14.1 C
United Kingdom
Sunday, April 20, 2025

More

    ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ ਕੋਰੋਨਾ ਨੂੰ ਮਾਤ ਦਿੱਤੀ

    ?18ਵਾਂ ਮਰੀਜ਼ ਵੀ ਠੀਕ ਹੋਣ ਬਾਅਦ ਘਰ ਰਵਾਨਾ

    ?ਹਸਪਤਾਲ ਦੇ ਸਟਾਫ਼ ਦਾ ਫੁੱਲਾਂ ਦੀ ਵਰਖਾ ਤੇ ਤਾੜੀਆਂ ਨਾਲ ਕੀਤਾ ਧੰਨਵਾਦ

    ਚੰਡੀਗੜ੍ਹ ( ਰਾਜਿੰਦਰ ਭਦੌੜੀਆ)


    ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਕੋਰੋਨਾ ਤੋਂ ਮੁਕਤ ਹੋਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ। ਕੋਰੋਨਾ ਪ੍ਰਭਾਵਿਤ ਇਸ ਜ਼ਿਲ੍ਹੇ ਦਾ ਅਠਾਰਵਾਂ ਮਰੀਜ ਅੱਜ ਠੀਕ ਹੋਣ ਬਾਅਦ ਘਰ ਰਵਾਨਾ ਹੋ ਗਿਆ।
    18 ਮਾਰਚ ਨੂੰ ਬਲਦੇਵ ਸਿੰਘ ਦੇ ਦੇਹਾਂਤ ਬਾਅਦ ਕੋਰੋਨਾ ਦੇ ਹੌਟਸਪਾਟ ਬਣੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਅੱਜ ਆਖਰੀ ਮਰੀਜ਼ ਦੇ ਸਿਹਤਯਾਬ ਹੋ ਕੇ ਘਰ ਜਾਣ ਨਾਲ ਵੱਡੀ ਰਾਹਤ ਮਿਲੀ ਹੈ। ਜ਼ਿਲ੍ਹੇ ਨੂੰ ਰੈੱਡ ਜ਼ੋਨ ’ਚੋਂ ਗ੍ਰੀਨ ਜ਼ੋਨ ’ਚ ਜਾਣ ਲਈ 28 ਦਿਨ ਇੰਤਜ਼ਾਰ ਕਰਨਾ ਪਵੇਗਾ ਪਰੰਤੂ ਜ਼ਿਲ੍ਹੇ ’ਤੇ ਕੋੋਰਨਾ ਦੀ ਦਹਿਸ਼ਤ ਦਾ ਪਿਆ ਪ੍ਰਛਾਵਾਂ ਅੱਜ ਸਮਾਪਤ ਹੋ ਗਿਆ।
    ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ 19 ਮਾਰਚ ਤੋਂ 26 ਮਾਰਚ ਤੱਕ ਇੱਕ ਦਮ ਆਏ 18 ਕੋਰੋਨਾ ਮਾਮਲਿਆਂ ਨੂੰ ਜਿਸ ਸੰਜੀਦਗੀ ਤੇ ਸੇਵਾ ਭਾਵ ਨਾਲ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਨਜਿੱਠਿਆ ਹੈ, ਉਸ ਦਾ ਹੀ ਨਤੀਜਾ ਹੈ ਕਿ ਜ਼ਿਲ੍ਹਾ ਬਿਨਾਂ ਕਿਸੇ ਹੋਰ ਵਡਮੁੱਲੀ ਜਾਨ ਨੂੰ ਗਵਾਇਆ, ਇਸ ਮੁਸ਼ਕਿਲ ’ਚੋਂ ਬਾਹਰ ਨਿਕਲ ਆਇਆ ਹੈ। ਉਨ੍ਹਾਂ ਇਸ ਦਾ ਸਿਹਰਾ ਸਿਹਤ, ਪ੍ਰਸ਼ਾਸਕੀ, ਪੁਲਿਸ ਅਤੇ ਜ਼ਮੀਨੀ ਪੱਧਰ ’ਤੇ ਲੱਗੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੰਦੇ ਹੋਏ ਕਿਹਾ ਕਿ ਜੇਕਰ ਹਰ ਇੱਕ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਾ ਨਿਭਾਉਂਦਾ ਤਾਂ ਅੱਜ ਵਾਲਾ ਨਤੀਜਾ ਨਹੀਂ ਸੀ ਨਿਕਲਣਾ।
    ਡਿਪਟੀ ਕਮਿਸ਼ਨਰ ਨੇ ਅੱਜ ਘਰ ਭੇਜੇ ਗਏ ਕੋਵਿਡ ’ਤੇ ਜਿੱਤ ਪਾਉਣ ਵਾਲੇ 16 ਸਾਲਾ ਨੌਜੁਆਨ ਨੂੰ ਸ਼ੁੱਭ ਇਛਾਵਾਂ ਵਜੋਂ ਫਲ ਅਤੇ ਚਾਕਲੇਟ ਵੀ ਭੇਟ ਕੀਤੇ।
    ਐਸਐਸਪੀ ਅਲਕਾ ਮੀਨਾ ਨੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ’ਚ ਮਰੀਜ਼ਾਂ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਟੀਮ ਵਜੋਂ ਕੰਮ ਕਰਦਿਆਂ ਅਸੰਭਵ ਨੂੰ ਸੰਭਵ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਫ਼ਰ ਅਜੇ ਮੁਕੰਮਲ ਨਹੀਂ ਹੋਇਆ, ਸਾਨੂੰ ਆਪਣੇ ਜ਼ਿਲ੍ਹੇ ਨੂੰ ਸੁਰੱਖਿਅਤ ਜ਼ੋਨ ’ਚ ਲਿਆਉਣ ਲਈ ਹਾਲੇ ਘਰਾਂ ’ਚ ਹੀ ਰਹਿਣਾ ਪਵੇਗਾ।
    ਐਮ ਐਲ ਏ ਅੰਗਦ ਸਿੰਘ ਨੇ ਆਖਿਆ ਕਿ ਸਮੁੱਚਾ ਪ੍ਰਸ਼ਾਸਨ, ਸਿਹਤ ਵਿਭਾਗ, ਪੁਲਿਸ ਵਿਭਾਗ, ਜ਼ਿਲ੍ਹਾ ਹਸਪਤਾਲ ਦਾ ਸਟਾਫ਼ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ, ਜਿਹੜਾ ਕਿ ਕੋਵਿਡ-19 ਦੇ ਪ੍ਰਭਾਵ ’ਚ ਆਉਣ ਵਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਸੀ, ਅੱਜ ਮੁਕਤ ਹੋਣ ਵਾਲਾ ਵੀ ਪਹਿਲਾ ਬਣ ਗਿਆ ਹੈ।
    ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ ਪੀੜਤ ਪਾਏ ਗਏ ਇਨ੍ਹਾਂ 18 ਮਰੀਜ਼ਾਂ ’ਚ 14 ਸਵਰਗੀ ਬਾਬਾ ਬਲਦੇਵ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ ਜਦਕਿ ਬਾਕੀ ਤਿੰਨ ਵੀ ਇਸੇ ਪਿੰਡ ਨਾਲ ਤੇ ਇੱਕ ਹੋਰ ਨਾਲ ਦੇ ਪਿੰਡ ਲਧਾਣਾ ਝਿੱਕਾ ਨਾਲ ਸਬੰਧਤ ਸੀ।
    ਅਠਾਰਵੇਂ ਤੇ ਆਖਰੀ ਮਰੀਜ਼ ਦੇ ਸਿਹਤਯਾਬ ਹੋ ਕੇ ਘਰ ਜਾਣ ਮੌਕੇ ਹਸਪਤਾਲ ਦੇ ਸਟਾਫ਼ ਦਾ ਸਮੂਹ ਅਧਿਕਾਰੀਆਂ ਵੱਲੋਂ ਫੁੱਲਾਂ ਦੀ ਵਰਖਾ ਤੇ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਐਸ ਐਮ ਓ ਡਾ. ਹਰਿਵੰਦਰ ਸਿੰਘ ਨੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।
    ਇਸ ਮੌਕੇ ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਐਸ ਐਮ ਓ ਡਾ. ਹਰਵਿੰਦਰ ਸਿੰਘ ਤੇ ਹਸਪਤਾਲ ਦਾ ਸਮੁੱਚਾ ਸਟਾਫ਼ ਮੌਜੂਦ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!