ਅੱਜ ਕਾਮਰੇਡ ਲੈਨਿਨ ਜੀ ਦੇ ਜਨਮ ਦਿਨ ਤੇ ਲੋਕ ਕਵੀ ਸੰਤ ਰਾਮ ਉਦਾਸੀ ਜੀ ਜੀ ਕਵਿਤਾ ਰਾਹੀਂ ਸਲਾਮ ਕਰਦਾ ਹਾਂ ।
ਸੰਤ ਰਾਮ ਉਦਾਸੀ
ਤੇਰੇ ਪਿੰਡ ਵਿੱਚ ਭੁੱਖੀ ਮਰਦੀ ਨਾ ਵੇਖੀ ਵੇ ਮੈਂ,
ਕਿਸੇ ਬੱਚੜੂ ਦੀ ਅੰਨ੍ਹੀ ਮਾਂ।
ਮੇਰੇ ਪਿੰਡ ਵਿੱਚ ਕੋਈ ਕਾਮਿਆਂ ਦੇ ਪਿੰਡਿਆਂ ਤੋਂ ,
ਆਰਾਂ ਦਾ ਵੀ ਲਹੂ ਪੂੰਝਦੇ ਨਾ।
ਤੇਰੇ ਪਿੰਡ ਬਾਜ ਵੀ ਬਟੇਰਿਆਂ ਦੀ ਡਾਰ ਮੂਹਰੇ,
ਹਾਰ ਗੋਡੇ ਟੇਕਿਆ ਕਰੇ।
ਮੇਰੇ ਪਿੰਡ ਅੱਗ ਵੇ ਮਚਾ ਕੇ ਸੁਹਲ ਕਲੀਆਂ ਦੀ,
ਸੱਥ ਸਾਰੀ ਸੇਕਿਆ ਕਰੇ।
ਮੇਰੇ ਪਿੰਡ ਸਾਰੇ ਹੀ ਕਸਾਈ ਰਾਜੇ ਵਸਦੇ ਤੇ,
ਕੁੱਤੇ ਹੈ ਮੁਕੱਦਮਾਂ ਦਾ ਨਾਂ।
ਸੱਜਣਾ!ਸੂਹਾ ਸੂਹਾ ਤੇਰਾ ਵੇ ਗਰਾਂ।

ਤੇਰੇ ਪਿੰਡ ਵਿੱਚ ਰੱਬ,
ਖੇਤਾਂ ਦਿਆਂ ਬੱਚਿਆਂ ‘ਤੇ,
ਪਾਹਰੂ ਬਣ ਭੌਂ ਜਾਇਆ ਕਰੇ।
ਮੇਰੇ ਪਿੰਡ ਬੋਹਲਾਂ ਦੇ ਵਿਚਾਲਾਂ ਟੋਲਾ ਕਾਮਿਆਂ ਦਾ,
ਭੁੱਖਿਆਂ ਹੀ ਸੌਂ ਜਾਇਆ ਕਰੇ।
ਮੇਰੇ ਪਿੰਡ ਕਲਾ ਦਿਆਂ ਬੁਲਾਂ ‘ਤੇ ਮਲਾਰ ਭਾਵੇਂ,
ਢਿੱਡ ਵਿੱਚੋਂ ਤੇ ਸਰਾਂ।
ਸੱਜਣਾ!ਸੂਹਾ ਸੂਹਾ ਤੇਰਾ ਵੇ ਗਰਾਂ।
ਤੇਰੇ ਪਿੰਡ ਇੱਕ ਦੇ ਜੇ ਸੂਲ ਚੁੱਭੇ,ਸਾਰਾ ਪਿੰਡ ਡਾਹਢਾ ਚਮਲਾਇਆ ਵੇ ਕਰੇ।
ਮੇਰੇ ਪਿੰਡ ਪਿੰਡਿਆਂ ‘ਤੇ ਲਾਸਾਂ ਵੇਖ ਰੱਬ ਨੂੰ ਵੀ,
ਭੋਰਾ ਚੀਸ ਜਾਇਆ ਨਾ ਕਰੇ ।
ਤਾਹੀਓਂ ਮੇਰੇ ਪਿੰਡ ਛਿੜੇ ਖੂਨ ਦਿਆਂ ਸੁਹਲਿਆਂ ‘ਚ,
ਰੱਤ ਦਾ ਮੈਂ ਕੁੰਗੂੰ ਵੇ ਰਲਾਂ।
ਸੱਜਣਾ! ਸੂਹਾ ਸੂਹਾ ਤੇਰਾ ਵੇ ਗਰਾਂ।