ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਗਲਾਸਗੋ ਦੇ ਵਸਨੀਕ ਪਰ ਆਪਣੀ ਲਗਨ ਤੇ ਮਿਹਨਤ ਸਦਕਾ ਦੇਸ਼ ਭਰ ਵਿੱਚ ਚਰਚਾ ‘ਚ ਰਹਿੰਦੇ ਭਾਈ ਅਮਰੀਕ ਸਿੰਘ ਅੱਜ ਖਾਮੋਸ਼ ਹੋ ਗਏ। 1936 ‘ਚ ਜਨਮੇ ਭਾਈ ਅਮਰੀਕ ਸਿੰਘ ਦੀ ਖਾਮੋਸ਼ੀ ਦਾ ਕਾਰਨ ਵੀ ਕੋਰੋਨਾਵਾਇਰਸ ਮਹਾਂਮਾਰੀ ਹੀ ਬਣੀ ਹੈ। ਭਾਈ ਅਮਰੀਕ ਸਿੰਘ ਜਿੱਥੇ ਭਾਈਚਾਰੇ ਵਿੱਚ ਆਪਣੇ ਗੁਰਸਿੱਖ ਵਿਚਾਰਾਂ, ਸੇਵਾ ਭਾਵਨਾ ਤੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣ ਕਰਕੇ “ਵਾਹਿਗੁਰੂ ਬਾਬਾ” ਵਜੋਂ ਜਾਣੇ ਜਾਂਦੇ ਸਨ, ਉੱਥੇ ਦੇਸ਼ ਭਰ ਵਿੱਚ ਉਹ ਇੱਕ ਪ੍ਰਤੀਬੱਧ ਦੌੜਾਕ ਵਜੋਂ ਜਾਣੇ ਜਾਂਦੇ ਸਨ। ਜ਼ਿਕਰਯੋਗ ਹੈ ਕਿ ਉਹਨਾਂ ਨੇ 40 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ ਤੇ ਉਹਨਾਂ ਦੇ ਖਜ਼ਾਨੇ ਵਿੱਚ 650 ਦੇ ਲਗਭਗ ਮੈਡਲ ਸਨ। ਉਹਨਾਂ ਨੇ ਲੰਡਨ ਮੈਰਾਥਨ 27 ਵਾਰ ਪੂਰੀ ਕੀਤੀ ਹੋਈ ਸੀ।
ਉਹਨਾਂ ਦੇ ਅਕਾਲ ਚਲਾਣੇ ਕਰਕੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ। ਅਦਾਰਾ “ਪੰਜ ਦਰਿਆ” ਵੀ ਪਰਿਵਾਰ ਦੇ ਦੁੱਖ ਦੀ ਘੜੀ ਵਿੱਚ ਸ਼ਰੀਕ ਹੁੰਦਾ ਹੈ।