ਨਿ:ਸਿੰ:ਵਾਲਾ (ਪੰਜ ਦਰਿਆ ਬਿਊਰੋ) ਮੋਗਾ ਇਲਾਕੇ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਕਿਸਾਨਾਂ-ਮਜ਼ਦੂਰਾਂ ਨੂੰ ਜਗਾਉਣ ਤੁਰਿਆ ਪਿੰਡ ਹਿੰਮਤਪੁਰੇ ਦਾ ਪ੍ਰਧਾਨ ਤਰਲੋਕ ਸਿੰਘ ਪਿਛਲੇ ਦਿਨੀਂ ਇਨਕਲਾਬੀ ਕਾਫ਼ਲੇ ਚੋਂ ਵਿੱਛੜ ਗਿਆ।ਅੱਜ ਉਸ ਦੇ ਜੱਦੀ ਪਿੰਡ ਹਿੰਮਤਪੁਰਾ ਵਿਖੇ ਹਜ਼ਾਰਾਂ ਕਿਸਾਨਾਂ,ਮਜ਼ਦੂਰਾਂ ਔਰਤਾਂ ਅਤੇ ਨੌਜਵਾਨਾਂ ਵੱਲੋਂ ਉਸਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਪ੍ਰੈਸ ਨੂੰ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ(ਉਹਰਾਹਾਂ)ਦੇ ਬਲਾਕ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਪਿਛਲੇ ਦਿਨੀਂ ਪ੍ਰਧਾਨ ਤਰਲੋਕ ਸਿੰਘ ਨੂੰ ਦਿਲ ਦਾ ਦੌਰਾ ਪਿਆ ਜੋ ਉਹਨਾਂ ਲਈ ਜਾਨਲੇਵਾ ਸਾਬਤ ਹੋਇਆ।ਅੱਜ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਤੇ ਪਹੁੰਚੇ ਸੂਬਾ ਕਮੇਟੀ ਦੇ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਹਜ਼ਾਰਾਂ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਲੋਕ ਸਿੰਘ ਹਿੰਮਤਪੁਰਾ ਕਿਸਾਨੀ ਘੋਲਾਂ ਦਾ ਸਿਰਨਾਵਾਂ ਸੀ।ਉਹ ਪਿਛਲੇ ਤਿੰਨ ਦਹਾਕਿਆਂ ਤੋਂ ਕਿਸਾਨਾਂ ,ਮਜ਼ਦੂਰਾਂ ਨੂੰ ਜਥੇਬੰਦ ਕਰਨ ਤੁਰਿਆ ਅਤੇ ਆਪਣੇ ਆਖਰੀ ਸਾਹਾਂ ਤੱਕ ਕਿਰਤੀ ਜਮਾਤ ਨਾਲ ਕੀਤੇ ਬੋਲਾਂ ਨੂੰ ਪੁਗਾਓਂਦਾ ਰਿਹਾ।ਉਹ ਲੱਗਭੱਗ ਡੇਢ ਦਹਾਕਾ ਮੋਗਾ ਜ਼ਿਲ੍ਹੇ ਦੀ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਤੈਨਾਤ ਰਹੇ।ਜਿਸ ਦੌਰਾਨ ਉਹਨਾਂ ਪਿੰਡ ਪੱਧਰੇ ਮਸਲਿਆਂ ਤੋਂ ਲੈ ਕੇ ਸੂਬਾ ਪੱਧਰੇ ਘੋਲਾਂ ਵਿੱਚ ਕਿਸਾਨਾਂ ਦੀ ਅਗਵਾਈ ਕੀਤੀ।ਉਹ ਜਥੇਬੰਦੀ ਦਾ ਨਿਧੜਕ ਜਰਨੈਲ ਸੀ।ਉਹਨਾਂ ਵੱਲੋਂ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇੰਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਅੱਜ ਜੋ ਮੁਲਕ ਦੀ ਕਿਸਾਨੀ ਨੇ ਮੋਦੀ ਹਕੂਮਤ ਨੂੰ ਗੋਡਣੀਏਂ ਕੀਤਾ ਹੈ ਅਤੇ ਪੰਜਾਬ ਦਾ ਇਸ ਸੰਘਰਸ਼ ਵਿੱਚ ਜੋ ਅਹਿਮ ਯੋਗਦਾਨ ਹੈ ਉਸ ਯੋਗਦਾਨ ਵਿੱਚ ਤਰਲੋਕ ਸਿੰਘ ਹਿੰਮਤਪੁਰਾ ਦੇ ਮੁੜ੍ਹਕੇ ਅਤੇ ਲਹੂ ਦੀ ਕਮਾਈ ਲੱਗੀ ਹੋਈ ਹੈ ਕਿਓਂਕਿ ਅੱਜ ਜੋ ਕਿਸਾਨ ਲਹਿਰ ਕਾਰਪੋਰੇਟ ਸਾਮਰਾਜੀਆਂ ਨੂੰ ਟੱਕਰ ਦੇਣ ਯੋਗ ਹੋਈ ਹੈ,ਇਸ ਨੂੰ ਇਸ ਯੋਗ ਬਣਾਉਣ ਵਿੱਚ ਤਰਲੋਕ ਸਿੰਘ ਨੇ ਆਪਣੀ ਜ਼ਿੰਦਗੀ ਦੇ ਤੀਹ ਵਰ੍ਹੇ ਅਰਪਿਤ ਕੀਤੇ ਹਨ।ਇਸ ਦੌਰਾਨ ਉਸ ਉੱਪਰ ਅਨੇਕਾਂ ਪੁਲਿਸ ਕੇਸ ਬਣੇ।ਦਰਜਨਾਂ ਬਾਰ ਉਸਨੂੰ ਜ਼ੇਲ੍ਹ ਜਾਣਾ ਪਿਆ।ਪੁਲਿਸ ਦਾ ਤਸ਼ੱਦਦ ਉਸਨੇ ਦਰਜਨਾਂ ਬਾਰ ਆਪਣੇ ਪਿੰਡੇ ਤੇ ਝੱਲਿਆ।ਲੱਤਾਂ ਬਾਹਾਂ ਤੁੜਵਾਈਆਂ।ਇਹਨਾਂ ਵਿੱਚੋਂ ਕਾਂਗਰਸੀ ਗੁੰਡਿਆਂ ਵੱਲੋਂ ਰਚਿਆ ਮੀਨੀਆਂ ਕਾਂਡ,ਟ੍ਰਾਈਡੈਂਟ ਖ਼ਿਲਾਫ਼ ਘੋਲ ਅਤੇ ਕੋਟਦੁੱਨਾ ਵਿਖੇ ਅਕਾਲੀ ਹਕੂਮਤ ਵੱਲੋਂ ਕੀਤਾ ਲਾਠੀਚਾਰਜ ਵਿਸ਼ੇਸ਼ ਤੌਰ ਤੇ ਜਿਕਰਯੋਗ ਹਨ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਅਤੇ ਬਲਾਕ ਦੀ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਕੌਰ ਕੁੱਸਾ ਨੇ ਵੀ ਤਰਲੋਕ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਨੂੰ ਇੱਕ ਨਿੱਡਰ ਅਤੇ ਬੇਬਾਕ ਆਗੂ ਦਾ ਖ਼ਿਤਾਬ ਦਿੱਤਾ। ਇਸ ਦੌਰਾਨ ਭਰਾਤਰੀ ਜਥੇਬੰਦੀਆਂ ਵੱਲੋਂ ਨੌਜਵਾਨ ਭਾਰਤ ਸਭਾ ਦੇ ਆਗੂਆਂ ਕਰਮ ਰਾਮਾ ਅਤੇ ਗੁਰਮੁਖ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਭਾਵੇਂ ਤਰਲੋਕ ਪ੍ਰਧਾਨ ਕਿਸਾਨ ਲੀਡਰ ਸਨ ਪਰ ਉਹਨਾਂ ਦੀ ਸੋਚ ਦੀ ਪਰਵਾਜ਼ ਬਹੁਤ ਉੱਚੀ ਸੀ।ਉਹ ਸਮਝਦੇ ਸਨ ਕਿ ਜਿੰਨ੍ਹਾਂ ਚਿਰ ਕਿਸਾਨਾਂ ਮਜ਼ਦੂਰਾਂ, ਨੌਜਵਾਨਾਂ,ਔਰਤਾਂ,ਸਮਾਜ ਦੇ ਕੁੱਲ ਕਿਰਤੀਆਂ ਨੂੰ ਇਕੱਠੇ ਨਹੀਂ ਕੀਤਾ ਜਾਂਦਾ ਅਤੇ ਇਸ ਲੋਟੂ ਢਾਂਚੇ ਨੂੰ ਬਦਲ ਕੇ ਸ. ਭਗਤ ਸਿੰਘ ਦੇ ਵਿਚਾਰਾਂ ਦੀ ਆਜ਼ਾਦੀ ਨਹੀਂ ਆ ਜਾਂਦੀ ਉਹਨਾਂ ਚਿਰ ਲੋਕਾਂ ਦੀ ਮੁਕਤੀ ਨਹੀਂ ਹੋ ਸਕਦੀ।ਇਸੇ ਲਈ ਉਹਨਾਂ ਨੇ ਇਲਾਕੇ ਦੇ ਨੌਜਵਾਨਾਂ ਨੂੰ ਜਥੇਬੰਦ ਕਰਨ ਵਿੱਚ ਵੀ ਗੰਭੀਰਤਾ ਨਾਲ ਯਤਨ ਕੀਤੇ।ਡੈਮੋਕ੍ਰੇਟਿਕ ਟੀਚਰ ਫ਼ਰੰਟ ਦੇ ਬਲਾਕ ਪ੍ਰਧਾਨ ਅਮਨਦੀਪ ਮਾਛੀਕੇ ਨੇ ਕਿਹਾ ਕਿ ਪ੍ਰਧਾਨ ਤਰਲੋਕ ਸਿੰਘ ਹਿੰਮਤਪੁਰਾ ਨੇ ਹਮੇਸ਼ਾ ਹੀ ਸੰਘਰਸ਼ਸ਼ੀਲ ਹਿੱਸਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।ਅੱਜ ਉਹਨਾਂ ਦੇ ਤੁਰ ਜਾਣ ਨਾਲ ਇਕੱਲੇ ਕਿਸਾਨ ਹੀ ਨਹੀਂ ਹਰ ਕਿਰਤੀ ਵਰਗ ਉਦਾਸ ਹੈ।ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਜ਼ਿਲ੍ਹਾ ਖਜਾਨਚੀ ਬਲੌਰ ਸਿੰਘ ਘੱਲ ਕਲਾਂ,ਜ਼ਿਲ੍ਹਾ ਸੈਕਟਰੀ ਗੁਰਮੀਤ ਸਿੰਘ ਕਿਸ਼ਨਪੁਰਾ,ਸੂਬੇ ਦੇ ਪ੍ਰੈਸ ਸਕੱਤਰ ਹਰਦੀਪ ਸਿੰਘ ਟੱਲੇਵਾਲ,ਰੂਪ ਸਿੰਘ ਛੰਨਾ,ਬਰਨਾਲਾ ਜ਼ਿਲ੍ਹਾ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਸੌਦਾਗਰ ਸਿੰਘ ਖਾਈ, ਜੰਗੀਰ ਸਿੰਘ ਹਿੰਮਤਪੁਰਾ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦਰਸ਼ਨ ਸਿੰਘ ਹਿੰਮਤਪੁਰਾ, ਡੀ. ਟੀ. ਐਫ. ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮੋਗਾ,ਸ਼ਹੀਦ ਸਾਧੂ ਸਿੰਘ ਤਖਤੂਪੁਰਾ ਯਾਦਗਾਰੀ ਕਮੇਟੀ ਵੱਲੋਂ ਮਾਸਟਰ ਕ੍ਰਿਸ਼ਨ ਦਿਆਲ ਕੁੱਸਾ ਆਦਿ ਸ਼ਾਮਿਲ ਸਨ।ਲੋਕਾਂ ਵੱਲੋਂ ਪ੍ਰਧਾਨ ਤਰਲੋਕ ਸਿੰਘ ਤੇਰੀ ਸੋਚ ਤੇ,ਪਹਿਰਾ ਦਿਆਂਗੇ ਠੋਕ ਕੇ ।ਪ੍ਰਧਾਨ ਤਰਲੋਕ ਤੇਰੇ ਕਾਜ ਅਧੂਰੇ, ਲ਼ਾ ਕੇ ਜ਼ਿੰਦਗੀਆਂ ਕਰਾਂਗੇ ਪੂਰੇ,।ਪ੍ਰਧਾਨ ਤਰਲੋਕ ਸਿੰਘ ਅਮਰ ਰਹੇ ਆਦਿ ਨਾਅਰੇ ਜੋਸ਼ ਅਤੇ ਨਮ ਅੱਖਾਂ ਨਾਲ ਗੂੰਜਾਏ ਗਏ।
ਬੂਟਾ ਸਿੰਘ ਭਾਗੀਕੇ (ਬਲਾਕ ਸਕੱਤਰ)98157-50020