ਲੰਡਨ (ਮਨਦੀਪ ਖੁੁੁੁੁਰਮੀ/ਪੰਜ ਦਰਿਆ ਬਿਊਰੋ)

ਬਰਤਾਨੀਆ ਵਿੱਚ ਪਹਿਲੇ ਸਿੱਖ ਦਸਤਾਰਧਾਰੀ ਪਾਰਲੀਮੈਂਟ ਮੈਂਬਰ ਵਜੋਂ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਤਨਮਨਜੀਤ ਸਿੰਘ ਢੇਸੀ ਨੂੰ ਸਾਲ ਦੇ ਬਿਹਤਰੀਨ ‘ਨਿਊਕਮਰ ਸਾਂਸਦ’ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਪੈਚਵਰਕ ਫਾਊਂਡੇਸ਼ਨ ਵਲੋਂ ਪਿਛਲੇ ਨੌੰ ਸਾਲਾਂ ਤੋਂ ਹਰ ਸਾਲ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸੰਸਦ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਵਾਰ ਸਾਬਕਾ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੂੰ ‘ਐਮ. ਪੀ. ਆਫ਼ ਦਾ ਯੀਅਰ’ ਅਤੇ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੂੰ ‘ਨਿਊਕਮਰ ਆਫ਼ ਦਾ ਯੀਅਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਐਮ. ਪੀ. ਤਨਮਨਜੀਤ ਸਿੰਘ ਢੇਸੀ ਨੂੰ ਇਹ ਪੁਰਸਕਾਰ ਉਨ੍ਹਾਂ ਦੇ ਨਫਰਤੀ ਅਪਰਾਧਾਂ ਨੂੰ ਰੋਕਣ ਅਤੇ ਭਾਈਚਾਰਕ ਸੇਵਾਵਾਂ ਲਈ ਕੀਤੇ ਕੰਮਾਂ ਲਈ ਦਿੱਤਾ ਗਿਆ ਹੈ। ਤਨਮਨਜੀਤ ਸਿੰਘ ਢੇਸੀ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਦੇਸ਼ ਦੇ ਲੋਕਾਂ ਦੀਆਂ ਆਸਾਂ ਉਮੀਦਾਂ ‘ਤੇ ਖ਼ਰਾ ਉੱਤਰਨ ਲਈ ਹੋਰ ਵਧੇਰੇ ਮਿਹਨਤ ਕਰਨ। ਉਹਨਾਂ ਸਮੂਹ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਹੈ। ਅਦਾਰਾ “ਪੰਜ ਦਰਿਆ” ਵੀ ਉਹਨਾਂ ਨੂੰ ਮਿਲੇ ਸਨਮਾਨ ਦੀ ਹਾਰਦਿਕ ਵਧਾਈ ਪੇਸ਼ ਕਰਦਾ ਹੈ।