10.2 C
United Kingdom
Saturday, April 19, 2025

More

    ਦਿੱਲੀ ਦੇ ਬਾਰਡਰਾਂ ਉੱਪਰ ਚਲਦੇ ਕਿਸਾਨ ਅੰਦੋਲਨ ਨੇ ਸਫਲਤਾ ਪੂਰਵਕ ਇੱਕ ਵਰ੍ਹਾ ਕੀਤਾ ਪੂਰਾ

    ਕਿਸਾਨ ਅੰਦੋਲਨ ਵਿੱਚ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਕਿਸਾਨਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ
    ਦਲਜੀਤ ਕੌਰ ਭਵਾਨੀਗੜ੍ਹ
    ਚੰਡੀਗੜ੍ਹ, 26 ਨਵੰਬਰ, 2021: ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਸੂਬੇ ‘ਚ ਅੱਜ ਕਿਸਾਨੀ ਧਰਨਿਆਂ ਦੇ 422ਵੇਂ ਦਿਨ 125 ਤੋਂ ਵੱਧ ਥਾਵਾਂ ਵੱਡੇ ਭਾਰੀ ਇਕੱਠ ਜੁੜੇ। ਇਨ੍ਹਾਂ ਧਰਨਿਆਂ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਦੁਕਾਨਦਾਰਾਂ, ਮੁਲਾਜ਼ਮਾਂ, ਟਰਾਂਸਪੋਰਟਰਾਂ ਸਮੇਤ ਹਰ ਵਰਖ ਦੇ ਲੋਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
    ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੇ ਚਲਦੇ ਇੱਕ ਸਾਲ ਦੇ ਕਿਸਾਨ ਅੰਦੋਲਨ ਦਾ ਲੇਖਾ ਜੋਖਾ ਕੀਤਾ ਅਤੇ ਕਿਹਾ ਕਿ ਮੋਦੀ ਹਕੂਮਤ ਨੇ ਸਾਡੇ ਸਾਂਝੇ ਸੰਗਮ ਨੂੰ ਬਲ ਅਤੇ ਛਲ ਦੋਨੇ ਢੰਗਾਂ ਨਾਲ ਪਾੜ੍ਹਨ ਖਿੰਡਾਉਣ ਦੀ ਪੂਰੀ ਵਾਹ ਲਾਈ ਹੈ, ਪਰ ਸੂਝਵਾਨ ਲੀਡਰਸ਼ਿਪ ਅਤੇ ਪੰਜਾਬ ਤੋਂ ਚੱਲਕੇ ਮੁਲਕ ਪੱਧਰ ਤੱਕ ਪਸਾਰ ਕਰ ਚੁੱਕੇ ਕਿਸਾਨ/ਲੋਕ ਸੰਘਰਸ਼ ਨੇ ਸਿਦਕ, ਨਿਡਰਤਾ, ਸੰਜਮ, ਠਰੰਮੇ, ਜਾਬਤੇ ਨਾਲ ਟਾਕਰਾ ਕਰਕੇ ਪੜਾਛਣ ਵਿੱਚ ਸਫਲਤਾ ਵੀ ਹਾਸਲ ਕੀਤੀ ਹੈ ਅਤੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੌੜਾ ਘੁੱਟ ਭਰਨ ਲਈ ਮਜਬੂਰ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਚੱਲ ਰਹੇ ਇਸ ਕਿਸਾਨ ਅੰਦੋਲਨ ਨੇ ਮੁਲਕ ਦੀਆਂ ਹੱਦਾਂ ਬੰਨ੍ਹੇ ਟੱਪਕੇ ਸੰਸਾਰ ਪੱਧਰ ਦੇ ਜੂਝ ਰਹੇ ਕਿਰਤੀ ਕਿਸਾਨਾਂ ਸਮੇਤ ਹੋਰਨਾਂ ਤਬਕਿਆਂ ਲਈ ਨਵੀਂ ਆਸ ਦੀ ਕਿਰਨ ਪੈਦਾ ਕੀਤੀ ਹੈ।
    ਅੱਜ ਦਿੱਲੀ ਮੋਰਚੇ ਅਤੇ ਸਥਾਨਕ ਧਰਨਿਆਂ ਵਿੱਚ ਲਗਾਤਾਰ ਸ਼ਮੂਲੀਅਤ ਕਰਨ ਵਾਲੇ 670 ਤੋਂ ਵਧੇਰੇ ਸ਼ਹੀਦ ਹੋਏ ਯੋਧਿਆਂ, ਜਿਨ੍ਹਾਂ ਦੀ ਸ਼ਹਾਦਤ ਸਦਕਾ ਮੋਦੀ ਹਕੂਮਤ ਨੂੰ ਤਿੰਨੇ ਕਾਲੇ ਕਾਨੂੰਂ ਰੱਦ ਕਰਨ ਦਾ ਕੌੜਾ ਘੁੱਟ ਭਰਨਾ ਪਿਆ ਹੈ ਉਨ੍ਹਾਂ ਯੋਧਿਆਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਸ਼ਹੀਦ ਮਰਕੇ ਵੀ ਅਮਰ ਹੋ ਗਏ ਹਨ। ਆਉਣ ਵਾਲੀਆਂ ਪੀੜੀਆਂ ਵੀ ਇਨ੍ਹਾਂ ਸ਼ਹੀਦਾਂ ਦੀ ਕਰਬਾਨੀ ਨੂੰ ਯਾਦ ਰੱਖਣਗੀਆਂ। ਕਿਸਾਨ ਮੋਰਚੇ ਵਿੱਚ ਅੱਜ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਕੇ ਰਹਿੰਦੀਆਂ ਮੰਗਾਂ ਖਾਸ ਕਰ ਐੱਮਐੱਸਪੀ ਦਾ ਕਾਨੂੰਨ ਬਨਾਉਣ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਵਾਲਾ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!