ੍ਰੇਸ਼ਨ ਕੋਲ ਆਰ-21 ਸ਼੍ਰੇਣੀ ਅਧੀਨ ਲਗਾਤਾਰ ਅਰਜ਼ੀਆਂ ਦੇ ਵਿਚ ਵਾਧਾ ਹੋ ਰਿਹਾ ਹੈ। ਹੁਣ ਤੱਕ ਪ੍ਰਾਪਤ 95,228 ਅਰਜ਼ੀਆਂ ਦੇ ਵਿਚ 1 ਲੱਖ 90 ਹਜ਼ਾਰ, 034 ਲੋਕ ਸ਼ਾਮਿਲ ਹਨ। 1 ਮਈ ਤੱਕ ਜਾਰੀ ਹੋਏ ਅੰਕੜਿਆਂ ਅਨੁਸਾਰ ਹੁਣ ਤੱਕ 19,622 ਅਰਜ਼ੀਆਂ ਦਾ ਨਬੇੜਾ ਹੋ ਚੁੱਕਾ ਹੈ ਅਤੇ 44,167 ਲੋਕਾਂ ਨੂੰ ਪੱਕੇ ਕੀਤਾ ਜਾ ਚੁੱਕਾ ਹੈ। ਹੁਣ ਤੱਕ 17 ਅਰਜ਼ੀਆਂ ਨੂੰ ਰੱਦ ਕੀਤਾ ਗਿਆ ਹੈ। ਰੈਜ਼ੀਡੈਂਟ ਵੀਜਾ ਸ਼੍ਰੇਣੀ ਦੀਆਂ ਅਰਜ਼ੀਆਂ 1 ਦਸੰਬਰ 2021 ਤੋਂ ਸ਼ੁਰੂ ਹੋਈਆਂ ਸਨ ਅਤੇ ਇਹ 31 ਜੁਲਾਈ 2022 ਤੱਕ ਚੱਲਣਗੀਆਂ। ਹੁਣ ਤੱਕ ਦੇ ਅੰਕੜਿਆਂ ਅਨੁਸਾਰ ਵੇਖਿਆ ਜਾਵੇ ਤਾਂ ਇਹ ਕਾਰਜ ਸ਼ੁਰੂ ਹੋਏ ਨੂੰ 152 ਦਿਨ ਹੋ ਗਏ ਹਨ ਉਸ ਹਿਸਾਬ ਨਾਲ ਰੋਜ਼ਾਨਾ 291 ਲੋਕਾਂ ਨੂੰ ਰੈਜ਼ੀਡੈਂਸੀ ਦਿੱਤੀ ਜਾ ਰਹੀ ਹੈ। ਔਸਤਨ 129 ਅਰਜ਼ੀਆਂ ਹਰ ਰੋਜ਼ ਫੈਸਲੇ ਦੀ ਕਸੋਟੀ ਉਤੇ ਖਰੀਆਂ ਉਤਰ ਰਹੀਆਂ ਹਨ। ਇਸ ਸਪੀਡ ਦੇ ਨਾਲ ਕੁੱਲ 1473 ਦਿਨ ਇਸ ਕਾਰਜ ਨੂੰ ਪੂਰੇ ਹੋਣ ਨੂੰ ਲੱਗਣਗੇ ਅਤੇ ਇਹ ਸਮਾਂ 4 ਸਾਲ ਤੱਕ ਦਾ ਬਣਦਾ ਹੈ ਜਦ ਕਿ ਸਰਕਾਰ ਨੇ ਇਸਦਾ ਫੈਸਲਾ ਅਰਜ਼ੀ ਪ੍ਰਾਪਤ ਹੋਣਦੇ 12 ਮਹੀਨਿਆਂ ਅੰਦਰ ਕਰਨ ਦਾ ਐਲਾਨ ਕੀਤਾ ਸੀ। ਇੰਝ ਲਗਦਾ ਸਰਕਾਰ ਨੂੰ ਮੋਟੀ ਚਾਲ ਅਤੇ ਵੱਡਾ ਚੱਠਾ ਲਾਉਣਾ ਪਵੇਗਾ। ਹੁਣ ਤੱਕ 18 ਅਰਜ਼ੀਆਂ ਰੱਦ ਹੋਈਆਂ ਹਨ।
