6.9 C
United Kingdom
Thursday, April 17, 2025

More

    ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਖਰੜ-ਚੰਡੀਗੜ੍ਹ ਹਾਈਵੇਅ ਜਾਮ; ਸਿੱਖਿਆ ਮੰਤਰੀ ਨਾਲ ਮੀਟਿੰਗ ਜਾਰੀ

    ਖਰੜ (ਦਲਜੀਤ ਕੌਰ ਭਵਾਨੀਗੜ੍ਹ) ਪਿਛਲੇ ਲੰਮੇਂ ਸਮੇਂ ਤੋਂ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਦਿੱਤੇ ਸੂਬਾ ਪੱਧਰੀ ਸੱਦੇ ਤਹਿਤ ਪੰਜਾਬ ਭਰ ਵਿੱਚੋਂ ਹਜ਼ਾਰਾਂ ਈਟੀਟੀ ਟੈੱਟ ਪਾਸ ਅਧਿਆਪਕ ਅੱਜ ਟੈਂਕੀ ਹੇਠਾਂ ਦੇਸੂਮਾਜਰਾ ਵਿਖੇ ਇਕੱਠੇ ਹੋਏ।  ਇਸ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਹੱਲ ਨਾ ਕਰਨ ਦੇ ਰੋਸ ਵਜੋਂ ਚੰਡੀਗੜ੍ਹ ਖਰੜ ਹਾਈਵੇਅ ਜਾਮ ਕੀਤਾ ਗਿਆ। ਉਧਰ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ 5ਵੇਂ ਦਿਨ ਵੀ ਪਰਮ ਫ਼ਾਜ਼ਿਲਕਾ ਤੇ ਅਮਨ ਫ਼ਾਜ਼ਿਲਕਾ ਟੈਂਕੀ ਦੇ ਉੱਪਰ ਡਟੇ ਰਹੇ। ਇਸ ਮੌਕੇ ਰੋਸ਼ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ, ਨਿਰਮਲ ਜ਼ੀਰਾ, ਕੁਲਦੀਪ ਖੋਖਰ,ਸ਼ਲਿੰਦਰ ਕੰਬੋਜ਼, ਰਾਜਸੁਖਵਿੰਦਰ ਗੁਰਦਾਸਪੁਰ, ਮਨੀ ਸੰਗਰੂਰ, ਬਲਵਿੰਦਰ ਕਾਕਾ ਲਵਪ੍ਰੀਤ ਬਠਿੰਡਾ, ਡਾ. ਪਰਵਿੰਦਰ ਜਲਾਲਾਬਾਦ ਤੇ ਸੁਰਿੰਦਰਪਾਲ ਗੁਰਦਾਸਪੁਰ ਤੇ ਗੁਰਪ੍ਰੀਤ ਫਾਜ਼ਿਲਕਾ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਈਟੀਟੀ ਦੀਆਂ ਭਰਤੀ ਦਾ ਇਸ਼ਤਿਹਾਰ ਜਾਰੀ ਕਰਵਾਉਣ ਲਈ ਡਾਂਗਾਂ ਖਾਣੀਆਂ ਪਈਆਂ, ਨਹਿਰਾਂ ਚ ਛਾਲਾਂ ਮਾਰੀਆਂ, ਮਰਨ ਵਰਤ ਰੱਖਿਆ ਮਜ਼ਬੂਰਨ ਟੈਂਕੀ ਅਤੇ ਟਾਵਰਾਂ ਦੇ ਉੱਪਰ ਚੜ੍ਹਨ ਤੱਕ ਦੀ ਨੌਬਤ ਆਈ, ਪਰ ਹੁਣ ਸਰਕਾਰ ਜਾਣਬੁੱਝ ਕੇ ਇਨ੍ਹਾਂ ਅਸਾਮੀਆਂ ਦੀ ਭਰਤੀ ਕਰਨ ਲਈ ਦੇਰੀ ਕਰ ਰਹੀ ਹੈ।
    ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2364 ਈਟੀਟੀ ਅਧਿਆਪਕਾਂ ਦੀ ਪਹਿਲਾਂ ਹੀ ਭਰਤੀ ਪੂਰੀ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਕਿ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ 2364 ਸਿਲੈਕਟਡ ਉਮੀਦਵਾਰਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿਚ ਡਬਲਿੰਗ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। 
    ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ 2364 ਈਟੀਟੀ ਅਧਿਆਪਕਾਂ ਦੀ ਭਰਤੀ ਪਹਿਲਾਂ ਪੂਰੀ ਕਰੇ ਤਾਂ ਜ਼ੋ ਇਹ ਡਬਲਿੰਗ ਨਾ ਹੋਵੇ। ਇਸ ਸੰਬੰਧੀ ਕੋਈ ਵੀ ਪੁਖਤਾ ਕਾਨੂੰਨ ਬਣਾਇਆ ਜਾਵੇ ਤਾਂ ਕਿ ਹਜ਼ਾਰਾਂ ਹੋਰ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਮਿਲੇ।  ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਲਦੀ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਉਪਰ ਕੋਈ ਠੋਸ ਹੱਲ ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਹੋਰ ਤਿੱਖੇ ਐਕਸ਼ਨ ਕੀਤੇ ਜਾਣਗੇ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ। ਜ਼ਿਕਰਯੋਗ ਹੈ ਕਿ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਸਾਢੇ ਚਾਰ ਸਾਲ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 2364 ਅਤੇ 6635 ਪ੍ਰਾਇਮਰੀ ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ ਜਿਨ੍ਹਾਂ ਵਿੱਚੋਂ 2364 ਈਟੀਟੀ ਦੀਆਂ ਅਸਾਮੀਆਂ ਵਿੱਚ ਵੱਖ-ਵੱਖ ਸੋਧਾਂ ਕਰ ਬਾਹਰੀ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ, ਸਰਕਾਰ ਦੀਆਂ ਬਾਹਰੀ ਉਮੀਦਵਾਰਾਂ ਨੂੰ ਈਟੀਟੀ ਭਰਤੀ ਵਿਚ ਬਰਾਬਰ ਵਿਚਰਾਨ ਵਾਲੀਆਂ ਨੀਤੀਆਂ ਕਾਰਨ ਅਧਿਆਪਕਾਂ ਦੀ ਇਹ ਭਰਤੀ ਹਾਲੇ ਤੱਕ ਲਮਕ ਰਹੀ ਹੈ।
    ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਮੰਗਾਂ:- 
    1) 2364 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਨਿਰੋਲ ਈ.ਟੀ.ਟੀ ਸਲੈਕਟਡ ਉਮੀਦਵਾਰਾਂ ਨੂੰ ਭਰਤੀ ਕੀਤਾ ਜਾਵੇ।
    2) 6635 ਈਟੀਟੀ ਅਧਿਆਪਕਾਂ ਦੀ ਭਰਤੀ ਨੂੰ ਜਲਦ ਪੂਰਾ ਕੀਤਾ ਜਾਵੇ।
    3) ਉਮਰ ਹੱਦ ਪਾਰ ਕਰ ਚੁੱਕੇ ਉਮੀਦਵਾਰਾਂ 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੇ ਵਿੱਚ ਉਮਰ ਦੀ ਛੋਟ ਦਿੱਤੀ ਜਾਵੇ।
    4) 4000 ਨਵੀਂ ਭਰਤੀ ਤੇ ਐੱਸਸੀ ਬੈਕਲੌਗ ਦੀਆਂ ਈਟੀਟੀ ਦੀਆਂ ਅਸਾਮੀਆਂ ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ 6635 ‘ਚ ਜੋੜੀਆਂ ਜਾਣ।
    5) 2364 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਵਿੱਚ ਸਿਲੈਕਟ ਹੋ ਚੁੱਕੇ ਉਮੀਦਵਾਰਾਂ 6635 ਦੀਆਂ ਅਸਾਮੀਆਂ ‘ਚ ਦੁਬਾਰਾ ਮੌਕਾ ਨਾ ਦਿੱਤਾ ਜਾਵੇ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!