ਵਿਆਹ ਅਸਲੀ ਹੋਇਆ ਹੈ ਵੀ ਸਾਬਿਤ ਕਰਨ ਦਾ ਰਹਿੰਦਾ ਸੀ ਰੇੜਕਾ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਹੁਣ ਇਸ ਗੱਲ ਦੀ ਸਮਝ ਪੈ ਗਈ ਹੈ ਕਿ ਭਾਰਤੀਆਂ ਜਾਂ ਸਾਊਥ ਏਸ਼ੀਅਨ ਭਾਈਚਾਰੇ ਵਿਚ ਸਭਿਆਚਾਰ ਅਧਾਰਿਤ ‘ਅਰੈਂਜ਼ਡ ਮੈਰਿਜ਼’ (ਕਲਚਰਲੀ ਅਰੈਂਜਡ ਮੈਰਿਜ਼) ਕੀ ਹੁੰਦੀ ਹੈ, ਇਸਦਾ ਖੁਲਾਸਾ ਸਾਊਥ ਏਸ਼ੀਅਨ ਕਮਿਊਨਿਟੀ ਲੀਡਰਜ਼ ਗਰੁੱਪ ਤੋਂ ਸ੍ਰੀ ਸੰਨੀ ਕੌਸ਼ਿਲ ਨੇ ਅੱਜ ਮੀਡੀਆ ਰਿਲੀਜ਼ ਵਿਚ ਕੀਤਾ ਹੈ। ਨਵੀਂ ਨੀਤੀ ਬਾਅਦ ਲਗਦਾ ਹੈ ਕਿ ਵਿਚੋਲਿਆਂ ਦੀ ਵਿਚੋਲਗੀ ਪ੍ਰਵਾਨ ਜਲਦੀ ਚੜ੍ਹ ਜਾਇਆ ਕਰੇਗੀ ਅਤੇ ਵਿਆਹਾਂ ਨੂੰ ਅਸਲੀ ਸਾਬਿਤ ਕਰਨ ਵਾਸਤੇ ਕਾਫੀ ਕੁਝ ਸਾਡੇ ਰਸਮੋ-ਰਿਵਾਜ਼ ਹੀ ਬਿਆਨ ਕਰ ਜਾਇਆ ਕਰਨਗੇ। ਕਾਰਨ ਇਹ ਵੀ ਹੁੰਦਾ ਸੀ ਕਿ ਇਮੀਗ੍ਰੇਸ਼ਨ ਇਸ ਗੱਲ ਉਤੇ ਬਹੁਤ ਵਾਰ ਅੜੀ ਰਹਿੰਦੀ ਸੀ ਕਿ ਵਿਆਹ ਤੋਂ ਬਾਅਦ ਲਾੜਾ-ਲਾੜੀ ਲੰਬਾ ਸਮਾਂ (ਇਕ ਸਾਲ ਤੱਕ) ਇਕੱਠਿਆਂ ਬਿਤਾਉਣ ਤਾਂ ਕਿ ਸਿੱਧ ਹੋ ਸਕੇ ਕਿ ਇਹ ਵਿਆਹੇ ਹੇਏ ਹਨ। ਵਿਜ਼ਟਰ ਵੀਜ਼ਾ ਵੀ ਕਾਫੀ ਲੰਬੇ ਸਮੇਂ ਬਾਅਦ ਕਈ ਕੇਸਾਂ ਵਿਚ ਦਿੱਤਾ ਜਾਂਦਾ ਸੀ। ਹੁਣ ਇਹ ਸ਼ਰਤ ਚੁੱਕ ਦਿੱਤੀ ਗਈ ਹੈ ਅਤੇ ਵਿਜ਼ਟਰ ਵੀਜਾ ਜਲਦੀ ਲੱਗਿਆ ਕਰੇਗਾ। ਇਸ ਵਿਜ਼ਟਰ ਵੀਜੇ ਵਾਲੇ ਨੂੰ ਸਰਹੱਦ ਬੰਦ ਹੋਣ ਵਾਲੀ ਸ਼ਰਤ ਅਧੀਨ ਵੀ ਆਉਣ ਤੋਂ ਨਹੀਂ ਰੋਕਿਆ ਜਾਵੇਗਾ। ਸ੍ਰੀ ਸੰਨੀ ਕੌਸ਼ਿਲ ਨੇ ਕਿਹਾ ਕਿ 7 ਅਕਤੂਬਰ ਨੂੰ ਇਮੀਗ੍ਰੇਸ਼ਨ ਦੇ ਨਾਲ ਜ਼ੂਮ ਮੀਟਿੰਗ ਦੇ ਵਿਚ ਇਹ ਫੈਸਲਾ ਹੋਇਆ ਹੈ। ਸਾਡੇ ਸਮਾਜ ਦੀ ਅਤੇ ਸਭਿਆਚਾਰ ਰਵਾਨਗੀ ਦੀ ਇਹ ਬਹੁਤ ਲੰਬੀ ਲੜਾਈ ਸੀ ਪਰ ਉਹ ਖੁਸ਼ ਹਨ ਕਿ ਇਮੀਗ੍ਰੇਸ਼ਨ ਨੇ ਉਨ੍ਹਾਂ ਦੀਆਂ ਸਭਿਆਚਾਰਕ ਕਦਰਾਂ-ਕੀਮਤਾਂ ਨੂੰ ਸਮਝਦਿਆਂ ਆਪਣੀ ਕਠੋਰ ਨੀਤੀ ਬਦਲੀ ਹੈ। ਜੇਕਰ ਕੋਈ ਵਿਆਹ ਕਰਾ ਚੁੱਕਾ ਹੈ ਜਾਂ ਫਿਰ ਨਿਊਜ਼ੀਲੈਂਡ ਦੇ ਵਿਚ ਹੀ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਆਉਣ ਵਾਲੇ ਜੀਵਨ ਸਾਥੀ ਨੂੰ ਪਹਿਲਾਂ ਤਿੰਨ ਮਹੀਨੇ ਦਾ ਵਿਜ਼ਟਰ ਵੀਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੇ ਇਕੱਠਿਆਂ ਰਹਿਣ ਦੇ ਸਮੇਂ ਅਤੇ ਵਿਵਹਾਰ ਨੂੰ ਇਥੇ ਵਿਚਾਰਿਆ ਜਾ ਸਕੇਗਾ। ਬਾਕੀ ਪਾਰਟਨਰ ਸ਼ਿੱਪ ਵੀਜ਼ਾ ਸ਼ੇ੍ਰਣੀ ਵਾਸਤੇ ਵੀ ਕਈ ਰਾਹ ਖੁੱਲ੍ਹੇ ਰਹਿਣਗੇ। ਸਭਿਆਚਾਰ ਅਧਾਰਿਤ ਵਿਆਹਾਂ ਨੂੰ ਦਰਸਾਉਣ ਵਾਸਤੇ ਇਮੀਗ੍ਰੇਸ਼ਨ ਠੋਸ ਸਬੂਤਾਂ ਦੀ ਮੰਗ ਕਰੇਗੀ। ਪਰਿਵਾਰਕ ਮੈਂਬਰਾਂ ਨਾਲ ਗੱਲਬਾਤ, ਚਿੱਠੀ ਪੱਤਰ ਅਤੇ ਹੋਰ ਰਿਸ਼ਤੇ ਦਰਸਾਉਂਦੀਆਂ ਗੱਲਾਂ ਦੀ ਮੰਗ ਹੋ ਸਕਦੀ ਹੈ। ਵਿਜ਼ਟਰ ਵੀਜੇ ਬਾਅਦ 6 ਮਹੀਨੇ ਦਾ ਸਮਾਂ ਮਿਲੇਗਾ ਤਾਂ ਕਿ ਜੀਵਨ ਸਾਥੀ ਇਥੇ ਆਉਣ ਵਾਸਤੇ ਹਵਾਈ ਅਤੇ ਹੋਰ ਪ੍ਰਬੰਧ ਜਿਵੇਂ ਐਮ. ਆਈ. ਕਿਊ ਆਦਿ ਕਰ ਸਕਣ। ਸੰਨੀ ਕੌਸ਼ਿਲ ਨੇ ਕਿਹਾ ਕਿ ਇਹ ਬਦਲਾਅ ਭਾਰਤੀ, ਪਾਕਿਸਤਾਨੀ, ਨੇਪਾਲੀ, ਅਫਗਾਨੀ, ਬੰਗਲਾਦੇਸ਼ੀ ਅਤੇ ਸ੍ਰੀਲੰਕਨ ਭਾਈਚਾਰੇ ਲਈ ਬਹੁਤ ਹੀ ਖੁਸ਼ੀ ਵੰਡਣ ਵਾਲੇ ਹਨ, ਇਸ ਸਬੰਧੀ 2019 ਤੋਂ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੇ ਵਿਚ 843 ਸਭਿਆਚਾਰ ਅਧਾਰ ਵਾਲੀਆਂ ਅਰਜ਼ੀਆਂ ਲੱਗੀਆਂ ਸਨ ਪਰ ਸਿਰਫ 264 ਲੋਕਾਂ ਨੂੰ ਵੀ ਵੀਜ਼ਾ ਮਿਲ ਸਕਿਆ। 2020-21 ਦੇ ਵਿਚ 157 ਅਰਜ਼ੀਆਂ ਰੱਦ ਹੋਈਆਂ ਅਤੇ 92 ਨੂੰ ਪ੍ਰਵਾਨਗੀ ਮਿਲੀ ਸੀ, ਸੋ ਬਹੁਤੀਆਂ ਅਰਜ਼ੀਆਂ ਨੂੰ ਨਾਂਹ ਹੀ ਹੁੰਦੀ ਸੀ। ਨਵੇਂ ਬਦਲਾਅ ਲਾਗੂ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਸਭਿਆਚਾਰ ਅਧਾਰਿਤ ਵਿਆਹਾਂ ਨੂੰ ਸਮਝਦਿਆਂ ਵੀਜ਼ਾ ਦੇਣ ਲਈ ਜਲਦੀ ਫੈਸਲਾ ਲਵੇਗੀ ਤਾਂ ਬਹੁਤ ਸਾਰੇ ਪ੍ਰਵਾਸੀ ਲੋਕ ਆਪਣੇ ਪਰਿਵਾਰਾਂ ਨੂੰ ਇਥੇ ਬੁਲਾ ਕੇ ਜਿੱਥੇ ਜਿਆਦਾ ਸਮਾਂ ਕੰਮ ਕਰ ਸਕਣਗੇ ਉਥੇ ਦੇਸ਼ ਦੀ ਆਰਥਿਕਤਾ ਦੇ ਵਿਚ ਵੀ ਸਹਿਯੋਗ ਰਹੇਗਾ।

