ਪਹਿਲੀ ਨਵੰਬਰ ਨੂੰ ਸਰਕਾਰ ਨਾਲ ਪੈਨਲ ਮੀਟਿੰਗ ਤੈਅ

ਮੋਰਿੰਡਾ (ਦਲਜੀਤ ਕੌਰ ਭਵਾਨੀਗੜ੍ਹ)ਅੱਜ ਹਜਾਰਾਂ ਬੇਜ਼ਮੀਨੇ ਮਜ਼ਦੂਰ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਿਲ ਸਨ ਨੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿਖੇ ਮਹਾਰਾਣਾ ਪ੍ਰਤਾਪ ਚੌਂਕ ਵਿੱਚ ਰੈਲੀ ਕੀਤੀ। ਮਜ਼ਦੂਰ ਜਥੇਬੰਦੀਆਂ ਦਾ ਐਲਾਨ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਵੱਲ ਰੋਹ ਭਰਭੂਰ ਮਾਰਚ ਕੀਤਾ ਜਾਵੇਗਾ ਪਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਸਰਕਾਰ ਨਾਲ ਪਹਿਲੀ ਨਵੰਬਰ ਦੀ ਪੈਨਲ ਮੀਟਿੰਗ ਦੀ ਲਿਖਤੀ ਚਿੱਠੀ ਸੌਂਪਣ ਕਾਰਨ ਜਥੇਬੰਦੀਆਂ ਨੇ ਰੋਸ ਮਾਰਚ ਮੁਲਤਵੀ ਕਰ ਦਿੱਤਾ ਗਿਆ। ਸੱਤ ਮਜ਼ਦੂਰ ਜਥੇਬੰਦੀਆਂ ਦੇ ਅਧਾਰਤ ਸਾਂਝੇ ਮੋਰਚੇ ਦੇ ਆਗੂਆਂ ਨੇ ਸੂਬਾ ਕਾਂਗਰਸ ਸਰਕਾਰ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਮਜਦੂਰ ਮੰਗਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਸਮਾਜ ਦੇ ਆਰਥਿਕ ਪੱਖੋਂ ਸਭ ਤੋਂ ਕਮਜੋਰ ਵਰਗ ਦੇ ਲੋਕਾਂ ਦਾ ਰੁਜਗਾਰ ਲਗਾਤਾਰ ਸੁੰਘੜਦਾ ਜਾ ਰਿਹਾ ਅਤੇ ਮਹਿੰਗਾਈ ਨਿੱਤ ਛਾਲਾਂ ਮਾਰਕੇ ਵਧ ਰਹੀ ਹੈ, ਪਰ ਸਰਕਾਰਾਂ ਇਨ੍ਹਾਂ ਕਮਜੋਰ ਵਰਗ ਦੇ ਲੋਕਾਂ ਨੂੰ ਸਿਰਫ ਲਾਰੇ ਲਾ ਰਹੀਆਂ ਹਨ ਤਾਂਕਿ ਚੋਣਾਂ ਵੇਲੇ ਦਲਿਤਾਂ ਦੀਆਂ ਵੋਟਾਂ ਹਥਿਆਈਆ ਜਾ ਸਕਣ। ਮਜ਼ਦੂਰ ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਐਲਾਨੀਆਂ ‘ਤੇ ਲਾਗੂ ਕੀਤੀਆਂ ਜਾ ਰਹੀਆਂ ਮਜ਼ਦੂਰ ਭਲਾਈ ਸਕੀਮਾਂ ਬੁਰੀ ਤਰ੍ਹਾ ਭਰਿਸ਼ਟਾਚਾਰ ਦੀਆਂ ਸ਼ਿਕਾਰ ਹਨ। ਮਜ਼ਦੂਰ ਆਗੂਆਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰਾਂ ਦੀ ਸਮੁੱਚੀ ਕਰਜ਼ਾ ਮਾਫ਼ੀ ਲਈ, ਰਿਹਾਇਸ਼ੀ ਪਲਾਟ ਲੈਣ ਲਈ, ਪੱਕੇ ਰੁਜਗਾਰ ਦੇ ਪ੍ਰਬੰਧ ਲਈ, ਸਰਵ ਜਨਕ ਵੰਡ ਨੂੰ ਸੰਚਾਰੂ ਬਣਾਉਣ ਲਈ, ਪੰਚਾਇਤੀ ਜ਼ਮੀਨਾਂ ‘ਚੋਂ ਤੀਜੇ ਹਿੱਸੇ ਦੀ ਜਮੀਨ ਲੈਣ ਲਈ ਅਤੇ ਸਮਾਜਿਕ ਅਤੇ ਸਰਕਾਰੀ ਜ਼ਬਰ ਨੂੰ ਨੱਥ ਪਾਉਣ ਵਰਗੇ ਮਸਲਿਆਂ ਲਈ ਜਥੇਬੰਦੀਆਂ ਲਗਾਤਾਰ ਸ਼ੰਘਰਸ਼ ਕਰ ਰਹੀਆਂ ਹਨ ਪਰ ਸੂਬਾ ਸਰਕਾਰ ਲਗਾਤਾਰ ਮਜਦੂਰ ਮੰਗਾਂ ਦੀ ਅਣਦੇਖੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸਰਕਾਰ ਵੱਲੋਂ ਐਲਾਨੀ ਰਿਹਾਇਸ਼ੀ ਪਲਾਟ ਦੇਣ ਦੀ ਸਕੀਮ ਸਿਆਸੀ ਗਲਬੇ ਹੇਠ ਹੈ। ਪਿੰਡਾਂ ਅੰਦਰ ਕਾਂਗਰਸ ਪਾਰਟੀ ਨਾਲ ਸੰਬੰਧਿਤ ਪੰਚਾਇਤਾਂ ਮਤੇ ਹੀ ਨਹੀਂ ਪਾ ਰਹੀ ਆਂ ਅਤੇ ਸਰਕਾਰ ਦੀ ਸਕੀਮ ਮੁਤਾਬਕ ਸਿਰਫ਼ ਇੱਕ ਫੀਸਦੀ ਲੋਕ ਹੀ ਪਲਾਟ ਹਾਸਿਲ ਕਰ ਸਕਣਗੇ ਬਾਕੀ ਦੇ ਨੱਬੇ ਫੀਸਦੀ ਲੋਕ ਇਸ ਸਕੀਮ ਤੋਂ ਵਾਂਝੇ ਰਹਿ ਜਾਣਗੇ। ਇਹੋ ਹਾਲ ਦੂਸਰੀਆਂ ਸਕੀਮਾਂ ਦਾ ਹੈ। ਰੈਲੀ ਨੂੰ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਤਰਸੇਮ ਪੀਟਰ, ਦਿਹਾਤੀ ਮਜਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਮਜਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਭਗਵੰਤ ਸਮਾਉਂ, ਪੰਜਾਬ ਖੇਤ ਮਜ਼ਦੂਰ ਸਭਾ ਸੂਬਾ ਸਕੱਤਰ ਦੇਵੀ ਕੁਮਾਰੀ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਧਰਮਪਾਲ ਨਮੋਲ ਅਤੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਲਖਵੀਰ ਲੋਂਗੋਵਾਲ ਤੋਂ ਇਲਾਵਾ ਹਰਮੇਸ਼ ਮਾਲੜੀ, ਬਲਦੇਵ ਨੂਰਪੁਰੀ, ਕੁਲਵੰਤ ਸੇਲਬ੍ਹਰਾ, ਪਿਆਰੇ ਲਾਲ, ਕਸ਼ਮੀਰ ਸਿੰਘ ਘੁੱਗਸ਼ੋਰ, ਬਲਵਿੰਦਰ ਜਲੂਰ ਅਤੇ ਮੰਗਾਂ ਸਿੰਘ ਵੈਰੋਕੇ ਆਦਿ ਨੇ ਵੀ ਆਪਣੇ ਸੰਬੋਧਨ ਵਿਚ ਕਿਹਾ ਕਿ ਆਉਂਦੇ ਦਿਨਾਂ ਵਿਚ ਸ਼ੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਹ ਮੌਕੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਬੀਤੇ ਕੱਲ੍ਹ ਟਿੱਕਰੀ ਬਾਡਰ ਦਿੱਲੀ ਵਿਖੇ ਟਿੱਪਰ ਹੇਠ ਦਰੜ੍ਹਨ ਕਾਰਨ ਸ਼ਹੀਦ ਹੋਈਆਂ ਖੀਵਾ ਦਿਆਲੂ ਵਾਲਾ ਮਾਨਸਾ ਦੀਆਂ ਕਿਸਾਨ ਬੀਬੀਆਂ ਨੂੰ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।