10.2 C
United Kingdom
Saturday, April 19, 2025

More

    ਗਲਾਸਗੋ: ਨਰਿੰਦਰ ਮੋਦੀ ਖਿਲਾਫ਼ 30 ਅਕਤੂਬਰ ਨੂੰ ਯੂਕੇ ਭਰ ‘ਚੋਂ ਪਹੁੰਚੇ ਲੋਕ ਕਰਨਗੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਕੋਪ 26 ਸੰਮੇਲਨ ਜਲਵਾਯੂ ਤਬਦੀਲੀ ਵਰਗੇ ਅਹਿਮ ਮਸਲੇ ‘ਤੇ ਵਿਚਾਰ ਵਟਾਂਦਰਾ ਕਰਨ ਤੇ ਭਵਿੱਖੀ ਨੀਤੀਆਂ ਤਿਆਰ ਕਰਨ ਲਈ ਹੋ ਰਿਹਾ ਹੈ। ਪਰ ਇਸ ਸਮੇਂਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਦੇਖਦਿਆਂ ਸਿੱਖ ਜਥੇਬੰਦੀਆਂ ਨੇ ਜ਼ਬਰਦਸਤ ਵਿਰੋਧ ਕਰਨ ਲਈ ਸਰਗਰਮੀਆਂ ਆਰੰਭ ਕਰ ਦਿੱਤੀਆਂ ਹਨ। ਇਸ ਵਾਰ ਨਰਿੰਦਰ ਮੋਦੀ ਨੂੰ ਸਿੱਖਾਂ ਤੋਂ ਇਲਾਵਾ ਭਾਰਤ ਦੀਆਂ ਵਸਨੀਕ ਸਮੁੱਚੀਆਂ ਘੱਟ ਗਿਣਤੀ ਕੌਮਾਂ, ਕਿਸਾਨ ਸਮਰੱਥਕਾਂ ਅਤੇ ਹਰ ਵਰਗ ਨਾਲ ਸਬੰਧਿਤ ਵਿਅਕਤੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਸਬੰਧੀ ਬਰਤਾਨਵੀ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂਕੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ 30 ਅਕਤੂਬਰ ਸਨਿੱਚਰਵਾਰ ਵਾਲੇ ਦਿਨ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਰੋਸ ਅਤੇ ਵਿਰੋਧ ਪ੍ਰਦਰਸ਼ਨ ਜਾਰਜ਼ ਸਕੁਏਅਰ ਗਲਾਸਗੋ ਵਿਖੇ 1 ਵਜੇ ਤੋਂ 3 ਵਜੇ ਤੱਕ ਕੀਤਾ ਜਾ ਰਿਹਾ ਹੈ। ਜਿਸ ਵਾਸਤੇ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਤੋਂ ਟਰਾਂਸਪੋਰਟ ਦਾ ਇੰਤਜ਼ਾਮ ਕੀਤਾ ਜਾਵੇਗਾ। ਐੱਫ ਐੱਸ ਓ ਦਾ ਕਹਿਣਾ ਹੈੈ ਕਿ “ਬਰਤਾਨੀਆ ਭਰ ਦੀਆਂ ਸਿੱਖ ਜਥੇਬੰਦੀਆਂ, ਸਿੱਖ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਮੋਦੀ ਦਾ ਡਟ ਕੇ ਵਿਰੋਧ ਕਰਦਿਆਂ ਉਸਦਾ ਸਿੱਖ ਵਿਰੋਧੀ, ਕਿਸਾਨ ਵਿਰੋਧੀ ਅਤੇ ਸਮੁੱਚੀਆਂ ਘੱਟ ਗਿਣਤੀਆਂ ਵਿਰੋਧੀ ਕਰੂਪ ਚਿਹਰਾ ਦੁਨੀਆ ਭਰ ਦੇ ਆਗੂਆਂ ਸਾਹਮਣੇ ਬੇਨਕਾਬ ਕੀਤਾ ਜਾਵੇਗਾ।” ਇਸ ਸਬੰਧੀ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂਕੇ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਭਾਈ ਦਵਿੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਚਰਨ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਰਜਿੰਦਰ ਸਿੰਘ ਚਿੱਟੀ, ਭਾਈ ਤਰਸੇਮ ਸਿੰਘ ਦਿਓਲ ਅਤੇ ਭਾਈ ਜੋਗਾ ਸਿੰਘ ਨੇ ਸ਼ਮੂਲੀਅਤ ਕੀਤੀ। ਯੂਕੇ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਅਤੇ ਸਿੱਖੀ ਸਰੂਪ ਵਾਲੇ ਵਿਅਕਤੀਆਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਕਿਸੇ ਝਾਂਸੇ ਵਿੱਚ ਆ ਕੇ ਨਰਿੰਦਰ ਮੋਦੀ ਨਾਲ ਪ੍ਰਤੱਖ ਅਤੇ ਗੁਪਤ ਮੀਟਿੰਗਾਂ ਨਾ ਕੀਤੀਆਂ ਜਾਣ। ਅਜਿਹਾ ਕਰਨਾ ਸਿੱਖ ਕੌਮ ਨਾਲ ਵੱਡੀ ਬੇਵਫਾਈ ਹੋਵੇਗੀ। ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ‘ਤੇ ਹਿੰਦੂਤਵੀਆਂ ਵੱਲੋਂ ਸਰਕਾਰੀ ਅਤੇ ਗੈਰ-ਸਰਕਾਰੀ ਅਤਿਆਚਾਰਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਯੂਕੇ ਵਿੱਚ ਵਸਦੇ ਖਾਲਿਸਤਾਨੀਆਂ, ਕਿਸਾਨ ਸਮਰਥਕ, ਕਸ਼ਮੀਰ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਸਮੇਤ ਭਾਜਪਾ ਦੀਆਂ ਮਾਰੂ ਨੀਤੀਆਂ ਤੋਂ ਪ੍ਰਭਾਵਿਤ ਹਰ ਭਾਈਚਾਰੇ, ਹਰ ਵਿਅਕਤੀ ਅਤੇ ਸੰਸਥਾ ਨੂੰ ਇਸ ਫਿਰਕਾਪ੍ਰਸਤ ਮੁਤੱਸਵੀ ਜਮਾਤ ਆਰ ਐੱਸ ਐੱਸ ਐੱਸ ਖਿਲਾਫ ਜੱਦੋ-ਜਹਿਦ ਕਰਨ ਦੀ ਜ਼ਰੂਰਤ ਹੈ। ਇਹਨਾਂ ਸਮੁੱਚੀਆਂ ਸੰਸਥਾਵਾਂ, ਅਦਾਰਿਆਂ ਅਤੇ ਵੱਖ ਵੱਖ ਭਾਈਚਾਰਿਆਂ ਨਾਲ ਸੰਪਰਕ ਕੀਤਾ ਜਾਵੇਗਾ। ਭਾਜਪਾ ਇਸ ਦਾ ਸਿਆਸੀ ਵਿੰਗ ਹੈ ਜਿਸ ਨੇ ਧਰਮ ਦੇ ਨਾਮ ‘ਤੇ ਫਿਰਕਾਪ੍ਰਸਤੀ ਫੈਲਾਈ ਅਤੇ ਰਾਜ ਸੱਤਾ ਹਾਸਲ ਕੀਤੀ। ਕਿਸਾਨਾਂ ਅਤੇ ਮਜ਼ਦੂਰਾਂ ਨੂੰ ਘਸਿਆਰੇ ਬਣਾਉਣ ਵਾਸਤੇ 3 ਕਾਲੇ ਕਨੂੰਨ ਹੋਂਦ ਵਿੱਚ ਲਿਆਂਦੇ ਜਿਹਨਾਂ ਨੂੰ ਰੱਦ ਕਰਵਾਉਣ ਵਾਸਤੇ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ 10 ਮਹੀਨਿਆਂ ਤੋਂ ਧਰਨੇ ਲਗਾ ਕੇ ਬੈਠੇ ਹਨ। ਪਰ ਭਾਜਪਾ ਸਰਕਾਰ ਵੱਲੋਂ ਕਿਸਾਨ ਮਾਰੂ 3 ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ। ਜਦ ਕਿ ਇਸ ਕਿਸਾਨੀ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨ ਅਕਾਲ ਚਲਾਣਾ ਕਰ ਚੁੱਕੇ ਹਨ। ਇਸ ਵਿਸ਼ਾਲ ਰੋਸ ਪ੍ਰਦਰਸ਼ਨ ਸੰਬੰਧੀ ਪੰਜ ਦਰਿਆ ਨਾਲ ਗੱਲਬਾਤ ਦੌਰਾਨ ਸੰਸਥਾ ਇਤਿਹਾਸ ਯੂਕੇ ਦੇ ਬੁਲਾਰੇ ਹਰਪਾਲ ਸਿੰਘ ਤੇ ਸਾਥੀਆਂ ਨੇ ਕਿਹਾ ਕਿ ਗਲਾਸਗੋ ਦੀ ਸੰਗਤ ਵੱਲੋਂ ਯੂਕੇ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਪਹੁੰਚਣ ਵਾਲੀਆਂ ਪ੍ਰਦਰਸ਼ਨਕਾਰੀ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਉਹਨਾਂ ਗਲਾਸਗੋ ਵਸਦੇ ਹਰ ਇਨਸਾਫਪਸੰਦ ਨਾਗਰਿਕ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!