10.2 C
United Kingdom
Saturday, April 19, 2025

More

    ਨਰਮੇ ਦੀ ਤਬਾਹੀ: ਕਿਸਾਨਾਂ ਨੇ ਦਫਤਰਾਂ ’ਚ ਬੰਦੀ ਬਣਾਏ ਸਰਕਾਰੀ ਅਫਸਰ

    ਬਠਿੰਡਾ (ਅਸ਼ੋਕ ਵਰਮਾ) ਪੰਜਾਬ ਪੁਲਿਸ ਦੀਆਂ ਖੁਫੀਆ ਏਜੰਸੀਆਂ ਦੇ ਅੱਖੀਂ ਘੱਟਾ ਪਾਕੇ ਹਜਾਰਾਂ ਦੀ ਤਾਦਾਦ ’ਚ ਕਿਸਾਨਾਂ ਨੇ ਕਪਾਹ ਪੱਟੀ ’ਚ ਨਰਮੇ ਦੀ ਤਬਾਹੀ ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਸੁਣਵਾਈ ਨਾਂ ਕਰਨ ਕਾਰਨ ਅੱਜ ਮਿੰਨੀ ਸਕੱਤਰੇਤ ਬਠਿੰਡਾ ਦੇ ਸਾਰੇ ਗੇਟਾਂ ਤੇ ਕਬਜਾ ਕਰਕੇ ਅਫਸਰਾਂ ਅਤੇ ਹੋਰ ਅਮਲੇ ਨੂੰ ਬੰਦੀ ਬਣਾ ਲਿਆ। ਹਾਲਾਂਕਿ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਘਿਰਾਓ ਖਤਮ ਕਰਵਾਉਣ ਦਾ ਯਤਨ ਕੀਤਾ ਪਰ ਕਿਸਾਨ ਟੱਸ ਤੋਂ ਮੱਸ ਨਹੀਂ ਹੋਏ ਅਤੇ ਆਖਰੀ ਖਬਰਾਂ ਲਿਖੇ ਜਾਣ ਤੱਕ ਘਿਰਾਓ ਜਾਰੀ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿਛਲੇ ਦਿਨੀ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸ਼ਨ ਨੂੰ ਇਸ ਸਬੰਧ ’ਚ ਅਲਟੀਮੇਟਮ ਦਿੱਤਾ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਂ ਮੰਨੀਆਂ ਤਾਂ ਜੱਥੇਬੰਦੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਦਾ ਘਿਰਾਓ ਕਰੇਗੀ। ਕਿਸਾਨ ਜੱਥੇਬੰਦੀ ਨੇ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰਦਿਆਂ ਐਤਵਾਰ ਨੂੰ ਗੁਰਦਵਾਰਾ ਹਾਜੀ ਰਤਨ ’ਚ ਮੀਟਿੰਗ ਕਰਕੇ ਘਿਰਾਓ ਬਾਰੇ ਰਣਨੀਤੀ ਵੀ ਘੜੀ ਸੀ ਜਿਸ ਬਾਰੇ ਵੀ ਸੂਹੀਆ ਏਜੰਸੀਆਂ ਵੀ ਪੈੜ ਨਾਂ ਨੱਪ ਸਕੀਆਂ। ਵੱਡੀ ਗੱਲ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਕਿਸਾਨਾਂ ਦੇ ਧਰਨੇ ਦੀ ਤਾਂ ਪੂਰੀ ਪੂਰੀ ਜਾਣਕਾਰੀ ਸੀ ਪਰ ਐਨੇ ਵੱਡੇ ਐਕਸ਼ਨ ਦੀ ਸੂਹ ਲਾਉਣ ’ਚ ਅੱਜ ਵੀ ਪੰਜਾਬ ਦੀ ਸੀ ਆਈ ਡੀ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰਾਂ ਨਾਕਾਮ ਰਹੀਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਰ ਮੋਰਚੇ ਵੇਲੇ ਜੱਥੇਬੰਦੀ ਲੰਗਰ ਅਤੇ ਚਾਹ ਪਾਣੀ ਬਨਾਉਣ ਲਈ ਤਿਆਰੀ ਕਰਦੀ ਹੈ ਪਰ ਅੱਜ ਦੇ ਘਿਰਾਓ ਤੱਕ ਭਜਨ ਪਕਾਉਣ ਵਾਲਾ ਥਾਂ ਬਿਲਕੁਲ ਸੁੰਨਾ ਪਿਆ ਸੀ। ਇਸ ਦਾ ਕਾਰਨ ਜਾਨਣ ’ਚ ਵੀ ਪੁਲਿਸ ਅਫਸਰ ਅਸਫਲ ਰਹੇ ਜਦੋਂਕਿ ਚਾਹ ਪਾਣੀ ਤੇ ਲੰਗਰ ਮੁਢਲੀ ਜਰੂਰਤ ਹੁੰਦਾ ਹੈ। ਉਂਜ ਕਿਸਾਨ ਮੋਰਚੇ ਨੂੰ ਦੇਖਦਿਆਂ ਜਿਲ੍ਹਾ ਪੁਲਿਸ ਨੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅਤੇ ਐਸ ਐਸ ਪੀ ਦੇ ਦਫਤਰ ਵੱਲ ਜਾਣ ਵਾਲੀ ਸੜਕ ਦੇ ਨਾਲ ਨਾਲ ਬਾਕੀ ਸੜਕਾਂ ਤੇ ਬੈਰੀਕੇਡਿਗ ਕੀਤੀ ਹੋਈ ਸੀ। ਸੁਰੱਖਿਆ ਦੇ ਪੱਖ ਤੋੋਂ ਪੁਲਿਸ ਦੀ ਵੱਡੀ ਨਫਰੀ ਅਤੇ ਕਿਸੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਜਲ ਤੋਪ ਵੀ ਤਾਇਨਾਤ ਕੀਤੀ ਹੋਈ ਸੀ। ਇਸੇ ਦੌਰਾਨ ਪੰਜ ਜਿਲਿ੍ਹਆਂ ਨਾਲ ਸਬੰਧਤ ਹਜਾਰਾਂ ਕਿਸਾਨ ਵੱਖ ਵੱਖ ਸੜਕਾਂ ਰਾਹੀਂ ਬਠਿੰਡਾ ਦੇ ਸਰਕਟ ਹਾਊਸ ਲਾਗੇ ਪੁੱਜ ਗਏ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਇਸ ਮੌਕੇ ਕਿਸਾਨ ਆਗੂਆਂ ਨੇ ਲਾਊਡ ਸਪੀਕਰ ਰਾਹੀਂ ਮਿੰਨੀ ਸਕੱਤਰੇਤ ਦੇ ਸਮੂਹ ਗੇਟ ਘੇਰਨ ਦਾ ਐਲਾਨ ਕਰ ਦਿੱਤਾ ਤਾਂ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੌਕੇ ਤੇ ਹਾਜਰ ਇੱਕ ਡੀਐਸਪੀ ਨੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ।
     ਇਸ ਮੌਕੇ ਕੁਝ ਪੁਲਿਸ ਅਧਿਕਰੀਆਂ ਨੇ ਕਿਸਾਨ ਆਗੂਆਂ ਨੂੰ ਰਾਜੀ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕਿਸਾਨਾਂ ਦੇ ਹਜੂਮ ਨੇ ਜੱਥੇਬੰਦੀ ਦੇ ਜਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ,ਮੋਠੂ ਸਿੰਘ ਕੋਟੜਾ, ਜਸਬੀਰ ਸਿੰਘ ਬੁਰਜਸੇਮਾਂ, ਮਾਨਸਾ ਜਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਆਦਿ ਆਗੂਆਂ ਦੀ ਅਗਵਾਈ ’ਚ  ਹੱਲਾ ਬੋਲਿਆ ਅਤੇ ਬੈਰੀਕੇਡ ਹਟਾਉਣ ਉਪਰੰਤ ਮਿੰਨੀ ਸਕੱਤਰੇਤ ਦੇ ਗੇਟਾਂ ਤੇ ਕਬਜਾ ਕਰ ਲਿਆ। ਇਸ ਮੌਕੇ ਸਰਕਾਰੀ ਦਫਤਰਾਂ ’ਚ ਕੰਮਕਾਜ ਲਈ ਗਏ ਲੋਕਾਂ ਨੇ ਕੰਧਾਂ ਟੱਪਕੇ ਖੁਦ ਨੂੰ ਬਾਹਰ ਕੱਢਿਆ। ਇਸੇ ਤਰਾਂ ਹੀ ਅੰਦਰ ਫਸੇ ਸੁਰੱਖਿਆ ਅਮਲੇ ਨੇ ਵੀ ਇਹੋ ਰਸਤਾ ਅਪਣਾਇਆ। ਕਿਸਾਨੀ ਰੋਹ ਨੂੰ ਦੇਖਦਿਆਂ ਪੁਲਿਸ ਨੇ ਵੀ ਸਭ ਰਾਹ ਖਾਲੀ ਕਰ ਦਿੱਤੇ। ਮੰਨਿਆ ਜਾ ਰਿਹਾ ਹੈ ਕਿ ਉੱਪਰੋਂ ਆਏ ਹੁਕਮਾਂ ਤਹਿਤ ਪੁਲਿਸ ਨੇ ਪਾਸਾ ਵੱਟਿਆ ਹੈ। ਸਰਕਾਰ ਨੂੰ ਇਹ ਚਿੰਤਾ ਹੈ ਕਿ ਜੇਕਰ ਕਿਸਾਨਾਂ ਤੇ ਸਖਤੀ ਦਿਖਾਈ ਤਾਂ ਉਨ੍ਹਾਂ ਦੀ ਸਿਆਸੀ ਫਸਲ ਨੂੰ ਗੁਲਾਬੀ ਸੁੰਡੀ ਚੱਟ ਕਰ ਸਕਦੀ ਹੈ। ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਕਈ ਭੀਖ ਨਹੀਂ ਮੰਗ ਰਹੇ ਬਲਕਿ ਆਪਣਾ ਹੱਕ ਮੰਗਣ ਆਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਗੱਲਬਾਤ ਰਾਹੀਂ ਮਸਲਾ ਨਿਬੇੜਨ ਦੇ ਰੌਂਅ ਵਿੱਚ ਸਨ ਪਰ ਖੁਦ ਨੂੰ ਕਿਸਾਨੀ ਦਾ ਸਭ ਤੋਂ ਵੱਡਾ ਹਿਤੈਸ਼ ਦਰਸਾਉਣ ਲਈ ਲੱਖਾਂ ਰੁਪਏ ਇਸ਼ਤਿਹਾਰਾਂ ਤੇ ਫੂਕਣ ਵਾਲੀ ਪੰਜਾਬ ਸਰਕਾਰ ਦੇ ਵਤੀਰੇ ਨੇ ਉਨ੍ਹਾਂ ਨੂੰ ਇਸ ਐਕਸ਼ਨ ਵਾਸਤੇ ਮਜਬੂਰ ਕੀਤਾ ਹੈ। ਆਗੂਆਂ ਨੇ ਆਖਿਆ ਕਿ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸਾਡਾ ਮਕਸਦ ਨਹੀਂ ਪਰ ਪੰਜਾਬ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਸਕੱਤਰੇਤ ਦਾ ਘਿਰਾਓ ਕਰਨਾ ਪਿਆ ਹੈ।
     
    ਕਿਸਾਨਾਂ ਨੂੰ ਤਿੰਨ ਹਜ਼ਾਰ ਕਰੋੜ ਦਾ ਰਗੜਾ

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ  ਜੱਥੇਬੰਦੀ ਨੇ ਗੁਲਾਬੀ ਸੁੰਡੀ ,ਭਾਰੀ ਮੀਂਹ  ਜਾਂ ਹੋਰ ਕਿਸੇ ਕੁਦਰਤੀ ਆਫਤਾਂ ਕਰਕੇ ਨਰਮੇ ਦੀ ਫਸਲ ਅਤੇ  ਖ਼ਰਾਬੇ ਦਾ ਮੁਆਵਜ਼ਾ ਪ੍ਰਤੀ ਏਕੜ ਮੌਕੇ ਤੇ ਕਾਸ਼ਤਕਾਰ ਕਿਸਾਨਾਂ ਨੂੰ  60 ਹਜਾਰ ਰੁਪਏ , ਮਜਦੂਰਾਂ ਨੂੰ ਚੁਗਾਈ ਦੇ ਖੁੱਸੇ ਰੁਜਗਾਰ ਦਾ ਮੁਆਵਜਾ 30 ਹਜਾਰ ਰੁਪਏ  ਪ੍ਰਤੀ ਪਰਿਵਾਰ ਦੇਣ, ਨਕਲੀ ਕੀਟਨਾਸ਼ਕ ਦਵਾਈਆਂ ਤੇ ਨਕਲੀ ਬੀਜ ਵੇਚਣ ਤੇ ਬਣਾਉਣ ਵਾਲੀਆਂ ਕੰਪਨੀਆਂ ਅਤੇ ਸਬੰਧਤ ਅਧਿਕਾਰੀਆਂ ਤੇ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨਰਮੇ ਲਈ ਗੁਲਾਬੀ ਸੁੰਡੀ ਕਾਲ ਬਣ ਕੇ ਟੱਕਰੀ ਹੈ ਅਤੇ ਕਿਸਾਨ 3ਹਜਾਰ ਕਰੋੜ ਦੇ ਰਗੜੇ ਹੇਠ ਆ ਗਏ ਹਨ ਇਸ ਲਈ ਸਰਕਾਰ ਫੌਰੀ ਮੁਆਵਜਾ ਜਾਰੀ ਕਰੇ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!