
ਸਾਊਥਾਲ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਡਾ. ਸਾਹਿਬ ਸਿੰਘ ਦੁਆਰਾ ਆਪਣੇ ਬਹੁਚਰਚਿਤ ਨਾਟਕ “ਸੰਮਾ ਵਾਲੀ ਡਾਂਗ” ਦੀ ਲੜੀਵਾਰ ਪੇਸ਼ਕਾਰੀ ਕੀਤੀ ਜਾ ਰਹੀ ਹੈ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਾਊਥਾਲ ਵਿਖੇ ਵੀ ਸੋਲੋ ਨਾਟਕ “ਸੰਮਾਂ ਵਾਲੀ ਡਾਂਗ” ਦਾ ਮੰਚਨ ਕੀਤਾ ਗਿਆ। ਕਿਸਾਨੀ ਸੰਘਰਸ਼ ਅਤੇ ਪੰਜਾਬ ਦੀ ਕਿਰਸਾਣੀ ਦੀ ਡਾਵਾਂਡੋਲ ਆਰਥਿਕਤਾ ਅਤੇ ਸਮਾਜਿਕ ਅਸਥਿਰਤਾ ਨੂੰ ਰੂਪਮਾਨ ਕਰਦਾ ਇਹ ਨਾਟਕ ਇਕੱਲੇ ਅਦਾਕਾਰ ਸਾਹਿਬ ਸਿੰਘ ਦਾ ਉੱਦਮ ਕਮਾਲ ਦਾ ਸੀ। ਪੇਸ਼ਕਾਰੀ ਦਾ ਸਿਖਰ ਇਸ ਗੱਲੋਂ ਹੀ ਕਿਹਾ ਜਾ ਸਕਦਾ ਹੈ ਕਿ ਦਰਸ਼ਕ ਸਾਹ ਲੈਣਾ ਵੀ ਭੁੱਲ ਗਏ ਪ੍ਰਤੀਤ ਹੋ ਰਹੇ ਸਨ। ਭਾਵੁਕ ਬੋਲਾਂ ‘ਤੇ ਅੱਖਾਂ ਸਿੱਲ੍ਹੀਆਂ ਵੀ ਹੋਈਆਂ। ਨਾਟਕ ਦੀ ਸਮਾਪਤੀ ‘ਤੇ ਹਾਜ਼ਰੀਨ ਨੇ ਖੜ੍ਹੇ ਹੋ ਕੇ ਬੇਰੋਕ ਤਾੜੀਆਂ ਮਾਰ ਕੇ ਡਾ. ਸਾਹਿਬ ਸਿੰਘ ਦੀ ਅਦਾਕਾਰੀ ਦੀ ਦਾਦ ਦਿੱਤੀ। ਇਸ ਮੌਕੇ ‘ਤੇ ਈਲਿੰਗ ਕੌਂਸਲ ਦੀ ਡਿਪਟੀ ਮੇਅਰ ਮਹਿੰਦਰ ਕੌਰ ਮਿੱਢਾ, ਨਾਵਲਕਾਰ ਮਹਿੰਦਰਪਾਲ ਧਾਲੀਵਾਲ, ਸ੍ਰੀਮਤੀ ਭਜਨ ਧਾਲੀਵਾਲ, ਅਜ਼ੀਮ ਸ਼ੇਖਰ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੀ ਪ੍ਰਧਾਨ ਕੁਲਵੰਤ ਢਿੱਲੋਂ, ਗ੍ਰੇਟਰ ਲੰਡਨ ਅਸੰਬਲੀ ਮੈਂਬਰ ਡਾ. ਓਂਕਾਰ ਸਹੋਤਾ, ਰਿਪਜੀਤ ਸੰਧੂ, ਭਿੰਦਰ ਜਲਾਲਾਬਾਦੀ, ਜਤਿੰਦਰ ਸਿੰਘ, ਤਜਿੰਦਰ ਸਿੰਧਰਾ,ਬਿੱਟੂ ਖੰਗੂੜਾ, ਰਾਜਿੰਦਰ ਕੌਰ, ਹਰਸੇਵ ਬੈਂਸ, ਰੂਪ ਖਟਕੜ, ਜਸਕਰਨ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਕਲਾ ਪ੍ਰੇਮੀ ਮੌਜੂਦ ਸਨ। ਕੁਲਵੰਤ ਕੌਰ ਢਿੱਲੋਂ ਨੇ ਜਾਣਕਾਰੀ ਸਾਂਝੀ ਕਰਦਿਆਂ ਇਸ ਨਾਟਕ ਦੀ ਪੇਸ਼ਕਾਰੀ ਨੂੰ ਮਾਨਣਾ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲ ਆਖਿਆ। ਇਸ ਸਮੇਂ ਡਿਪਟੀ ਮੇਅਰ ਮਹਿੰਦਰ ਕੌਰ ਮਿੱਢਾ, ਡਾ. ਓਂਕਾਰ ਸਹੋਤਾ ਵੱਲੋਂ ਵੀ ਇਸ ਬਿਹਤਰੀਨ ਪੇਸ਼ਕਾਰੀ ਦੀ ਖੁੱਲ੍ਹਦਿਲੀ ਨਾਲ ਪ੍ਰਸੰਸਾ ਕੀਤੀ ਗਈ।
