ਯੂ.ਕੇ ‘ਚ ਬਿਕਰਮ ਮਜੀਠੀਆ, ਗਨੀਵ ਮਜੀਠੀਆ ਅਤੇ ਤਲਬੀਰ ਗਿੱਲ ਦੇ ਹੱਕ ‘ਚ ਜਲਵੰਤ ਸਿੰਘ ਢੱਡੇ ਦੀ ਅਗਵਾਈ ‘ਚ ਹੋ ਰਹੇ ਹਨ ਵੱਡੇ ਇਕੱਠ

ਲੈਸਟਰ (ਇੰਗਲੈਂਡ),13 ਫਰਵਰੀ (ਪੰਜ ਦਰਿਆ ਬਿਊਰੋ)– 20 ਫਰਵਰੀ ਨੂੰ ਪੰਜਾਬ ਅੰਦਰ ਪੈ ਰਹੀਆਂ ਪੰਜਾਬ ਵਿਧਾਨ ਸਭਾ ਚੌਣਾਂ ਸਬੰਧੀ ਜਿਥੇ ਪੰਜਾਬ ਵਾਸੀਆਂ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ ,ਉਥੇ ਵਿਦੇਸ਼ਾਂ ਚ ਵੱਸੇ ਪੰਜਾਬੀਆਂ ਚ ਵੀ ਇਸ ਵਾਰ ਪੰਜਾਬ ਵਿਧਾਨ ਸਭਾ ਚੌਣਾਂ ਦੇ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਪ੍ਰਤੀ ਬਹੁਤ ਹੀ ਉਤਸੁਕਤਾ ਬਣੀ ਹੋਈ ਹੈ। 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾਂ ਮੌਕੇ ਭਾਵੇਂ ਅਮਰੀਕਾ, ਕੇਨੈਡਾ, ਇੰਗਲੈਂਡ, ਆਸਟ੍ਰੇਲੀਆ, ਅਤੇ ਯੂਰਪ ਦੇ ਵੱਖ ਵੱਖ ਮੁਲਕਾਂ ਵਿਚ ਵੱਸਦੇ ਪੰਜਾਬ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀਆਂ ਇਕ ਵੱਡੇ ਹਿੱਸੇ ਵੱਲੋਂ ਆਪੋ ਆਪਣੇ ਪੱਧਰ ਤੇ ਗਰੁੱਪ ਬਣਾ ਕੇ ਜਿਥੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਆਪਣੇ ਪੰਜਾਬ ਰਹਿੰਦੇ ਪਰਿਵਾਰਾਂ ਅਤੇ ਸਾਕ ਸਬੰਧੀਆਂ ਨੂੰ ਆਪ ਦੇ ਹੱਕ ਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਸੀ,ਉਥੇ ਵੱਡੇ ਪੱਧਰ ਤੇ ਚੋਣ ਫੰਡ ਇੱਕਠਾ ਕਰਕੇ ਵੀ ਭੇਜਿਆ ਗਿਆ ਸੀ। ਪ੍ਰੰਤੂ ਚੌਣਾਂ ਤੋ ਬਾਅਦ ਆਮ ਆਦਮੀ ਪਾਰਟੀ ਚ ਹੋਈ ਪਾਟੋਧਾੜ ਕਰਕੇ ਵਿਦੇਸ਼ਾਂ ਵਿਚ ਵੱਸਦੇ ਆਪ ਸਮਰਥਕਾਂ ਨੂੰ ਕਾਫੀ ਨਿਰਾਸਾ ਦਾ ਸਾਹਮਣਾ ਕਰਨਾ ਪਿਆ ਸੀ ,ਜਿਸ ਕਾਰਨ ਵਿਦੇਸ਼ਾਂ ਵਿਚ ਵੱਸਦੇ ਬਹੁਤੇ ਆਪ ਹਮਾਇਤੀਆਂ ਦਾ ਆਪਣੀ ਪਾਰਟੀ ਤੋ ਮੌਹ ਭੰਗ ਹੋ ਚੁੱਕਾ ਹੈ।ਜਿਸ ਕਰਕੇ ਇਸ ਵਾਰ 2022 ਦੀਆਂ ਇਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵਿਦੇਸ਼ਾਂ ਚ ਆਪ ਸਮਰਥਕਾਂ ਦਾ ਪਾਰਟੀ ਪ੍ਰਤੀ ਕਰੇਜ ਬਹੁਤ ਮੱਠਾ ਪਿਆ ਵੇਖਿਆ ਜਾ ਰਿਹਾ ਹੈ ,ਅਤੇ ਵਿਦੇਸ਼ਾਂ ਚ ਵੱਸਦੇ ਪੰਜਾਬੀ ਇਸ ਵਾਰ ਆਪੋ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾਉਣ ਲਈ ਵਿਦੇਸ਼ਾਂ ਚ ਰਹਿ ਕੇ ਆਪੋ ਆਪਣੇ ਪੱਧਰ ਤੇ ਵੱਖ ਵੱਖ ਤਰੀਕਿਆਂ ਨਾਲ ਪ੍ਰਚਾਰ ਕਰ ਰਹੇ ਹਨ।ਇਸੇ ਤਰ੍ਹਾਂ ਮਜੀਠਾ ਹਲਕੇ ਦੇ ਸੀਨੀਅਰ ਆਗੂ ਜਲਵੰਤ ਸਿੰਘ ਢੱਡੇ ਵੱਲੋਂ ਆਪਣੀ ਇੰਗਲੈਂਡ ਫੇਰੀ ਮੌਕੇ ਵਿਧਾਨ ਸਭਾ ਹਲਕਾ ਮਜੀਠਾ ਤੋ ਅਕਾਲੀ ਉਮੀਦਵਾਰ ਗਨੀਵ ਕੋਰ ਮਜੀਠੀਆ, ਅੰਮ੍ਰਿਤਸਰ ਪੂਰਬੀ ਤੋ ਬਿਕਰਮ ਸਿੰਘ ਮਜੀਠੀਆ ਅਤੇ ਅੰਮ੍ਰਿਤਸਰ ਦੱਖਣੀ ਤੋ ਅਕਾਲੀ ਉਮੀਦਵਾਰ ਤਲਬੀਰ ਸਿੰਘ ਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਇੰਗਲੈਂਡ ਚ ਰਹਿ ਰਹੇ ਹਲਕਾ ਮਜੀਠਾ, ਅੰਮ੍ਰਿਤਸਰ ਪੂਰਬੀ, ਅਤੇ ਹਲਕਾ ਦੱਖਣੀ ਨਾਲ ਸੰਬੰਧਿਤ ਪ੍ਰਵਾਸੀ ਪੰਜਾਬੀਆਂ ਨੂੰ ਇਕੱਤਰ ਕਰਕੇ ਉਕਤ ਆਗੂਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।ਸ ਜਲਵੰਤ ਸਿੰਘ ਢੱਡੇ ਦੇ ਨਾਲ ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਪ੍ਰਵਾਸੀ ਅਕਾਲੀ ਆਗੂ ਮੁਖਤਾਰ ਸਿੰਘ ਝੰਡੇਰ, ਰਣਜੀਤ ਸਿੰਘ, ਸਰਬਜੀਤ ਸਿੰਘ ਸਾਬੀ, ਪਲਵਿੰਦਰ ਸਿੰਘ, ਸੁਖਮਨ ਸਿੰਘ, ਰਾਜਨਬੀਰ ਸਿੰਘ ਰਾਜਾ ਸਮੇਤ ਵੱਡੀ ਗਿਣਤੀ ਚ ਵਿਧਾਨ ਸਭਾ ਹਲਕਾ ਮਜੀਠਾ,ਅੰਮ੍ਰਿਤਸਰ ਪੂਰਬੀ ਅਤੇ ਦੱਖਣੀ ਨਾਲ ਸਬੰਧਿਤ ਪ੍ਰਵਾਸੀ ਪੰਜਾਬੀ ਮੌਜੂਦ ਸਨ।