ਹਰਪ੍ਰੀਤ ਸਿੰਘ ਲਲਤੋਂ
ਮੈਂ ਧੰਨਵਾਦੀ ਹਾਂ ਸਰਕਾਰੀ ਸਕੂਲਾਂ ਦੀ,
ਜਿੰਨਾਂ ਦੀ ਵਜ੍ਹਾ ਨਾਲ ਮੇਰੀ ਹੋਂਦ ਬਰਕਰਾਰ ਆ,
ਧੰਨਵਾਦੀ ਪੱਛੜੇ ਇਲਾਕੇ ਦੇ ਲੋਕਾਂ ਦੀ,
ਜੋ ਅੱਜ ਵੀ ਮੈਨੂੰ ਕਰਦੇ ਮਣਾਂ ਮੂੰਹੀ ਪਿਆਰ ਆ।

ਸਮੇਂ ਦੀ ਸਿਰ ਤੇ ,ਡਿੱਗੀ ਗਾਜ ਮੇਰੇ,
ਹੰਝੂਆਂ’ਦੇ ਨਾਲ ,ਭਿੱਜੇ ਅਲਫਾਜ ਮੇਰੇ,
ਰੰਗ ਵਟਾ ਗਿਆ,ਆਪਣਾ ਹੀ ਰਕਤ ਮੇਰਾ,
ਆਪਣੇ ਹੀ ਕਰ ਗਏ ਮੈਂਨੂੰ ,ਮੁਹਤਾਜ ਮੇਰੇ।
ਚੰਗੀ ਰਹਿੰਦੀ,ਗੁਰਮੁੱਖੀ ਹੀ ਬਣੀ ਰਹਿੰਦੀ,
ਖੁੱਸ ਗਏ ਅਧਿਕਾਰ ਆ,
ਮੈਂ ਧੰਨਵਾਦੀ ਹਾਂ ਸਰਕਾਰੀ ਸਕੂਲਾਂ ਦੀ…..
ਕਿੰਨੇ ਸ਼ਾਇਰ ਆਏ, ਹੋ ਕੇ ਖ਼ਾਕ ਤੁਰ ਗਏ,
ਕਿੰਨੀਆਂ ਹੀਰਾਂ,ਰਾਂਝੇ ਚਾਕ ਤੁਰ ਗਏ,
ਰੱਖਿਓ ਖਿਆਲ ਮਾਂ ਦਾ,ਬੀਬੇ ਪੁੱਤ ਬਣਕੇ,
ਗੁਰੂ ਸਾਹਿਬਾਨ ਵੀ ਬਾਣੀ,ਵਿੱਚ ਆਖ ਤੁਰ ਗਏ,
ਪਰ ਬੇਮੱਤਿਆਂ ਨੂੰ ਮੱਤ ਕਿੱਥੇ,
ਸਮਝ ਪੈਂਦੀ ਨਾ ਆਖਿਆ ਕਈ ਵਾਰ ਆ,
ਮੈਂ ਧੰਨਵਾਦੀ ਹਾਂ ਸਰਕਾਰੀ ਸਕੂਲਾਂ………।
ਫੁੱਲ ਜਾਣ ਪੱਲੇ ,ਭਰ ਲਏ ਭੱਖੜੇ ਦੇ,
ਹੁਣ ਚਿੱਤ ਚੇਤੇ ਨਾ ,ਹੂਟੇ ਛਕੜੇ ਦੇ,
ਠੁੱਡਾ ਮਾਰ ਕੇ ,ਜਰਖੇਜ ਗੋਦ ਤਾਂਈ,
ਮਾਲਕ ਬਣ ਬਹਿ ਗਏ ,ਨੇ ਰੱਕੜੇ ਦੇ,
ਸ਼ਹਿਦ ਅੱਕ ਨੂੰ ਇੱਕੋ ਰੱਸੇ ਕੱਢਦੇ,
ਮਿੱਠੇ ਕੌੜੇ ਦੀ ਭੋਰਾ ਨਾ ਸਾਰ ਆ,
ਮੈਂ ਧੰਨਵਾਦੀ ਹਾਂ ਸਰਕਾਰੀ ਸਕੂਲਾਂ………।
ਕੁਦਰਤ ਘੜੀ ਕਿਤਾਬ ,ਬਦਲਾਵ ਵਾਲੀ,
ਛੇੜੂ ਤਾਨ ਕੋਈ ,ਮੁੜ ਰਬਾਬ ਵਾਲੀ,
ਹਰੇ ਹੋਣਗੇ ਦਿੱਸਦੇ ਨੇ ,ਜੋ ਬ੍ਰਿਖ ਰੋਡੇ,
ਕੋਈ ਤਾਂ ਪ੍ਰਤਿਰੂਪ ਕਰੂ ,ਵਾਰਿਸ਼ ਦੀ ਕਾਵਿ ਵਾਲੀ,
ਥੁਖਦੀ ਲਲਤੋਂ, ਨਾ ਅਜੇ ਸਵਾਹ ਹੋਈ ,
ਨਾ ਹੀ ਸੁੱਟੇ ਨੇ ਹਥਿਆਰ ਆ,
ਮੈਂ ਧੰਨਵਾਦੀ ਹਾਂ ਸਰਕਾਰੀ ਸਕੂਲਾਂ……..।