
ਚੰਡੀਗੜ੍ਹ: ਉਘੇ ਪੰਜਾਬੀ ਕਹਾਣੀਕਾਰ ਸ਼੍ਰੀ ਮੋਹਨ ਭੰਡਾਰੀ ਦਾ ਅਜ ਉਨਾਂ ਦੇ ਨਿਵਾਸ ਸੈਕਟਰ 34 ਵਿਖੇ ਦਿਹਾਂਤ ਹੋ ਗਿਆ। ਸ਼੍ਰੀ ਭੰਡਾਰੀ ਦੀ ਸਾਹਿਤ ਸਿਰਜਣਾ ਨੂੰ ਸਲਾਮ ਕਰਦਿਆਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਕਲਾ ਪਰਿਸ਼ਦ ਪੰਜਾਬ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਮੋਹਨ ਭੰਡਾਰੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਭੰਡਾਰੀ ਜੀ ਦੀਆਂ ਕਹਾਣੀਆਂ ਪੰਜਾਬੀ ਸਾਹਿਤ ਦੀ ਪ੍ਰਾਪਤੀ ਹਨ। ਉਨਾ ਲੰਬਾ ਸਮਾਂ ਕਲਮ ਚਲਾਈ ਤੇ ਯਾਦਗਾਰੀ ਕਹਾਣੀਆਂ ਲਿਖੀਆਂ। ਡਾ ਪਾਤਰ ਨੇ ਆਖਿਆ ਕਿ ਭੰਡਾਰੀ ਜੀ ਪ੍ਰਪੱਕ ਸਾਹਿਤਕਾਰ ਹੋਣ ਦੇ ਨਾਲ ਨਾਲ ਮੋਹਵੰਤੇ ਮਨੁੱਖ ਸਨ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਜੀ ਞੇ ਆਖਿਆ ਕਿ ਮੋਹਨ ਭੰਡਾਰੀ ਦੀਆਂ ਰਚਿਤ ਕਹਾਣੀਆਂ, ਰੇਖਾ ਚਿਤਰਾਂ ਤੇ ਯਾਦਾਂ ਉਤੇ ਵਿਦਿਆਰਥੀ ਅੱਜ ਲੀ ਖੋਜ ਕਾਰਜ ਕਰ ਰਹੇ ਹਨ। ਪਰਿਸ਼ਦ ਦੇ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਮੋਹਨ ਭੰਡਾਰੀ ਬਾਰੇ ਕਿਹਾ ਕਿ ਭੰਡਾਰੀ ਜੀ ਦੀਆਂ ਚਰਚਿਤ ਕਹਾਣੀਆਂ ਉਪਰ ਦੂਰਦਰਸ਼ਨ ਕੇਂਦਰ ਜਲੰਧਰ ਵਲੋਂ ਫਿਲਮਾਂ ਵੀ ਬਣੀਆਂ। ਡਾ ਜੌਹਲ ਨੇ ਆਖਿਆ ਕਿ ਕਬੂਤਰ ਕਹਾਣੀ ਉਤੇ ਬਣੀ ਫਿਲਮ ਦਰਸ਼ਕਾਂ ਨੇ ਬਹੁਤ ਸਲਾਮੀ। ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਆਪਣੀਆਂ ਭੰਡਾਰੀ ਨਾਲ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨਾਂ ਭੰਡਾਰੀ ਦੇ ਪਰਮ ਮਿੱਤਰ ਕਹਾਣੀਕਾਰ ਰਘਬੀਰ ਢੰਡ ਵਲੋਂ ਭੰਡਾਰੀ ਨੂੰ ਲਿਖੇ ਖਤਾਂ ਦੀ ਕਿਤਾਬ ਦਾ ਸੰਪਾਦਨ ਕਰਨ ਦਾ ਮਾਣ ਪ੍ਰਾਪਤ ਹੋਇਆ ਸੀ ਤੇ ਮੋਹਨ ਭੰਡਾਰੀ ਦੀ ਸੰਗਤ ਵੀ ਉਨਾਂ ਨੇੜਿਓਂ ਮਾਣੀ ਸੀ। ਕਲਾ ਪਰਿਸ਼ਦ ਨੇ ਭੰਡਾਰੀ ਜੀ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।ਨਿੰਦਰ ਘੁਗਿਆਣਵੀਮੀਡੀਆ ਕੋਆਰਡੀਨੇਟਰ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ।