

ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 24 ਦਸੰਬਰ, 2021: ਸਮਾਜਕ ਚੇਤਨਾ ਦੇ ਰੌਸ਼ਨ ਮੀਨਾਰ, ਉੱਘੇ ਸਮਾਜਸ਼ਾਸਤਰੀ, ਚਿੰਤਕ, ਵਿਦਵਾਨ ਇਰੋਡ ਵੇਨਕਟੱਪਾ ਰਾਮਾਸਵਾਮੀ ਪੇਰੀਆਰ ਦੀ ਬਰਸੀ 24 ਦਸੰਬਰ (1973) ਦੇ ਮੌਕੇ ਤੇ ਸਥਾਨਕ ਭਾਗ ਸਿੰਘ ਸੱਜਣ ਭਵਨ, ਸੈਕਟਰ 20, ਵਿਖੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਇਸ ਮੀਟਿੰਗ ਵਿੱਚ ਨਵੀਂ ਸਿੱਖਿਆ ਨੀਤੀ 2020 ਵਿਰੁੱਧ ਪੰਜਾਬ ਤੇ ਹਰਿਆਣਾ ‘ਚ ਜੋਰਦਾਰ ਮੁਹਿੰਮ ਭਖਾਉਣ ਤੇ ਵਿਸ਼ਾਲ ਪੱਧਰ ਤੇ ਇਸ ਕਾਰਪੋਰੇਟ ਪੱਖੀ ਸਿੱਖਿਆ ਨੀਤੀ ਨੂੰ ਰੱਦ ਕਰਾਉਣ ਲਈ ਲਾਮਬੰਦੀ ਹਿਤ ਸੱਦੀ ਇਸ ਮੀਟਿੰਗ ਵਿੱਚ ਵਿਦਿਆਰਥੀ, ਨੌਜਵਾਨ, ਅਧਿਆਪਕ ਜਮਹੂਰੀ ਜਥੇਬੰਦੀਆਂ ਤੋਂ ਬਿਨ੍ਹਾਂ ਬੁੱਧੀਜੀਵੀ ਸਖਸ਼ੀਅਤਾਂ ਨੇ ਭਾਗ ਲਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁੱਲ-ਹਿੰਦ ਸਿੱਖਿਆ ਅਧਿਕਾਰ ਮੰਚ ਦੇ ਕੌਮੀ ਆਗੂ ਸ਼੍ਰੀ ਨਰਭਿੰਦਰ ਨੇ ਕਿਹਾ ਕਿ ਭਾਰਤ ਦੇ ਹਾਕਮ ਤੇ ਖਾਸ ਕਰ ਮੌਜੂਦਾ ਸਮੇਂ ਰਾਜ ਕਰ ਰਹੀ ਭਾਜਪਾ ਵੱਲੋਂ ਲਾਗੂ ਕੀਤੀ ਜਾ ਰਹੀ ਨਵੀਂ ਸਿੱਖਿਆ ਨੀਤੀ 2020 ਦੇ ਸਿੱਟੇ ਭਾਰਤ ਦੇ ਸਮੂਹ ਲੋਕਾਂ, ਖਾਸ ਕਰਕੇ ਗਰੀਬ, ਮਿਹਨਤਕਸ਼ ਲੋਕਾਂ ਲਈ ਬਹੁਤ ਹੀ ਭਿਆਨਕ ਹੋਣਗੇ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਸਿੱਖਿਆ ਨੀਤੀ, ਕੁੱਲ ਵਿਦਿਅਕ ਪ੍ਰਬੰਧ ਨੂੰ ਕਾਰਪੋਰੇਟ, ਪ੍ਰਾਈਵੇਟ ਕਾਰਪੋਰੇਸ਼ਨਾਂ ਦੇ ਹਵਾਲੇ ਕਰਨ ਰਾਹੀਂ ਦੇਸ਼ ਦੀ ਵੱਡੀ ਅਬਾਦੀ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਕਰ ਦੇਵੇਗੀ ਉੱਥੇ ਨਾਲ ਹੀ ਇਹ ਭਾਰਤ ਅੰਦਰ ਸਿੱਖਿਆ ਦੇ ਫਿਰਕੂਕਰਨ ਕਰਨ ਤੇ ਪਿਛਾਂਹ ਖਿੱਚੂ ਕਦਰਾਂ ਕੀਮਤਾਂ ਦੇ ਪਸਾਰੇ ਦਾ ਵੀ ਸਾਧਨ ਬਣੇਗੀ।
ਮੀਟਿੰਗ ਦੇ ਅਗਲੇ ਬੁਲਾਰੇ ਪ੍ਰਸਿੱਧ ਸਿੱਖਿਆ ਚਿੰਤਕ ਸ਼੍ਰੀ ਯਸ਼ਪਾਲ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ 2020 ਦੇ ਤਹਿਤ ਸਰਕਾਰ ਵੱਲੋਂ ਵਿੱਢਿਆ ਹੱਲਾ ਅਸਲ ਵਿਚ ਨਵ ਉਦਾਰਵਾਦੀ ਨੀਤੀਆਂ ਦੇ ਏਜੰਡੇ ਤਹਿਤ ਭਾਰਤ ਦੇ ਸਮੂਹ ਲੋਕਾਂ ਤੇ ਵਿੱਢੇ ਹਮਲੇ ਦਾ ਹੀ ਇੱਕ ਅੰਗ ਹੈ। ਜਿਵੇਂ ਕਿਰਤ ਕਨੂੰਨਾਂ ਚ ਸੋਧਾਂ ਕਰਨ, ਖੇਤੀ ਕਨੂੰਨਾਂ ਨੂੰ ਲਾਗੂ ਕਰਨ ਰਾਹੀਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਨਵ ਉਦਾਰਵਾਦੀ ਨੀਤੀਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ, ਉਸੇ ਤਰ੍ਹਾਂ ਨਵੀਂ ਸਿੱਖਿਆ ਨੀਤੀ ਵਿਦਿਆਰਥੀਆਂ, ਅਧਿਆਪਕਾਂ, ਆਮ ਲੋਕਾਂ ਦੇ ਸਿੱਖਿਆ ਦੇ ਅਧਿਕਾਰ ਤੇ ਸਿੱਖਿਆ ਖੇਤਰ ਨਾਲ ਸੰਬੰਧਿਤ ਸਾਰੇ ਹਿੱਸਿਆਂ ਤੇ ਕੀਤਾ ਗਿਆ ਯੋਜਨਾਬੱਧ ਹਮਲਾ ਹੈ।
ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਆਗੂ ਗੁਰਪਿਆਰ ਸਿੰਘ ਨੇ ਨਵੀਂ ਸਿੱਖਿਆ ਨੀਤੀ 2020 ਖ਼ਿਲਾਫ਼ ਸਭਨਾ ਵਿਦਿਆਰਥੀ ਜਥੇਬੰਦੀਆਂ, ਅਧਿਆਪਕ ਜਥੇਬੰਦੀਆਂ ਤੇ ਜਮਹੂਰੀ ਜਥੇਬੰਦੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਇੱਕਜੁੱਟ ਲੜਾਈ ਵਿੱਢਣ ਤੇ ਜੋਰ ਦਿੱਤਾ।
ਮੰਚ ਦੇ ਕੇਂਦਰੀ ਕਮੇਟੀ ਆਗੂ ਸ਼੍ਰੀ ਕੰਵਲਜੀਤ ਖੰਨਾ ਨੇ ਮੀਟਿੰਗ ਦਾ ਸੰਚਾਲਨ ਕੀਤਾ ਤੇ ਪੰਜਾਬ ਪੱਧਰ ਤੇ ਕੌਮੀ ਸਿੱਖਿਆ ਨੀਤੀ ਖ਼ਿਲਾਫ਼ ਵਿਸ਼ਾਲ ਲਹਿਰ ਜੱਥੇਬੰਦ ਕਰਨ ਤੇ ਜੋਰ ਦਿੱਤਾ। ਮੀਟਿੰਗ ਵਿੱਚ ਪੰਜਾਬ ਪੱਧਰ ਤੇ ਸਿੱਖਿਆ ਨੀਤੀ ਵਿਰੋਧੀ ਮੁਹਿੰਮ ਜਥੇਬੰਦ ਕਰਨ ਲਈ ਵਿਦਿਆਰਥੀ, ਅਧਿਆਪਕ ਤੇ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ 2 ਜਨਵਰੀ 2021 ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੀਟਿੰਗ ਨੂੰ ਐਸ.ਐੱਫ.ਐੱਸ ਦੇ ਆਗੂ ਗਗਨਦੀਪ, ਪੀ.ਐਸ.ਯੂ (ਲਲਕਾਰ) ਦੇ ਅਮਨਦੀਪ, ਐੱਸ.ਐੱਫ.ਆਈ ਤੋਂ ਆਰੀਅਨ, ਏ.ਆਈ.ਐੱਸ.ਐੱਫ ਤੋਂ ਪ੍ਰਿਤਪਾਲ ਸਿੰਘ, ਪੀ.ਆਰ.ਐੱਸ. ਯੂ ਤੋਂ ਮਨਜੀਤ ਸਿੰਘ, ਪੀ.ਐੱਸ.ਯੂ ਦੇ ਸੁਖਦੀਪ ਸਿੰਘ, ਜਮਹੂਰੀ ਅਧਿਕਾਰ ਸਭਾ ਤੋਂ ਮਨਪ੍ਰੀਤ ਜੱਸ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵੱਲੋਂ ਪੰਜਾਬ ਤੇ ਹਰਿਆਣਾ ਦੇ ਰਾਜਪਾਲ, ਮੁੱਖ ਮੰਤਰੀ, ਸਿੱਖਿਆ ਮੰਤਰੀ ਦੇ ਨਾਮ ਮੰਗ ਪੱਤਰ ਵੀ ਭੇਜਿਆ ਗਿਆ।